ਚੰਡੀਗੜ੍ਹ: ਇੱਕ ਪਾਸੇ ਜਿੱਥੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਏ ਜਾਣ ਦੀਆਂ ਚਰਚਾਵਾਂ ਹਨ। ਉੱਥੇ ਹੀ ਅਜਿਹੇ ਵਿੱਚ ਇਹ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਦਾਅਵਾ ਕਰਦੇ ਨਜ਼ਰ ਆ ਰਹੇ ਹਨ, ਕਿ ਹਾਈ ਕਮਾਨ ਦੇ ਹਰ ਹੁਕਮ ਨੂੰ ਮੰਨਿਆ ਜਾਵੇਗਾ, ਪਰ ਸਿਆਸੀ ਗਲਿਆਰਿਆਂ ਵਿੱਚ ਚਰਚਾ ਨਵੀਂ ਛਿੜੀ ਹੈ, ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਨੂੰ ਹਾਰ ਦਾ ਮੂੰਹ ਵੀ ਦੇਖਣਾ ਪੈ ਸਕਦਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਡ ਸਕਦੇ ਹਨ ਵੱਡੀ ਗੇਮ ?
ਅਕਾਲੀ ਦਲ ਦੇ ਸੀਨੀਅਰ ਲੀਡਰ ਨਰੇਸ਼ ਗੁਜਰਾਲ ਵੱਲੋਂ ਇੱਕ ਇੰਟਰਵਿਊ ਵਿੱਚ ਕੀਤੇ ਗਏ ਖੁਲਾਸੇ ਦੌਰਾਨ ਇਹ ਕਿਹਾ ਗਿਆ ਹੈ, ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਵੱਲੋਂ ਆਪਣਾ ਵੋਟ ਕਾਂਗਰਸ ਨੂੰ ਸ਼ਿਫਟ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਚਰਚਾਵਾਂ ਇਹ ਹਨ, ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਾਏ ਜਾਣ ਤੋਂ ਖਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2017 ਦਾ ਕਰਜ਼ ਅਕਾਲੀ ਦਲ ਨੂੰ ਵੋਟਾਂ ਪੁਆਕੇ ਚੁਕਾ ਸਕਦੇ ਹਨ।
ਕਿਉਂਕਿ ਨਵਜੋਤ ਸਿੱਧੂ ਲਗਾਤਾਰ ਪਚੱਤਰ ਪੱਚੀ ਸਣੇ ਇਹ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਹਨ। ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਸੂਬੇ ਵਿੱਚ ਰਲ ਕੇ ਸਿਆਸਤ ਕਰਦੇ ਹਨ, ਅਤੇ ਇੱਕ ਦੂਜੇ ਦੇ ਵਪਾਰ ਨੂੰ ਬਚਾਉਂਦੇ ਹਨ।
ਤਾਂ ਉੱਥੇ ਹੀ ਭਾਜਪਾ ਦੇ ਸੀਨੀਅਰ ਲੀਡਰ ਮਨੋਰੰਜਨ ਕਾਲੀਆ ਨੂੰ ਜਦੋਂ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਲਗਾਏ ਜਾਣ ਤੋਂ ਬਾਅਦ ਕਾਂਗਰਸ ਨੂੰ ਕੋਈ ਫ਼ਾਇਦਾ ਨਹੀਂ ਹੋਣ ਵਾਲਾ, ਕਿਉਂਕਿ ਕਾਂਗਰਸ ਦੋ ਫਾੜ ਹੋ ਚੁੱਕੀ ਹੈ। ਇਸ ਵਿੱਚ ਸਿੱਧੂ ਦਾ ਪ੍ਰਧਾਨ ਬਣਨਾ ਕੋਈ ਮਾਅਨੇ ਨਹੀਂ ਰੱਖਦਾ।
ਉੱਥੇ ਹੀ ਅਕਾਲੀ ਦਲ ਦਾ ਕਹਿਣਾ ਹੈ, ਕਿ ਜੋ ਕੁਝ ਸੁਨੀਲ ਜਾਖੜ ਨਾਲ ਪੰਜਾਬ ਕਾਂਗਰਸ ਦਾ ਪ੍ਰਧਾਨ ਰਹਿੰਦਿਆਂ ਬਣੀ ਹੈ। ਅਜਿਹਾ ਕੁਝ ਹੀ ਨਵਜੋਤ ਸਿੰਘ ਸਿੱਧੂ ਨਾਲ ਬਣੇਗਾ, ਜੇਕਰ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਲੱਗਦੇ ਹਨ, ਤਾਂ ਲੋਕਾਂ ਨੇ ਇਨ੍ਹਾਂ ਨੂੰ ਪਿੰਡਾਂ ਵਿੱਚ ਵੜਨ ਤੱਕ ਨਹੀਂ ਦੇਣਾ, ਕਿਉਂਕਿ ਕਾਂਗਰਸ ਨੇ ਹੁਣ ਤੱਕ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ।
ਉੱਥੇ ਹੀ ਆਮ ਆਦਮੀ ਪਾਰਟੀ ਦੇ ਬੁਲਾਰੇ ਰਵੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੱਥੇ ਪੰਜਾਬ ਕਾਂਗਰਸ ਨੂੰ ਖੇਰੂ ਖੇਰੂ ਕਰਨ ਜਾ ਰਹੇ ਹਨ, ਤਾਂ ਉੱਥੇ ਹੀ ਰਾਸ਼ਟਰੀ ਕਾਂਗਰਸ ਵੀ ਖੇਰੂੰ ਖੇਰੂੰ ਹੋਣ ਜਾ ਰਹੀ ਹੈ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਆਰ.ਐੱਸ.ਐੱਸ. ਤੋਂ ਡਰਦੇ ਹਨ।
ਇਹ ਵੀ ਪੜ੍ਹੋ:ਨਵਜੋਤ ਸਿੰਘ ਸਿੱਧੂ ਦਾ ਨਵਾਂ ਟਵੀਟ, ਜਾਣੋ ਕੀ ਕਹੀ ਨਵੀਂ ਗੱਲ !