ਫ਼ਰੀਦਕੋਟ: ਸੋਮਵਾਰ ਨੂੰ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ 4 ਸਾਲ ਪੂਰੇ ਹੋ ਗਏ ਹਨ ਪਰ ਅਜੇ ਵੀ ਪੀੜਤਾਂ ਦੇ ਜ਼ਖਮ ਭਰੇ ਨਹੀਂ ਹਨ। ਉਨ੍ਹਾਂ ਨੂੰ ਹੁਣ ਤੱਕ ਵੀ ਇਨਸਾਫ਼ ਨਹੀਂ ਮਿਲਿਆ ਹੈ। ਇਸੇ ਦੇ ਵਿਰੋਧ ਵਿੱਚ ਸੋਮਵਾਰ ਨੂੰ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਵਿਚ ਭਾਈ ਹਰਜਿੰਦਰ ਸਿੰਘ ਮਾਂਝੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਉਥੇ ਹੀ ਬਰਗਾੜੀ ਦੇ ਸਟੇਡੀਅਮ ਵਿਚ ਸਿੱਖ ਜਥੇਬੰਦੀਆਂ ਅਤੇ ਬਹਿਬਲਕਲਾਂ ਗੋਲੀਕਾਂਡ ਵਿਚ ਮਾਰੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰ ਵਲੋਂ ਸ਼ਹੀਦੀ ਸਮਾਗਮ ਕੀਤਾ ਜਾਵੇਗਾ ਅਤੇ ਰੋਸ ਵਜੋਂ ਕਾਲਾ ਦਿਵਸ ਮਨਾਇਆ ਜਾਵੇਗਾ। ਇਸ ਵਿਚ ਸੁਖਪਾਲ ਸਿੰਘ ਖਹਿਰਾ ਵਲੋਂ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ ਜਾਵੇਗੀ ਅਤੇ ਬਰਗਾੜੀ ਮੋਰਚੇ ਦੇ ਭਾਈ ਬਲਜੀਤ ਸਿੰਘ ਦਾਦੂਵਾਲ ਵੀ ਇਸ ਸਮਾਗਮ ਵਿਚ ਸ਼ਿਰਕਤ ਕਰਨਗੇ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਸਿਮਰਨਜੀਤ ਸਿੰਘ ਮਾਨ ਅਤੇ ਬਰਗਾੜੀ ਮੋਰਚੇ ਦੇ ਮੁਖੀ ਰਹੇ ਭਾਈ ਧਿਆਨ ਸਿੰਘ ਮੰਡ ਪਿੰਡ ਬਹਿਬਲਕਲਾਂ ਵਿਖੇ ਗੁਰਦੁਆਰਾ ਟਿੱਬੀ ਸਾਹਿਬ ਵਿੱਚ ਆਪਣੇ ਸਮਰਥਕਾਂ ਸਣੇ ਸ਼ਹੀਦੀ ਸਮਾਗਮ ਕਰਨਗੇ।
ਜ਼ਿਕਰਯੋਗ ਹੈ ਕਿ ਜੂਨ 2015 ਵਿੱਚ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। 14 ਅਕਤੂਬਰ 2015 ਨੂੰ ਬੇਅਦਬੀ ਵਿਰੁੱਧ ਮੁਜ਼ਾਹਰਾ ਕਰ ਰਹੇ ਲੋਕਾਂ ਉੱਤੇ ਪੁਲਿਸ ਵੱਲੋਂ ਗੋਲੀ ਚਲਾਈ ਗਈ ਸੀ ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ। ਪੀੜਤ ਪਰਿਵਾਰ ਇਨਸਾਫ਼ ਦੀ ਮੰਗ ਕਰ ਰਹੇ ਹਨ ਪਰ ਇਹ ਮਾਮਲਾ ਅੱਜ ਵੀ ਨਹੀਂ ਸੁਲਝਿਆ ਤੇ ਨਾਂ ਹੀ ਪੀੜਤਾਂ ਨੂੰ ਇਨਸਾਫ਼ ਮਿਲਿਆ ਹੈ।