ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਰਿਹਾਈ ਦਾ ਸਸਪੈਂਸ ਟੁੱਟਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਮੁੱਦੇ ਉੱਤੇ ਸਿਆਸਤ ਵੀ ਖੂਬ ਹੋਈ ਹੈ ਤੇ ਨਵਜੋਤ ਸਿੱਧੂ ਦੇ 26 ਜਨਵਰੀ ਨੂੰ ਰਿਹਾਈ ਵਾਲੇ ਪੋਸਟਰਾਂ ਨੇ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਪਰ ਨਵਜੋਤ ਸਿੱਧੂ ਅਸਲ ਕਦੋਂ ਬਾਹਰ ਆਉਣਗੇ, ਇਹ ਹਾਲੇ ਵੀ ਕਿਸੇ ਨੂੰ ਪੂਰਾ ਪਤਾ ਨਹੀਂ ਹੈ।
ਕੈਬਨਿਟ ਦੀ ਮੀਟਿੰਗ ਵਿੱਚ ਰਿਹਾਈ ਬਾਰੇ ਕੋਈ ਚਰਚਾ ਨਹੀਂ: ਸੂਤਰਾ ਦੇ ਹਵਾਲੇ ਨਾਲ ਇਹ ਵੀ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਪੰਜ ਕੈਦੀਆਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਰਹੀ ਹੈ ਪਰ ਸ਼ੁੱਕਰਵਾਰ ਨੂੰ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਨਵਜੋਤ ਸਿੱਧੂ ਦੀ ਰਿਹਾਈ ਬਾਰੇ ਕੋਈ ਚਰਚਾ ਨਹੀਂ ਹੋਈ। ਦੂਜੇ ਪਾਸੇ ਨਾ ਹੀ ਨਵਜੋਤ ਸਿੱਧੂ ਦੀ ਰਿਹਾਈ ਬਾਰੇ ਵਿਚਾਰ ਕਰਨ ਦੀ ਕੋਈ ਫਾਈਲ ਸੀਐੱਮ ਅੱਗੇ ਰੱਖੀ ਗਈ ਹੈ। ਇਹ ਵੀ ਚੇਤੇ ਰਹੇ ਕਿ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮੌਕੇ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਜੇਲ੍ਹ ਵਿਭਾਗ ਨੇ 51 ਕੈਦੀਆਂ ਦੀ ਸੂਚੀ ਤਿਆਰ ਕੀਤੀ ਸੀ, ਜਿਸ ਵਿੱਚੋਂ ਸਿਰਫ਼ ਤਿੰਨ ਕੈਦੀਆਂ ਨੂੰ ਹੀ ਇਸ ਨਿਯਮ ਤਹਿਤ ਰਿਹਾਈ ਲਈ ਮਨਜ਼ੂਰੀ ਦਿੱਤੀ ਗਈ ਸੀ। ਇਹੀ ਫਾਇਲ ਰਾਜਪਾਲ ਨੂੰ ਭੇਜੀ ਗਈ ਸੀ।
ਇਨ੍ਹਾਂ ਨੂੰ ਮਿਲੀ ਛੋਟ: ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਮੌਕੇ ਜਿਨ੍ਹਾਂ ਤਿੰਨ ਕੈਦੀਆਂ ਨੂੰ ਰਿਹਾਅ ਕਰਨ ਦੀ ਮਨਜ਼ੂਰੀ ਦਿੱਤੀ ਗਈ, ਉਨ੍ਹਾਂ ਵਿੱਚੋਂ ਸਿਰਫ਼ ਲਖਬੀਰ ਸਿੰਘ, ਰਵਿੰਦਰ ਸਿੰਘ ਅਤੇ ਤਸਪ੍ਰੀਤ ਸਿੰਘ ਨੂੰ ਹੀ ਬਿਨ੍ਹਾਂ ਦੇਰੀ ਰਿਹਾਈ ਦੀ ਛੋਟ ਮਿਲੀ ਹੈ। ਅਨਿਰੁਧ ਮੰਡਲ ਅਤੇ ਸ਼ੰਭੂ ਮੰਡਲ ਨਾਂ ਦੇ ਦੋ ਹੋਰ ਕੈਦੀਆਂ ਨੂੰ ਵੀ ਸੂਬਾ ਸਰਕਾਰ ਜੇਲ੍ਹ ਵਿਭਾਗ ਦੇ ਨਿਯਮਾਂ ਅਨੁਸਾਰ ਵਿਸ਼ੇਸ਼ ਛੋਟ ਤਹਿਤ ਰਿਹਾਈ ਦੀ ਰਿਆਇਤ ਵਾਲੀ ਸੂਚੀ ਵਿੱਚ ਪਾ ਚੁੱਕੇ ਹਨ।
ਇਹ ਵੀ ਪੜ੍ਹੋ: Robotic Surgery in Bathinda: ਬਠਿੰਡੇ ਵਾਲਿਆਂ ਦੇ ਗੋਡਿਆਂ ਦਾ ਹੁਣ ਰੋਬੋਟ ਕਰੇਗਾ ਇਲਾਜ਼, ਪੜ੍ਹੋ ਕੌਣ ਦੇ ਰਿਹਾ ਇਹ ਸਹੂਲਤ
ਸਿੱਧੂ ਦਾ ਨਾਂ ਕਿਉਂ ਨਹੀਂ: ਜੋ ਸੂਚੀ ਜਾਰੀ ਹੋਈ ਹੈ ਇਸ ਸਭ ਵਿੱਚ ਸਿੱਧੂ ਦਾ ਨਾਂ ਕਿਤੇ ਵੀ ਨਹੀਂ ਆ ਰਿਹਾ। ਸਿੱਧੂ ਨੂੰ 34 ਸਾਲ ਪੁਰਾਣੇ ਰੋਡ ਰੇਜ ਕੇਸ ਵਿੱਚ ਸੁਪਰੀਮ ਕੋਰਟ ਨੇ 19 ਮਈ 2022 ਨੂੰ ਇੱਕ ਸਾਲ ਤਹਿਤ ਕੈਦ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਨਿਯਮਾਂ ਮੁਤਾਬਕ ਸਿੱਧ ਨੂੰ ਅਪ੍ਰੈਲ 'ਚ ਹੀ ਰਿਲੀਜ਼ ਕੀਤਾ ਜਾਵੇਗਾ। ਨਵਜੋਤ ਸਿੰਘ ਸਿੱਧੂ ਨੂੰ ਆਪਣੀ ਸਜ਼ਾ ਦੀ ਨਿਰਧਾਰਤ ਮਿਤੀ 20 ਮਈ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਅਪ੍ਰੈਲ ਵਿੱਚ ਰਿਹਾਅ ਕੀਤਾ ਜਾ ਸਕਦਾ ਹੈ। ਕਿਉਂਕਿ ਉਸਨੇ ਆਪਣੀ ਇੱਕ ਸਾਲ ਦੀ ਸਜ਼ਾ ਦੀ ਮਿਆਦ ਦੌਰਾਨ ਕੋਈ ਪੈਰੋਲ ਅਤੇ ਫਰਲੋ ਦਾ ਲਾਭ ਨਹੀਂ ਲਿਆ ਹੈ।