ਚੰਡੀਗੜ੍ਹ: ਅੰਮ੍ਰਿਤਪਾਲ ਦੀਆਂ ਕਾਰਵਾਈਆਂ ਅਤੇ ਬਿਆਨਾਂ ਨੂੰ ਲੇ ਕੇ ਪੰਜਾਬ ਦਾ ਮਾਹੌਲ ਅਤੇ ਸਿਆਸਤ ਗਰਮਾ ਗਈ ਹੈ। ਹਾਲ ਹੀ 'ਚ ਅੰਮ੍ਰਿਤਪਾਲ ਦਾ ਇਕ ਬਿਆਨ ਸਾਹਮਣੇ ਆਇਆ ਜਿਸ ਵਿਚ ਉਸਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਾਨ ਦਾ ਖ਼ਤਰਾ ਦੱਸਿਆ। ਬਾਅਦ ਵਿਚ ਅੰਮ੍ਰਿਤਪਾਲ ਦਾ ਇਸ ਬਿਆਨ 'ਤੇ ਯੂ ਟਰਨ ਆਇਆ ਅਤੇ ਕੇਂਦਰੀ ਏਜੰਸੀਆਂ ਤੋਂ ਜਾਨ ਨੂੰ ਖ਼ਤਰਾ ਦੱਸਿਆ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਅਤੇ ਕਈ ਸਿਆਸੀ ਬਿਆਨ ਬਾਜ਼ੀਆਂ ਸਾਹਮਣੇ ਆਈਆਂ। ਇਹ ਮਸਲਾ ਸਿਆਸੀ ਬਣਦਾ ਜਾ ਰਿਹਾ ਜਿਸ ਨੂੰ 2024 ਦੀਆਂ ਲੋਕ ਸਭਾ ਚੋਣਾਂ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ।
ਈਟੀਵੀ ਭਾਰਤ ਵੱਲੋਂ ਵੀ ਇਸ ਮਸਲੇ 'ਤੇ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਜਿਸ ਤੇ ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਕਿ ਆਖਿਰ ਇਹ ਪੂਰਾ ਵਰਤਾਰਾ ਹੈ ਕੀ? ਪੰਜਾਬ 'ਚ ਜਦੋਂ ਅੰਮ੍ਰਿਤਪਾਲ ਦੀ ਐਂਟਰੀ ਹੋਈ ਤਾਂ ਇਕ ਨਵੀਂ ਲਹਿਰ ਚੱਲ ਪਈ ਸੀ। ਅੰਮ੍ਰਿਤਪਾਲ ਦੀਆਂ ਬਿਆਨ ਬਾਜ਼ੀਆਂ ਵਿਚੋਂ ਕਈਆਂ ਤੱਤੀਆਂ ਹਵਾਵਾਂ ਦਾ ਬੁੱਲਾ ਆਇਆ ਜਿਸ ਦਾ ਸੇਕ ਪੰਜਾਬ ਦੇ ਸਿਆਸੀ ਗਲਿਆਰਿਆਂ ਤੱਕ ਵੀ ਪਹੁੰਚਿਆ। ਦਿਨੋਂ ਦਿਨ ਅੰਮ੍ਰਿਤਪਾਲ ਦੀਆਂ ਵੱਧਦੀਆਂ ਗਤੀਵਿਧੀਆਂ ਨੇ ਕਈ ਚਰਚਾਵਾਂ ਛੇੜ ਦਿੱਤੀਆਂ ਅਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ। ਹਾਲ ਹੀ 'ਚ ਅੰਮ੍ਰਿਤਪਾਲ ਦਾ ਇਕ ਬਿਆਨ ਸਾਹਮਣੇ ਆਇਆ ਜਿਸ ਵਿਚ ਉਸਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਾਨ ਦਾ ਖ਼ਤਰਾ ਦੱਸਿਆ। ਬਾਅਦ ਵਿਚ ਅੰਮ੍ਰਿਤਪਾਲ ਦਾ ਇਸ ਬਿਆਨ 'ਤੇ ਯੂ ਟਰਨ ਆਇਆ ਅਤੇ ਕੇਂਦਰੀ ਏਜੰਸੀਆਂ ਤੋਂ ਜਾਨ ਨੂੰ ਖ਼ਤਰਾ ਦੱਸਿਆ।
2024 ਚੋਣਾਂ 'ਤੇ ਪੈ ਸਕਦਾ ਹੈ ਪ੍ਰਭਾਵ: ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪ੍ਰੋਫੈਸਰ ਮਨਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਦੀ ਬਿਆਨਬਾਜ਼ੀ ਸਿਆਸਤ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ। ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੀ ਰਾਜਨੀਤਿਕ ਪਾਰਟੀ ਨੂੰ ਅੰਮ੍ਰਿਤਪਾਲ ਦੀ ਬਿਆਨਬਾਜ਼ੀ ਦਾ ਸਿੱਧਾ ਫਾਇਦਾ ਹੋ ਸਕਦਾ। ਇਸ ਨੂੰ ਰਾਜਨੀਤਿਕ ਧਰੁਵੀਕਰਨ ਨਾਲ ਵੀ ਜੋੜ ਕੇ ਵੇਖਿਆ ਜਾ ਸਕਦਾ ਹੈ। ਰਾਜਨੀਤੀ ਦਾ ਧਰਮ ਦੇ ਨਾਂ ਤੇ ਧਰੁਵੀਕਰਨ ਦਾ ਫਾਇਦਾ ਆਰਐਸਐਸ, ਭਾਜਪਾ, ਸੱਜੇ ਪੱਖੀ ਪਾਰਟੀਆਂ ਅਤੇ ਵੱਡੀਆਂ ਰਾਜਨੀਤਿਕ ਸ਼ਕਤੀਆਂ ਨੂੰ ਮਿਲਦਾ ਹੈ। ਘੱਟ ਗਿਣਤੀਆਂ ਨੂੰ ਉਕਸਾਇਆ ਜਾਂਦਾ ਹੈ ਜਿਸਦਾ ਫਾਇਦਾ ਵੱਡੀ ਹਾਕਮ ਧਿਰ ਨੂੰ ਹਮੇਸ਼ਾ ਹੁੰਦਾ ਹੈ। ਵੱਡੀਆਂ ਵੱਡੀਆਂ ਕਾਨਫਰੰਸਾਂ ਵਿਚ ਧਰਮ ਦੀ ਰਾਜਨੀਤੀ ਦੀਆਂ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਜੋ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਸਿੱਖਾਂ ਨੂੰ ਕਦੇ ਵੀ ਰਾਜਨੀਤਿਕ ਧਰੁਵੀਕਰਨ ਦਾ ਫਾਇਦਾ ਨਹੀਂ ਹੁੰਦਾ ਬਲਕਿ ਵੱਡਾ ਨੁਕਸਾਨ ਹੋ ਸਕਦਾ ਹੈ। ਛੋਟੇ ਧੁਰੇ ਨੂੰ ਵੱਡੇ ਧੁਰੇ ਦੇ ਮੁਕਾਬਲੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਆਗਾਮੀ 2024 ਚੋਣਾਂ ਲਈ ਵੀ ਪੰਜਾਬ ਵਿਚ ਰਾਜਨੀਤਿਕ ਧਰੁਵੀਕਰਨ ਦਾ ਮੈਦਾਨ ਅਜਿਹੀਆਂ ਬਿਆਨਬਾਜ਼ੀਆਂ ਰਾਹੀਂ ਤਿਆਰ ਕੀਤਾ ਜਾ ਰਿਹਾ ਹੈ।
ਅੰਮ੍ਰਿਤਪਾਲ ਦੀ ਮਾਨਸਿਕਤਾ ਹੋ ਰਹੀ ਹੈ ਰਾਜਨੀਤਿਕ: ਈਟੀਵੀ ਭਾਰਤ ਨਾਲ ਗੱਲ ਕਰਦਿਆਂ ਪ੍ਰੋਫੈਸਰ ਮਨਜੀਤ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਅੰਮ੍ਰਿਤਪਾਲ ਦੀ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਉਸ ਤੋਂ ਲੱਗਦਾ ਹੈ ਕਿ ਉਸ ਦੀ ਮਾਨਸਿਕਤਾ ਰਾਜਨੀਤਿਕ ਹੁੰਦੀ ਜਾ ਰਹੀ ਹੈ। ਅੰਮ੍ਰਿਤਪਾਲ ਦੀਆਂ ਬਿਆਨ ਬਾਜ਼ੀਆਂ ਅਤੇ ਗਤੀਵਿਧੀਆਂ ਅਤੇ ਵਿਚਾਰਧਾਰਾ 'ਤੇ ਕਈ ਵਾਰ ਵਿਵਾਦ ਹੁੰਦੇ ਰਹੇ। ਖਾਲਿਸਤਾਨ ਦੀ ਮੰਗ ਕਰਨ ਵਿਚ ਕੁਝ ਵੀ ਗਲਤ ਨਹੀਂ ਪਰ ਜੇਕਰ ਹਥਿਆਰ ਰੱਖ ਕੇ ਸੂਬੇ ਨਾਲ ਟੱਕਰ ਲਈ ਜਾਵੇ ਤਾਂ ਫਿਰ ਸਰਕਾਰਾਂ ਅਤੇ ਏਜੰਸੀਆਂ ਵੱਲੋਂ ਨਜ਼ਰ ਰੱਖੀ ਜਾਂਦੀ ਹੈ ਫਿਰ ਜਾਨ ਨੂੰ ਨੁਕਸਾਨ ਪਹੁੰਚਾਉਣ ਵਾਲਾ ਤੱਥ ਸਹੀ ਵੀ ਹੋ ਸਕਦਾ ਹੈ। ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੂੰ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਸਿੱਖ ਧਰਮ ਦੇ ਪ੍ਰਚਾਰਕ ਵਜੋਂ ਵਿਚਰਣਾ ਹੈ ਜਾਂ ਰਾਜਨੀਤਿਕ ਪੈਂਤੜੇਬਾਜ਼ੀ ਅਪਣਾਉਣੀ ਹੈ। ਅੰਮ੍ਰਿਤਪਾਲ ਦੀ ਬਿਆਨ ਬਾਜ਼ੀ ਤੋਂ ਲੱਗਦਾ ਹੈ ਕਿ ਉਹ ਰਾਜਨੀਤਿਕ ਹੈ। ਵਾਰ ਵਾਰ ਇਹ ਕਹਿਣਾ ਕਿ ਤੁਸੀਂ ਗੁਲਾਮ ਹੋ, ਕੁਰਬਾਨੀਆਂ ਅਤੇ ਸਿਰ ਦੇਣ ਦੀ ਗੱਲ ਕਹੀ ਜਾਂਦੀ ਹੈ ਘੁੰਮਾ ਫਿਰਾ ਕੇ ਅਜਿਹੀਆਂ ਗੱਲਾਂ ਸੇਧ ਦੇਣ ਲਈ ਨਹੀਂ ਹੁੰਦੀਆਂ।
ਅੰਮ੍ਰਿਤਪਾਲ ਦੇ ਬਿਆਨਾਂ ਦੇ ਰਾਜਨੀਤਿਕ ਮਾਇਨੇ: ਪ੍ਰੋਫੈਸਰ ਮਨਜੀਤ ਸਿੰਘ ਕਹਿੰਦੇ ਹਨ ਅੰਮ੍ਰਿਤਪਾਲ ਦੇ ਬਿਆਨ ਸਿਆਸੀ ਫਿਜਾਵਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਹਿੰਦੂ ਰਾਸ਼ਟਰ ਦੀ ਗੱਲ ਕਹਿਣਾ ਤੇ ਫਿਰ ਆਪਣੇ ਰਾਜ ਦੀ ਮੰਗ ਕਰਨਾ ਸਿਆਸਤ ਤੋਂ ਪ੍ਰੇਰਿਤ ਹੈ। ਜਿਵੇਂ ਹੀ ਕੇਂਦਰ ਵੱਲੋਂ ਹਿੰਦੂ ਰਾਸ਼ਟਰ ਦਾ ਬਟਨ ਦੱਬਿਆ ਜਾਂਦਾ ਹੈ ਸੱਜੇ ਪੱਖੀ ਪਾਰਟੀਆਂ ਹਿੰਦੂ ਰਾਸ਼ਟਰ ਦੀ ਗੱਲ ਕਰਦੀਆਂ ਹਨ ਤਾਂ ਫਿਰ ਅੰਮ੍ਰਿਤਪਾਲ ਵੱਲੋਂ ਖਾਲਿਸਤਾਨ ਦਾ ਰਾਗ ਅਲਾਪ ਦਿੱਤਾ ਜਾਂਦਾ ਹੈ। ਜਿਸਦੇ ਵਿਚੋਂ ਸਮੁੱਚੀ ਮਾਨਵਤਾ ਦੇ ਮਸਲੇ ਨਦਾਰਦ ਹੈ। ਹਿੰਦੂ ਰਾਸ਼ਟਰ ਅਤੇ ਖਾਲਿਸਤਾਨ ਦੀ ਮੰਗ ਰਾਹੀਂ ਧਰਮ ਦੇ ਨਾਂ ਤੇ ਰਾਜਨੀਤੀ ਦਾ ਧਰੁੱਵੀ ਕਰਨ ਕੀਤਾ ਜਾ ਰਿਹਾ ਹੈ। ਸਿੱਖ ਫਲਸਫ਼ਾ ਸੰਗਤ ਪੰਗਤ ਦੀ ਗੱਲ ਕਰਦਾ, ਮਾਨਵਤਾ ਦੀ ਗੱਲ ਖਾਲਸਾ ਏਡ ਵਰਗੀਆਂ ਸੇਵਾਵਾਂ ਵਿਚੋਂ ਸਮਝ ਆਉਂਦੀ ਹੈ।
ਅੰਮ੍ਰਿਤਪਾਲ ਦੇ ਪਿੱਛੇ ਕਿਹੜੀਆਂ ਤਾਕਤਾਂ? ਪ੍ਰੋਫੈਸਰ ਮਨਜੀਤ ਸਿੰਘ ਕਹਿੰਦੇ ਹਨ ਹਰੇਕ ਬੰਦੇ ਦੇ ਬੋਲਣ ਪਿੱਛੇ ਕੋਈ ਨਾ ਕੋਈ ਤਾਕਤ ਜ਼ਰੂਰ ਹੁੰਦੀ ਹੈ। ਪਰ ਤਾਕਤ ਤੋਂ ਜ਼ਿਆਦਾ ਬੋਲਣ ਵਾਲੇ ਬੰਦੇ ਦੇ ਸ਼ਬਦ ਅਤੇ ਸਖ਼ਸ਼ੀਅਤ ਮਾਇਨੇ ਰੱਖਦੇ ਹਨ। ਉਸ ਦੇ ਪਿੱਛੇ ਕਿਹੜੀ ਤਾਕਤ ਹੁੰਦੀ ਹੈ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ। ਅੰਮ੍ਰਿਤਪਾਲ ਦੀਆਂ ਜੋ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਹਨ ਉਹੀ ਰਿਕਾਰਡ ਹੋ ਰਹੀਆਂ ਹਨ ਉਸ ਨੂੰ ਕੌਣ ਬੁਲਾ ਰਿਹਾ ਬਾਅਦ ਵਿਚ ਜੋ ਮਰਜ਼ੀ ਦੱਸੀ ਜਾਵੇ ਕਿਸੇ ਨੇ ਨਹੀਂ ਮੰਨਣਾ। ਜੋ ਇਨਸਾਨ ਸਭ ਦੇ ਸਾਹਮਣੇ ਗੱਲ ਕਰ ਰਿਹਾ ਹੈ ਉਸਦੇ ਬਿਆਨ ਦੀ ਜ਼ਿੰਮੇਵਾਰੀ ਉਸਦੀ ਹੀ ਹੈ ਨਾ ਕਿ ਕਿਸੇ ਹੋਰ ਦੀ ਜਵਾਬ ਉਸਤੋਂ ਹੀ ਲਿਆ ਜਾਣਾ।
ਇਹ ਵੀ ਪੜ੍ਹੋ:- Amritpal Singh: ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਨੂੰ ਜੇਲ੍ਹ ਤੋਂ ਲਿਆਉਣ ਲਈ ਰਵਾਨਾ