ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਰਿਸ਼ਵਤ ਦੇ ਤਿੰਨ ਵੱਖ-ਵੱਖ ਕੇਸਾਂ ਵਿੱਚ ਨਗਰ ਨਿਗਮ ਦਾ ਕਰਮਚਾਰੀ, ਇੱਕ ਪਟਵਾਰੀ ਅਤੇ ਇੱਕ ਏ.ਐਸ.ਆਈ ਦੇ ਵਿਚੌਲੇ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਨਗਰ ਨਿਗਮ ਬਠਿੰਡਾ ਵਿਖੇ ਤਾਇਨਾਤ ਕਲਰਕ ਅਸ਼ੋਕ ਕੁਮਾਰ ਨੂੰ ਸ਼ਿਕਾਇਤਕਰਤਾ ਸੁਖਦੇਵ ਸਿੰਘ, ਵਾਸੀ ਬਠਿੰਡਾ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੋ ਵੱਲੋਂ 8000 ਹਜਾਰ ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀ ਦਬੋਚ ਲਿਆ ਗਿਆ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਓਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਕਤ ਦੋਸ਼ੀ ਕਲਰਕ ਵੱਲੋਂ ਉਸ ਦੇ ਖਰੀਦ ਕੀਤੇ ਘਰ ਲਈ ਸੀਵਰੇਜ ਕੂਨੈਕਸ਼ਨ ਦੀ ਐਨ.ਓ.ਸੀ ਜਾਰੀ ਕਰਨ ਬਦਲੇ 10,000 ਰੁਪਏ ਦੀ ਮੰਗ ਕੀਤੀ ਗਈ ਸੀ ਪਰ ਸੌਦਾ 8000 ਰੁਪਏ ਦੇਣਾ ਤੈਅ ਹੋਇਆ ਹੈ। ਵਿਜੀਲੈਂਸ ਵੱਲੋਂ ਦੋਸ਼ਾਂ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ 8 ਹਜਾਰ ਰੁਪਏ ਦੀ ਰਕਮ ਰਿਸ਼ਵਤ ਵਜੋਂ ਲੈਂਦਿਆਂ ਮੌਕੇ 'ਤੇ ਕਾਬੂ ਕਰ ਲਿਆ ਗਿਆ।
ਇੱਕ ਹੋਰ ਰਿਸ਼ਵਤ ਦੇ ਕੇਸ ਵਿੱਚ ਅੱਜ ਮਾਲ ਹਲਕਾ ਧੂੰਦਾ, ਜ਼ਿਲ੍ਹਾਂ ਤਰਨ ਤਾਰਨ ਵਿਖੇ ਤਾਇਨਾਤ ਪਟਵਾਰੀ ਮਨਮੋਹਨ ਸਿੰਘ ਨੂੰ 2500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪਟਵਾਰੀ ਨੂੰ ਸ਼ਿਕਾਇਤਕਰਤਾ ਦਿਲਬਾਗ ਸਿੰਘ ਵਾਸੀ ਪਿੰਡ ਧੂੰਦਾ, ਜ਼ਿਲ੍ਹਾਂ ਤਰਨਤਾਰਨ ਦੀ ਸ਼ਿਕਾਇਤ 'ਤੇ 2500 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਪਟਵਾਰੀ ਵੱਲੋਂ ਜਮੀਨ ਦਾ ਇੰਤਕਾਲ ਦਰਜ ਕਰਨ ਬਦਲੇ 2500 ਰੁਪਏ ਦੀ ਮੰਗ ਕੀਤੀ ਗਈ ਹੈ। ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 2500 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ।
ਉੱਥੇ ਹੀ ਇੱਕ ਹੋਰ ਰਿਵਸ਼ਤ ਦੇ ਕੇਸ ਵਿੱਚ ਵਿਜੀਲੈਂਸ ਵਲੋਂ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਤਾਇਨਾਤ ਏ.ਐਸ.ਆਈ ਕਰਨੈਲ ਸਿੰਘ ਦੇ ਵਿਚੌਲੇ ਲਖਵੀਰ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਚੋਲੇ ਲਖਵੀਰ ਸਿੰਘ ਨੂੰ ਮੋਗਾ ਵਾਸੀ ਕਿਸ਼ਨ ਸਿੰਘ ਦੀ ਸ਼ਿਕਾਇਤ 'ਤੇ ਕਾਬੂ ਕੀਤਾ ਗਿਆ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਏ.ਐਸ.ਆਈ ਕਰਨੈਲ ਸਿੰਘ ਦੇ ਵਿਚੌਲੇ ਲਖਵੀਰ ਸਿੰਘ ਵਲੋ ਇਕ ਝਗੜੇ ਸਬੰਧੀ ਪੁਲਿਸ ਸ਼ਿਕਾਇਤ ਵਿਚ ਸਮਝੌਤਾ ਕਰਵਾਉਣ ਬਦਲੇ 40,000 ਰੁਪਏ ਦੀ ਮੰਗ ਕੀਤੀ ਗਈ ਅਤੇ ਸੌਦਾ 20,000 ਵਿਚ ਤੈਅ ਹੋਇਆ ਹੈ। ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਵਿਚੌਲੇ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ ਅਤੇ ਇਸ ਕੇਸ ਵਿਚ ਸ਼ਾਮਲ ਏ.ਐਸ.ਆਈ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਉਕਤ ਦੋਸ਼ੀਆਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੇ ਦੇ ਥਾਣਿਆ ਬਠਿੰਡਾ, ਅੰਮ੍ਰਿਤਸਰ ਅਤੇ ਫਿਰੋਜਪੁਰ ਵਿਖੇ ਮੁੱਕਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।