ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿਚ ਕਣਕ ਦੀ ਨਿਰਵਿਘਨ ਤੇ ਸੁਚਾਰੂ ਖਰੀਦ ਲਈ ਕੀਤੇ ਜਾ ਰਹੇ ਵਿਸਥਾਰਤ ਪ੍ਰਬੰਧਾਂ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕਾਂ ਲਿਆ ਦਿੱਤੀਆਂ ਹਨ ਕਿਉਂਕਿ ਉਨ੍ਹਾਂ ਦੀ ਫਸਲ ਕੁਝ ਘੰਟਿਆਂ ਦੇ ਅੰਦਰ-ਅੰਦਰ ਹੀ ਖਰੀਦ ਕੀਤੀ ਜਾ ਰਹੀ ਹੈ।
ਚੱਲ ਰਹੇ ਖਰੀਦ ਸੀਜ਼ਨ ਵਿੱਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਠੋਸ ਯਤਨਾਂ ਦੀ ਸ਼ਲਾਘਾ ਕਰਦਿਆਂ, ਮੰਡੀਆਂ ਵਿੱਚ ਆਪਣੀ ਕਣਕ ਲੈ ਕੇ ਆਏ ਕਿਸਾਨਾਂ ਨੇ ਪੂਰੀ ਤਸੱਲੀ ਪ੍ਰਗਟ ਕੀਤੀ ਹੈ।
ਪਾਇਲ ਅਨਾਜ ਮੰਡੀ ਵਿੱਚ ਪਹੁੰਚੇ ਪਿੰਡ ਦੁਧਾਲ ਦੇ ਕਿਸਾਨ ਰਾਜਪਾਲ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਮੰਡੀ ਵਿੱਚ 180 ਕੁਇੰਟਲ ਕਣਕ ਲੈ ਕੇ ਆਇਆ ਸੀ। ਉਸਨੇ ਕਿਹਾ ਕਿ ਉਹ ਆਪਣੀ ਫਸਲ ਦੀ ਤੁਰੰਤ ਖਰੀਦ ਕਰਕੇ ਹੈਰਾਨ ਸੀ ਅਤੇ ਸਿਰਫ ਤਿੰਨ ਘੰਟਿਆਂ ਵਿੱਚ ਹੀ ਉਸਦਾ ਕੰਮ ਨਿਬੜ ਗਿਆ। ਕਿਸਾਨ ਰਾਜਪਾਲ ਸਿੰਘ ਨੇ ਕਿਹਾ ਕਿ ਖਰੀਦ ਕਾਰਜਾਂ ਦੌਰਾਨ ਸਮਾਜਿਕ ਦੂਰੀ ਅਤੇ ਮਾਸਕ ਪਾਉਣਾ ਵੀ ਸਖਤੀ ਨਾਲ ਯਕੀਨੀ ਬਣਾਇਆ ਜਾ ਰਿਹਾ ਹੈ।
ਇਸੇ ਤਰ੍ਹਾਂ ਪਿੰਡ ਮਾਲੋ ਦੌਦ ਦੇ ਕਿਸਾਨ ਮਨਜੀਤ ਸਿੰਘ ਅਤੇ ਪਿੰਡ ਸੀਹਾਂ ਦੌਦ ਦੇ ਕਿਸਾਨ ਸੁਰਿੰਦਰ ਸਿੰਘ ਜੋ ਸੀਹਾਂ ਦੌਦ ਦੀ ਦਾਣਾ ਮੰਡੀ ਵਿੱਚ ਆਏ ਸਨ ਨੇ ਦੱਸਿਆ ਕਿ ਉਹ ਅੱਜ ਸਵੇਰੇ ਮੰਡੀ ਵਿੱਚ ਕ੍ਰਮਵਾਰ 200 ਕੁਇੰਟਲ ਅਤੇ 150 ਕੁਇੰਟਲ ਦਾਣੇ ਲੈ ਕੇ ਆਏ ਸਨ ਅਤੇ ਏਜੰਸੀ ਦੁਆਰਾ ਉਨ੍ਹਾਂ ਦੀ ਫਸਲ ਤੁਰੰਤ ਖਰੀਦ ਕਰ ਲਈ ਗਈ। ਉਨ੍ਹਾਂ ਫਸਲ ਦੀ ਤੁਰੰਤ ਖਰੀਦ ਨੂੰ ਯਕੀਨੀ ਬਣਾ ਕੇ ਉਨ੍ਹਾਂ ਦੀ ਸਹੂਲਤ ਲਈ ਅਜਿਹਾ ਪ੍ਰਭਾਵਸ਼ਾਲੀ ਢਾਂਚਾ ਲਾਉਣ ਲਈ ਪੰਜਾਬਾ ਸਰਕਾਰ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਈਸਾਈ ਧਰਮ ਦੇ ਚੱਲਦੇ ਪ੍ਰੋਗਰਾਮ ਦੌਰਾਨ ਸ਼ਰਾਰਤੀ ਅੰਨਸਰਾਂ ਨੇ ਕੀਤਾ ਹਮਲਾ