ਚੰਡੀਗੜ੍ਹ: ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਸਵੇਰੇ ਹਲਕਾ ਬੂੰਦਾ ਬਾਂਦੀ ਹੋਈ, ਪਰ ਉਸ ਤੋਂ ਬਾਅਦ ਇੱਕ ਵਾਰ ਫਿਰ ਧੁੱਪ ਨਿਕਲ ਗਈ ਹੈ ਤੇ ਗਰਮੀ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਵੀ ਮੀਂਹ ਨਹੀਂ ਪਿਆ, ਪਰ ਹੁਣ ਸ਼ਹਿਰ ਵਿੱਚ 2 ਦਿਨ ਹਲਕੀ ਬਾਰਿਸ਼ ਹੋਣ ਦੀ ਸੰਭਵਨਾ ਹੈ। ਅਗਲੇ 2 ਦਿਨਾਂ ਤੱਕ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ।
ਗਰਮੀ ਕਾਰਨ ਲੋਕ ਹੋਏ ਪਰੇਸ਼ਾਨ: ਚੰਡੀਗੜ੍ਹ ਵਿੱਚ ਪਿਛਲੇ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ 500 ਮਿਲੀਮੀਟਰ ਤੋਂ ਵੱਧ ਮੀਂਹ ਪਿਆ, ਜਿਸ ਕਾਰਨ ਤਾਪਮਾਨ ਹੇਠਾਂ ਆ ਗਿਆ ਸੀ, ਪਰ ਇੱਕ ਵਾਰ ਫਿਰ ਤਾਪਮਾਨ ਵਧ ਗਿਆ ਹੈ ਤੇ ਲੋਕ ਗਰਮੀ ਕਾਰਨ ਪਰੇਸ਼ਾਨ ਹੋ ਰਹੇ ਹਨ।
ਮੀਂਹ ਕਾਰਨ ਪਹਿਲਾਂ ਹੋਇਆ ਨੁਕਸਾਨ: ਦੱਸ ਦਈਏ ਕਿ ਇਸ ਤੋਂ ਪਹਿਲਾਂ ਲਗਾਤਾਰ 3 ਦਿਨ ਪਏ ਮੀਂਹ ਕਾਰਨ ਸ਼ਹਿਰ 'ਚ ਕਾਫੀ ਨੁਕਸਾਨ ਹੋਇਆ ਹੈ। ਸ਼ਹਿਰ ਵਿੱਚ ਕਈ ਥਾਈਂ ਸੜਕਾਂ ਟੁੱਟ ਗਈਆਂ ਹਨ, ਜਿਸ ਦੀ ਪ੍ਰਸ਼ਾਸਨ ਮੁਰੰਮਤ ਕਰਨ ਵਿੱਚ ਲੱਗਾ ਹੋਇਆ ਹੈ। ਉਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਬਾਰਿਸ਼ ਤੋਂ ਬਾਅਦ ਨੁਕਸਾਨੀਆਂ ਗਈਆਂ ਸੜਕਾਂ ਦੀ ਮੁਰੰਮਤ ਲਈ ਐਮਰਜੈਂਸੀ ਵਿੱਚ 1.5 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਸੀ। ਇਸ ਵਿੱਚ 6 ਮੁੱਖ ਸੜਕਾਂ ਦੀ ਮੁਰੰਮਤ ਲਈ 98 ਲੱਖ ਰੁਪਏ ਅਤੇ ਹੋਰ ਸੜਕਾਂ ਦੀ ਮੁਰੰਮਤ ਲਈ 54 ਲੱਖ ਰੁਪਏ ਦਾ ਫੰਡ ਜਾਰੀ ਕੀਤਾ ਗਿਆ।
ਪੰਜਾਬ ਵਿੱਚ ਹੜ੍ਹ: ਉਥੇ ਹੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਮੀਂਹ ਪਿਆ ਤੇ ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਪੰਜਾਬ ਵਿੱਚ ਕਈ ਥਾਈਂ ਘੱਗਰ ਤੇ ਨਹਿਰਾਂ ਦੇ ਬੰਨ੍ਹ ਟੁੱਟ ਗਏ ਹਨ, ਜਿਸ ਕਾਰਨ ਪਿੰਡਾਂ ਤੇ ਸ਼ਹਿਰਾਂ ਵਿੱਚ ਪਾਣੀ ਵੜ੍ਹ ਗਿਆ ਹੈ ਤੇ ਲੋਕ ਘਰੋਂ ਬੇਘਰ ਹੋ ਗਏ ਹਨ। ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹੁਣ ਤਕ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਅਜੇ ਤਕ ਵੀ ਲਾਪਤਾ ਹਨ। ਫੌਜ, ਐੱਨਡੀਆਰਐੱਫ ਦੀਆਂ ਟੀਮਾਂ ਤੇ ਸਮਾਜ ਸੇਵੀਆਂ ਵੱਲੋਂ ਲਗਾਤਾਰ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।