ਫ਼ਰੀਦਕੋਟ: ਵਿਦਿਅਕ ਸ਼ੈਸ਼ਨ 2018-19 ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੇ ਸਰਦ ਰੁੱਤ ਦਾ ਪੂਰਾ ਸੀਜ਼ਨ ਸਰਕਾਰ ਵਲੋਂ ਮਿਲਣ ਵਾਲੀਆਂ ਸਕੂਲੀ ਵਰਦੀਆਂ ਦੀ ਉਡੀਕ ਵਿਚ ਲੰਘਾ ਦਿੱਤਾ। ਹੁਣ ਸੈਸ਼ਨ ਪੂਰਾ ਹੋਣ 'ਤੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਜੋ ਵਰਦੀ ਭੇਜੀ ਹੈ ਉਹ ਸਰਦ ਰੁੱਤ ਵਾਲੀ ਹੈ। ਹੁਣ ਗਰਮੀਆਂ ਸ਼ੁਰੂ ਹੋ ਗਈਆਂ ਹਨ, ਵਰਦੀਆਂ ਦੀ ਕੁਆਲਿਟੀ ਅਤੇ ਸਾਈਜ਼ ਵੀ ਕਥਿਤ ਸਹੀ ਨਹੀਂ ਹੈ।
ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਜੈਤੋਂ ਅਧੀਨ ਪੈਂਦੇ ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਪੜ੍ਹਦੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵਿੱਦਿਅਕ ਸੈਸ਼ਨ 2018-19 ਦੀਆਂ ਵਰਦੀਆਂ ਦਿੱਤੀਆਂ ਜਾ ਰਹੀਆਂ ਹਨ, ਜੋ ਕਈ ਸਕੂਲਾਂ ਵਿਚ ਪਹੁੰਚ ਚੁੱਕੀਆਂ ਹਨ। ਇਸ ਸਬੰਧੀ ਸਾਡੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜੈਤੋਂ ਵਿਚ ਜਾ ਕੇ ਵੇਖਿਆ ਤਾਂ ਇਸ ਸਕੂਲ ਵਿਚ ਪਹੁੰਚੀਆਂ ਵਰਦੀਆਂ ਬਾਰੇ ਪਤਾ ਚਲਿਆ ਕਿ ਇਹ ਵਰਦੀਆਂ ਵਿਦਿਅਕ ਸ਼ੈਸ਼ਨ 2018-19 ਲਈ ਆਈਆਂ ਹਨ, ਜੋ ਕਿ ਖ਼ਤਮ ਹੋ ਚੁੱਕਾ ਹੈ।
ਇਨ੍ਹਾਂ ਹੀ ਨਹੀਂ ਇਹ ਸਰਦ ਰੁੱਤ ਦੀਆਂ ਵਰਦੀਆਂ ਹਨ, ਜਿਨਾਂ ਵਿਚ ਲੜਕੀਆਂ ਲਈ ਸਲਵਾਰ ਕਮੀਜ਼, ਦੁੱਪਟਾ, ਬੂਟ, ਜੁਰਾਬਾਂ, ਕੋਟੀ ਅਤੇ ਲੜਕੀਆਂ ਲਈ ਪੈਂਟ-ਸ਼ਰਟ, ਬੂਟ, ਜਰਾਬਾਂ, ਪਟਕਾ ਜਾਂ ਗਰਮ ਟੋਪੀ ਅਤੇ ਕੋਟੀ ਸ਼ਾਮਲ ਹਨ। ਇਸ ਦੀ ਤਸਦੀਕ ਸਕੂਲ ਦੇ ਪ੍ਰਿੰਸੀਪਲ ਇਕਬਾਲ ਸਿੰਘ ਨੇ ਕੀਤੀ। ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਪੜ੍ਹਦੇ 240 ਦੇ ਕਰੀਬ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਸਕੂਲ ਵਿਚ ਵਰਦੀਆਂ ਆਈਆਂ ਹਨ।
ਉਂਧਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਸਰਵ ਸਿੱਖਿਆ ਅਭਿਆਨ ਤਹਿਤ ਪਹਿਲੀ ਤੋਂ ਅਠਵੀਂ ਜਮਾਤ ਤੱਕ ਦੇ ਸਕੂਲੀ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਵਰਦੀਆਂ ਵੱਧੀਆਂ ਕੁਆਲਟੀ ਦੀਆਂ ਹਨ। ਗਰਮ ਰੁੱਤ ਦੀਆਂ ਵਰਦੀਆਂ ਦਿੱਤੇ ਜਾਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਵਰਦੀਆਂ ਜੋ ਦਿਤੀਆਂ ਜਾ ਰਹੀਆਂ ਹਨ ਉਹ ਗਰਮ ਰੁੱਤ ਦੀਆਂ ਨਹੀਂ ਹਨ ਸਗੋਂ ਇਨ੍ਹਾਂ ਨਾਲ ਕੋਟੀਆਂ ਵਾਧੂ ਦਿਤੀਆਂ ਗਈਆਂ ਹਨ ਤਾਂ ਕਿ ਅਗਲੇ ਸੀਜ਼ਨ ਵਿਚ ਕੰਮ ਆ ਸਕਣ।