ਚੰਡੀਗੜ: ਪੰਜਾਬ ਵਿਜੀਲੈਂਸ ਬਿਊਰੋ ਨੇ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਵਿਖੇ ਤਾਇਨਾਤ ਇੱਕ ਮਾਲ ਪਟਵਾਰੀ ਹਰੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਉੱਕਤ ਅਧਿਕਾਰੀ ਨੂੰ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਵਿੱਤ ਤੋਂ ਵੱਧ ਨਜਾਇਜ਼ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਪਟਵਾਰੀ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਹਰੀਸ਼ ਕੁਮਾਰ ਨੇ ਆਪਣੀ ਅਸਲ ਆਮਦਨੀ ਦੇ ਪ੍ਰਤੱਖ ਸਰੋਤਾਂ ਨਾਲੋਂ ਵੱਧ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕਰਕੇ ਆਪਣੀ ਆਮਦਨ ਨਾਲੋਂ ਵੱਧ ਖ਼ਰਚ ਕੀਤਾ ਸੀ।
ਬੁਲਾਰੇ ਨੇ ਸਪੱਸ਼ਟ ਕੀਤਾ ਕਿ 1 ਅਪ੍ਰੈਲ 2012 ਤੋਂ 31 ਮਾਰਚ 2017 ਦੇ ਸਾਲਾਂ ਦੌਰਾਨ ਇਹ ਦੇਖਿਆ ਗਿਆ ਕਿ ਉੱਕਤ ਪਟਵਾਰੀ ਨੂੰ ਕੁੱਲ 52,02,134 ਰੁਪਏ ਦੀ ਆਮਦਨੀ ਹੋਈ ਪਰ ਉਸ ਨੇ 1,09,94,467 ਰੁਪਏ ਖਰਚੇ। ਜੋ ਇਹ ਦਰਸਾਉਂਦਾ ਹੈ ਕਿ ਉਸ ਨੇ ਖ਼ਰਚ ਕੀਤੀ ਰਕਮ 57,92,333 ਰੁਪਏ ਦੀਆਂ ਅਸਲ ਰਸੀਦਾਂ ਨਾਲੋਂ ਕਿਤੇ ਵੱਧ ਪੈਸੇ ਖਰਚ ਕੀਤੇ ਸਨ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਸ ਨੇ ਇਹ ਪੈਸਾ ਭ੍ਰਿਸ਼ਟ ਤਰੀਕਿਆਂ ਨਾਲ ਕਮਾਇਆ ਸੀ ਅਤੇ ਆਪਣੀ ਇਕੱਠੀ ਕੀਤੀ ਆਮਦਨ / ਰਸੀਦਾਂ ਤੋਂ ਵੱਧ ਖਰਚ ਕੀਤਾ। ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਦੋਸ਼ੀ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।