ਚੰਡੀਗੜ੍ਹ: ਸ਼੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦਾ ਦੇਹਾਂਤ ਤੇ ਇੱਕ ਨਵਾਂ ਮੋੜ ਆਇਆ ਹੈ। ਸੋਸ਼ਲ ਮੀਡੀਆ 'ਤੇ ਰਾਗੀ ਨਿਰਮਲ ਸਿੰਘ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਗਈ ਗੱਲਬਾਤ ਦਾ ਆਡੀਓ ਵਾਇਰਲ ਹੋ ਰਿਹਾ ਹੈ। ਆਡੀਓ 'ਚ ਸਾਫ ਸੁਣਿਆ ਜਾ ਸਕਦਾ ਹੈ ਕਿ ਨਿਰਮਲ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨੂੰ ਰੂਪਨਗਰ ਹਸਪਤਾਲ ਦੇ ਹਾਲਾਤਾਂ ਬਾਰੇ ਦੱਸਦਿਆਂ ਠੀਕ ਢੰਗ ਨਾਲ ਇਲਾਜ ਨਾ ਹੋਣ ਬਾਰੇ ਦੱਸ ਰਹੇ ਹਨ। ਇਸ ਭਾਵਨਾਤਮਕ ਆਡੀਓ ਨੂੰ ਸੁਣ ਜਿੱਥੇ ਕੋਈ ਵੀ ਭਾਵੁਕ ਹੋ ਜਾਵੇਗਾ, ਉੱਥੇ ਹੀ ਇਸ ਆਡੀਓ ਨੇ ਸਰਕਾਰ ਦੇ ਪ੍ਰਬੰਧਾਂ ਅਤੇ ਕਾਰਜਾਂ 'ਤੇ ਵੀ ਕਈ ਸਵਾਲ ਚੁੱਕੇ ਹਨ।
ਵਾਇਰਲ ਆਡੀਓ
ਇਸ ਆਡੀਓ ਨੂੰ ਸੁਣ ਸਿਆਸਤ ਭਖਣ ਲੱਗੀ ਹੈ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਨਿਰਮਲ ਸਿੰਘ ਮੌਤ ਤੇ ਦੁਖ ਪ੍ਰਗਟਾਇਆ ਹੈ ਉੱਥੇ ਹੀ ਮੁੱਖ ਮੰਤਰੀ ਕੈਪਟਨ ਨੂੰ ਸਵਾਲਾਂ ਦੇ ਘੇਰੇ 'ਚ ਵੀ ਖੜਾ ਕੀਤਾ ਹੈ।
ਬਿਕਰਮ ਮਜੀਠੀਆ ਨੇ ਕਿਹਾ 11 ਵਜੇ ਦੇ ਕਰੀਬ ਜਦੋਂ ਉਨ੍ਹਾਂ ਕੋਲ ਸਤਿਕਾਰਯੋਗ ਪਦਮ ਸ਼੍ਰੀ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਆਡੀਓ ਪਹੁੰਚੀ ਤਾਂ ਉਸ ਨੂੰ ਸੁਣ ਕੇ ਮਨ ਭਰ ਗਿਆ। ਇਸ ਆਡੀਓ 'ਚ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਨਾਲ ਕੀਤੀ ਗੱਲਬਾਤ ਨੇ ਸੂਬਾ ਸਰਕਾਰ ਅਤੇ ਸਿਹਤ ਮੰਤਰੀ ਦੇ ਪ੍ਰਬੰਧ ਦੀ ਪੋਲ ਖੋਲ ਕੇ ਰੱਖ ਦਿੱਤੀ। ਜਿਸ ਕਦਰ ਖਾਲਸਾ ਜੀ ਦੀ ਦੇਹ ਦਾ ਨਿਰਾਦਰ ਹੋਇਆ ਉਹ ਰੂਹ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਹੈ ਪਰ ਸਰਕਾਰ ਇਸ 'ਤੇ ਵੀ ਚੁੱਪ ਰਹੀ।