ਚੰਡੀਗੜ੍ਹ: ਯੂਥ ਅਕਾਲੀ ਦਲ ਦੇ ਵੱਲੋਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਅਮਰਿੰਦਰ ਸਿੰਘ ਦਾ ਅਤੇ ਸਾਰੇ ਕਾਂਗਰਸੀ ਮੰਤਰੀਆਂ ਦਾ ਵੀ ਘਿਰਾਓ ਕੀਤਾ ਜਾਵੇਗਾ। ਯੂਥ ਅਕਾਲੀ ਦਲ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸੰਘਰਸ਼ ਦੇ ਪਹਿਲੇ ਪੜਾਅ ਵਿੱਚ ਜਦੋਂ ਵੀ ਮੁੱਖ ਮੰਤਰੀ ਆਪਣੇ ਫ਼ਾਰਮ ਹਾਊਸ ਵਿਚੋਂ ਬਾਹਰ ਨਿਕਲਣਗੇ ਅਤੇ ਪੰਜਾਬ ਦਾ ਦੌਰਾ ਕਰਨਗੇ, ਯੂਥ ਅਕਾਲੀ ਦਲ ਦੇ ਮੈਂਬਰ ਮੁੱਖ ਮੰਤਰੀ ਦਾ ਘਿਰਾਓ ਕਰਨਗੇ।
ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਕੈਪਟਨ ਅਤੇ ਕਾਂਗਰਸੀਆਂ ਨੂੰ ਨੌਜਵਾਨਾਂ ਅਤੇ ਸੂਬੇ ਦੇ ਲੋਕਾਂ ਨਾਲ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕੀਤੇ ਆਪਣੇ ਸਾਰੇ ਵਾਅਦੇ ਚੇਤੇ ਕਰਵਾਏਗਾ। ਇਸ ਮਗਰੋਂ ਕਾਂਗਰਸ ਦੇ ਮੰਤਰੀਆਂ ਦਾ ਉਦੋਂ ਘਿਰਾਓ ਕਰਾਂਗੇ, ਜਦੋਂ ਉਹ ਆਪਣੇ ਘਰਾਂ ਵਿਚੋਂ ਬਾਹਰ ਨਿਕਲਣਗੇ।
ਰੋਮਾਣਾ ਨੇ ਕਿਹਾ ਕਿ ਯੂਥ ਅਕਾਲੀ ਦਲ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ ਕਿਉਂਕਿ ਸੱਤਾ ਵਿੱਚ ਆਉਣ ਦੇ ਚਾਰ ਸਾਲ ਬੀਤਣ ’ਤੇ ਵੀ ਕਾਂਗਰਸ ਸਰਕਾਰ ਨੇ ਨੌਜਵਾਨਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਨੌਜਵਾਨਾਂ ਨਾਲ ਘਰ-ਘਰ ਨੌਕਰੀ ਸਕੀਮ ਤਹਿਤ ਹਰ ਘਰ ਵਿੱਚ ਇੱਕ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਇਸ ਸਕੀਮ ਤਹਿਤ ਸੂਬੇ ਦੇ ਹਰ ਘਰ ਵਿੱਚ ਇੱਕ ਨੌਕਰੀ ਦੇ ਹਿਸਾਬ ਨਾਲ 52 ਲੱਖ ਨੌਕਰੀਆਂ ਦੀ ਸਿਰਜਣਾ ਹੋਣੀ ਸੀ। ਪਰ ਕਾਂਗਰਸ ਸਰਕਾਰ ਇਸ਼ਤਿਹਾਰਾਂ ਰਾਹੀਂ ਨੌਜਵਾਨਾਂ ਨੂੰ ਅਗਲੇ ਮਹੀਨੇ 90 ਹਜ਼ਾਰ ਨੌਕਰੀਆਂ ਦੇਣ ਦਾ ਵਾਅਦਾ ਕਰ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੀ ਹੈ।
ਪਿਛਲੇ ਚਾਰ ਸਾਲਾਂ ਵਿੱਚ ਨੌਜਵਾਨਾਂ ਨੂੰ ਨਾ ਤਾਂ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਤੇ ਨਾ ਹੀ ਕੀਤੇ ਵਾਅਦੇ ਅਨੁਸਾਰ ਹਰ ਮਹੀਨੇ 2500 ਰੁਪਏ ਬੇਰੋਜ਼ਗਾਰੀ ਭੱਤਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਹਰਾ ਟਰੈਕਟਰ ਸਕੀਮ ਤਹਿਤ ਨੌਜਵਾਨਾਂ ਨੂੰ ਸੌਖੀਆਂ ਕਿਸ਼ਤਾਂ ’ਤੇ ਟਰੈਕਟਰ ਦਿੱਤੇ ਜਾਣਗੇ। ਨੌਜਵਾਨਾਂ ਨੂੰ ਯਾਰੀ ਐਂਟਰਪ੍ਰਾਇਜਿਜ਼ ਸਕੀਮ ਤਹਿਤ 30 ਫੀਸਦੀ ਸਬਸਿਡੀ ’ਤੇ 5 ਲੱਖ ਰੁਪਏ ਦੇ ਕਰਜ਼ੇ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ। ਜੋ ਕਿ ਹਾਲੇ ਤੱਕ ਵੀ ਲਾਗੂ ਨਹੀਂ ਹੋਏ।