ਚੰਡੀਗੜ੍ਹ: ਸਿਟੀ ਬਿਊਟੀਫੁਲ ਦੀ ਪੁਲਿਸ ਨੂੰ ਸਹੂਲਤ ਦੇਣ ਦੇ ਲਈ ਵੱਖ-ਵੱਖ ਗੈਜੇਟਸ ਦਾ ਨਿਰਮਾਣ ਸਕਿਉਰਿਟੀ ਵਿੰਗ ਵੱਲੋਂ ਕੀਤਾ ਜਾਂਦਾ ਰਿਹਾ ਹੈ। ਇਸ ਵਿੱਚ ਇੱਕ ਹੋਰ ਨਵਾਂ ਗੈਜੇਟ ਜੁੜ ਗਿਆ ਹੈ, ਉਹ ਹੈ ਮੈਗਨੀਫਾਈਡ ਗਲਾਸ, ਜੋ ਕਿ ਇੱਕ ਸੈਲਫ਼ੀ ਸਟਿਕ ਦੇ ਸਹਾਰੇ ਜੋੜਿਆ ਗਿਆ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਕਿਉਰਿਟੀ ਵਿੰਗ ਦੇ ਡੀਐਸਪੀ ਅਮਰਾਓ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਆਪਣੇ ਪੁਲਿਸ ਮੁਲਾਜ਼ਮਾਂ ਲਈ ਵੱਖ-ਵੱਖ ਤਰ੍ਹਾਂ ਦੀ ਸਹੂਲਤ ਦੇਣ ਵਾਲੇ ਗੈਜੇਟਸ ਬਣਾਉਣ ਤਾਂ ਜੋ ਉਹ ਆਪਣਾ ਕੰਮ ਸਹੂਲਤ ਦੇ ਨਾਲ ਚੰਗੇ ਤਰੀਕੇ ਕਰ ਸਕਣ।
ਉੱਥੇ ਹੀ ਅੱਜ ਕੱਲ੍ਹ ਕੋਰੋਨਾ ਵਾਇਰਸ ਦੇ ਕਰਕੇ ਪਬਲਿਕ ਡੀਲਿੰਗ ਪੁਲਿਸ ਦੀ ਜ਼ਿਆਦਾ ਰਹਿੰਦੀ ਹੈ ਇਸ ਕਰਕੇ ਉਹ ਕਿਸੇ ਕੋਰੋਨਾ ਸ਼ੱਕੀ ਦੇ ਸੰਪਰਕ ਦੇ ਵਿੱਚ ਨਾ ਆਉਣ। ਉਹ ਆਪਣਾ ਵੀ ਬਚਾਅ ਰੱਖਣ ਅਤੇ ਸਾਹਮਣੇ ਵਾਲੇ ਦਾ ਵੀ, ਇਸ ਕਰਕੇ ਮੈਗਨੀਫ਼ਾਈਡ ਗਲਾਸ ਸਟਿਕ ਬਣਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਵਿੱਚ ਇੱਕ ਮੈਗਨਿਸ ਲੱਗਾ ਹੈ ਉਸ ਦੇ ਵਿੱਚ ਵਿਅਕਤੀ ਆਪਣੇ ਵਾਹਨ ਦੇ ਡਾਕੂਮੈਂਟਸ ਪੁਲਿਸ ਨੂੰ ਵਿਖਾ ਸਕਦਾ ਹੈ ਅਤੇ ਮੁਲਾਜ਼ਮ ਉਸ ਦਾ ਸਹੀ ਚੈੱਕ ਕਰ ਸਕਦੇ ਹਨ। ਇਸ ਦੇ ਨਾਲ ਹੀ ਸਮਾਜਿਕ ਦੂਰੀ ਵੀ ਬਣੀ ਰਹਿੰਦੀ ਹੈ। ਇਸ ਵਿੱਚ ਐਲਈਡੀ ਲਾਈਟਸ ਵੀ ਲੱਗੀਆਂ ਹੋਈਆਂ ਹਨ ਤਾਂ ਕਿ ਰਾਤ ਦੇ ਹਨ੍ਹੇਰੇ ਵਿੱਚ ਵੀ ਡਾਕੂਮੈਂਟਸ ਜਾਂਚਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ।
ਟ੍ਰੈਫਿਕ ਅਤੇ ਚੰਡੀਗੜ੍ਹ ਪੁਲਿਸ ਦੇ ਸਬ ਇੰਸਪੈਕਟਰ ਹਰੀਓਮ ਨੇ ਦੱਸਿਆ ਕਿ ਉਨ੍ਹਾਂ ਨੂੰ ਸਕਿਉਰਿਟੀ ਵਿੰਗ ਦੇ ਵੱਲੋਂ ਇਹ ਗੈਜੇਟ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਹ ਇਸ ਦੀ ਵਰਤੋਂ ਦੇ ਨਾਲ ਹੀ ਆਉਣ ਜਾਣ ਵਾਲੇ ਵਾਹਨਾਂ ਦੇ ਦਸਤਾਵੇਜ਼ ਚੈੱਕ ਕਰਦੇ ਹਨ।