ਚੰਡੀਗੜ੍ਹ: ਕਹਿੰਦੇ ਨੇ ਕਿ ਮਨੁੱਖਤਾ ਦੀ ਸੇਵਾ ਨੂੰ ਦੁਨੀਆਂ ਵਿਚ ਸਭ ਤੋਂ ਵੱਡਾ ਪੁੰਨ ਮੰਨਿਆਂ ਜਾਂਦਾ ਹੈ ਅਤੇ ਦੁਨੀਆਂ ਵਿਚ ਅਜਿਹੇ ਕਈ ਲੋਕ ਹਨ, ਜੋ ਮਾਨਵਤਾ ਦੀ ਸੇਵਾ ਕਰਨ ਲਈ ਤਿਆਰ ਰਹਿੰਦੇ ਹਨ। ਸਮਾਜ ਵਿੱਚ ਕਈ ਅਜਿਹੀਆ ਸੰਸਥਾਵਾਂ ਵੀ ਹਨ ਜੋ ਦੁੱਖੀਆਂ, ਲੋੜਵੰਦਾਂ ਅਤੇ ਮਰੀਜ਼ਾਂ ਦਾ ਸਹਾਰਾ ਬਣਦੀਆਂ ਹਨ। ਅਜਿਹਾ ਹੀ ਇਕ ਫਰਿਸ਼ਤਾ ਹੈ, ਡਾ. ਸੰਜੀਵ ਕੰਬੋਜ ਜਿਸ ਨੇ ਗਰੀਬਾਂ, ਦੁੱਖੀਆਂ ਅਤੇ ਇਲਾਜ ਵਿਚ ਅਸਮਰੱਥ ਮਰੀਜ਼ਾਂ ਦਾ ਸਹਾਰਾ ਬਣਨ ਦਾ ਉੱਦਮ ਕੀਤਾ ਹੈ। ਈਟੀਵੀ ਭਾਰਤ ਵੱਲੋਂ ਡਾ. ਸੰਜੀਵ ਕੰਬੋਜ ਨਾਲ ਖਾਸ ਗੱਲਬਾਤ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਲੋੜਵੰਦਾਂ ਦੀ ਮਦਦ ਕਰਨ ਵਾਲੀ ਉਨ੍ਹਾਂ ਦੀ ਉੱਦਮ ਐਨਜੀਓ ਦਾ ਵੀ ਜ਼ਿਕਰ ਕੀਤਾ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਡਾ. ਸੰਜੀਵ ਕੰਬੋਜ ਨੇ ਦੱਸਿਆ ਕਿ ਪਿਛਲੇ 12 ਸਾਲਾਂ ਤੋਂ ਉਹ ਉਨ੍ਹਾਂ ਮਰੀਜ਼ਾਂ ਦਾ ਇਲਾਜ ਕਰਵਾ ਰਹੇ ਹਨ, ਜੋ ਇਲਾਜ ਕਰਵਾਉਣ ਤੋਂ ਅਸਮਰੱਥ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਕੈਂਸਰ ਮਰੀਜ਼ ਹਨ। ਇਸ ਲਈ ਉਨ੍ਹਾਂ ਨੇ ਇਕ ਛੋਟੀ ਜਿਹੀ ਉੱਦਮ ਨਾਮੀ ਸੰਸਥਾ ਬਣਾਈ ਹੈ, ਜੋ ਕਿ ਪੰਜਾਬ ਦੇ 35 ਸ਼ਹਿਰਾਂ ਵਿਚ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦਾ ਨਾਂ ਉੱਦਮ ਸ਼ਹੀਦ ਊਧਮ ਸਿੰਘ ਤੋਂ ਪ੍ਰੇਰਿਤ ਹੋ ਕੇ ਰੱਖਿਆ ਗਿਆ ਹੈ।
ਡਾਕਟਰੀ ਪੇਸ਼ੇ ਤੋਂ ਦੀ ਸੇਵਾ ਦਾ ਜਾਗਿਆ ਸ਼ੌਂਕ: ਡਾ. ਸੰਜੀਵ ਕੰਬੋਜ ਨੇ ਦੱਸਿਆ ਕਿ ਜਦੋਂ ਉਹ ਡਾਕਟਰੀ ਦੀ ਪੜਾਈ ਕਰ ਰਹੇ ਸਨ, ਤਾਂ ਉਸ ਵੇਲ੍ਹੇ ਤੋਂ ਹੀ ਉਨ੍ਹਾਂ ਦੇ ਮਨ ਵਿੱਚ ਲੋਕ ਭਲਾਈ ਦਾ ਜਜ਼ਬਾ ਜਾਗਿਆ ਸੀ। ਡਾਕਟਰੀ ਦੇ ਨਾਲ ਨਾਲ ਮਰੀਜ਼ਾਂ ਅਤੇ ਲੋੜਵੰਦਾਂ ਦੀ ਮਦਦ ਲਈ ਸਮਾਂ ਕੱਢਿਆ ਜਾਂਦਾ ਹੈ। ਸਮਾਂ ਮੈਨੇਜ ਕਰਨਾ ਪੈਂਦਾ ਹੈ ਅਤੇ ਹੁਣ ਬਾਕੀ ਟੀਮ ਦੇ ਮੈਂਬਰ ਸੇਵਾਵਾਂ ਜਾਰੀ ਰੱਖਦੇ ਹਨ।
ਵਾਟਸਐਪ ਗਰੁੱਪਸ ਜ਼ਰੀਏ ਕਰਦੇ ਹਨ ਮਦਦ: ਡਾ. ਸੰਜੀਵ ਕੰਬੋਜ ਨੇ ਦੱਸਿਆ ਕਿ ਉਹ ਵਾਟਸਐਪ ਗਰੁੱਪਸ ਜ਼ਰੀਏ ਆਪਣੀਆਂ ਸੇਵਾਵਾਂ ਜਾਰੀ ਰੱਖਦੇ ਹਨ। ਉਨ੍ਹਾਂ ਨੂੰ ਕਿਸੇ ਵੀ ਲੰਬੀ ਚੌੜੀ ਪ੍ਰਮੋਸ਼ਨ ਦੀ ਜ਼ਰੂਰਤ ਨਹੀਂ। ਉਹ ਅਤੇ ਉਨ੍ਹਾਂ ਦੇ ਟੀਮ ਮੈਂਬਰ ਆਪਣੀਆਂ ਸੇਵਾਵਾਂ ਵਿੱਚ ਲੱਗੇ ਰਹਿੰਦੇ ਹਨ। ਡਾ. ਕੰਬੋਜ ਨੇ ਦੱਸਿਆ ਕਿ ਉਨ੍ਹਾਂ ਨੇ ਸੇਵਾ ਦੀ ਸ਼ੁਰੂਆਤ ਖੂਨਦਾਨ ਤੋਂ ਕੀਤੀ ਸੀ ਜੋ ਕਿ ਪਹਿਲੀ ਵਾਰ ਪੀਜੀਆਈ ਚੰਡੀਗੜ੍ਹ ਤੋਂ ਕੀਤਾ ਗਿਆ ਸੀ। ਪੜ੍ਹਦੇ ਸਮੇਂ ਉਨ੍ਹਾਂ ਸਣੇ ਕਈ ਨੌਜਵਾਨਾਂ ਨੇ ਇਕੱਠੇ ਹੋ ਕੇ ਖੂਨ ਦਾਨ ਕਰਨਾ ਸ਼ੁਰੂ ਕੀਤਾ। ਉਸ ਵੇਲ੍ਹੇ ਲੰਗਰ ਬਹੁਤ ਘੱਟ ਲੱਗਦੇ ਸਨ। ਫਿਰ ਪੀਜੀਆਈ ਦੇ ਮਰੀਜ਼ਾਂ ਲਈ ਲੰਗਰ ਲਗਾਉਣਾ ਸ਼ੁਰੂ ਕਰ ਦਿੱਤਾ। ਫਿਰ ਸਰਦੀਆਂ ਵਿਚ ਗਰਮ ਕੱਪੜਿਆਂ ਦਾ ਲੰਗਰ ਲਗਾਉਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਇਨ੍ਹਾਂ ਕੋਸ਼ਿਸ਼ਾਂ ਦਾ ਦਾਇਰਾ ਵਧਿਆ ਅਤੇ ਇਕ ਛੋਟੀ ਜਿਹੀ ਸੰਸਥਾ ਬਣ ਗਈ, ਜੋ ਕਿ ਹੁਣ ਲੰਡਨ ਵਿੱਚ ਰਜਿਸਟਰਡ ਹੋ ਚੁੱਕੀ ਹੈ।
ਸੰਤ ਸੀਚੇਵਾਲ ਨਾਲ ਵੀ ਕੀਤਾ ਕੰਮ : ਡਾ. ਸੰਜੀਵ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਨੇ ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਨਾਲ ਵੀ ਕੰਮ ਕੀਤਾ ਹੈ। ਕਿਸਾਨੀ ਅੰਦੋਲਨ ਦੌਰਾਨ ਵੀ ਉਨ੍ਹਾਂ ਨੇ ਕਈ ਸੇਵਾਵਾਂ ਨਿਭਾਈਆਂ। ਇੰਨਾਂ ਹੀ ਨਹੀਂ, ਉਨ੍ਹਾਂ ਵੱਲੋਂ ਮ੍ਰਿਤਕ ਦੇਹਾਂ ਦੇ ਅੰਤਿਮ ਸੰਸਕਾਰ ਵੀ ਕਰਵਾਏ ਗਏ। ਉਨ੍ਹਾਂ ਵੱਲੋਂ ਇਕ ਗੱਡੀ ਵੀ ਰੱਖੀ ਗਈ ਹੈ ਜਿਸ ਨੂੰ ਐਂਬੂਲੈਂਸ ਦੇ ਤੌਰ ‘ਤੇ ਵਰਤਿਆ ਜਾਂਦਾ ਹੈ।
ਬੱਚਿਆਂ ਦੀ ਪੜਾਈ ਦਾ ਵੀ ਰੱਖਿਆ ਜਾਂਦਾ ਹੈ ਖਿਆਲ : ਡਾ. ਕੰਬੋਜ ਨੇ ਦੱਸਿਆ ਕਿ ਜਿੱਥੇ ਖੂਨਦਾਨ ਕੈਂਪ ਤੋਂ ਬੋਨ ਮੈਰੋ ਤੱਕ ਕੈਂਪ ਲਗਾਏ ਜਾਂਦੇ ਹਨ। ਉਥੇ ਹੀ ਜੋ ਬੱਚੇ ਫ਼ੀਸਾਂ ਅਦਾ ਨਹੀਂ ਕਰ ਸਕਦੇ, ਉਨ੍ਹਾਂ ਦੀਆਂ ਫੀਸਾਂ ਵੀ ਦਿੱਤੀਆਂ ਜਾਂਦੀਆਂ ਹਨ, ਤਾਂ ਜੋ ਬੱਚਿਆਂ ਦੀ ਪੜ੍ਹਾਈ ਤੇ ਭੱਵਿਖ ਨਾ ਰੁਲ੍ਹੇ।
ਮਿਸ਼ਨ 365 ਕੀਤਾ ਸ਼ੁਰੂ : ਡਾ. ਕੰਬੋਜ ਨੇ ਦੱਸਿਆ ਹੈ ਕਿ ਹੁਣ ਮਿਸ਼ਨ 365 ਬਾਰੇ ਸੋਚਿਆ ਹੈ ਜਿਸ ਦਾ ਮਤਲਬ ਕਿ ਸਾਲ ਦੇ 365 ਦਿਨਾਂ ਵਿਚ ਹਰ ਰੋਜ਼ ਇਕ ਮਰੀਜ਼ ਦੀ ਮਦਦ ਕਰਨੀ ਭਾਵੇਂ ਦਵਾਈਆਂ ਦਾ ਖਰਚ ਹੋਵੇ, ਟੈਸਟਾਂ ਦਾ ਖਰਚ ਹੋਵੇ ਜਾਂ ਕੋਈ ਹੋਰ ਲੋੜ ਹੋਵੇ। ੳੇਨ੍ਹਾਂ ਦੱਸਿਆ ਕਿ ਮਰੀਜ਼ਾਂ ਦੀ ਮਦਦ ਸਿਰਫ਼ ਵਿਖਾਵੇ ਲਈ ਨਹੀਂ ਤੇ ਨਾ ਹੀ ਵੀਡੀਓ ਬਣਾਉਣ ਲਈ ਕੀਤੀ ਜਾਂਦੀ ਹੈ, ਨਾ ਹੀ ਸਾਡਾ ਮਕਸਦ ਲੋਕਾਂ ਵਿਚ ਫੋਕੀ ਹਵਾ ਬਣਾਉਣਾ ਹੈ।
ਸਭ ਤੋਂ ਜ਼ਿਆਦਾ ਕੈਂਸਰ ਮਰੀਜ਼ਾਂ ਦਾ ਚੱਲ ਰਿਹਾ ਇਲਾਜ: ਡਾਕਟਰ ਸੰਜੀਵ ਕੰਬੋਜ ਨੇ ਦੱਸਿਆ ਕਿ ਜੇਕਰ 200 ਮਰੀਜ਼ਾਂ ਦਾ ਲਿਾਜ ਕਰਵਾਇਆ ਜਾਂਦਾ ਹੈ, ਤਾਂ ਵਿਚੋਂ 50 ਤੋਂ 70 ਮਰੀਜ਼ ਅਜਿਹੇ ਹੁੰਦੇ ਹਨ, ਜੋ ਕੈਂਸਰ ਪੀੜਤ ਹਨ। ਉਨ੍ਹਾਂ ਆਖਿਆ ਕਿ ਬਹੁਤ ਸਾਰੇ ਲੋਕ ਕੈਂਸਰ ਦੇ ਇਲਾਜ ਦੇ ਨਾਂ 'ਤੇ ਲੱਖਾਂ ਦਾ ਚੰਦਾ ਇਕੱਠਾ ਕਰਦੇ ਹਨ ਜਦਕਿ ਕੈਂਸਰ ਦਾ ਇਲਾਜ ਇੰਨਾ ਮਹਿੰਗਾ ਨਹੀਂ। ਉਨ੍ਹਾਂ ਵੱਲੋਂ ਨਾਂ ਤਾਂ ਇਲਾਜ ਲਈ ਕਿਸੇ ਤੋਂ ਪੈਸ ਮੰਗੇ ਜਾਂਦੇ ਹਨ ਅਤੇ ਨਾ ਹੀ ਸੋਸ਼ਲ ਮੀਡੀਆ ਤੇ ਫੋਕੀ ਹਵਾ ਬਣਾਈ ਜਾਂਦੀ ਹੈ।
ਇਹ ਵੀ ਪੜ੍ਹੋ: ਕੀ ਤੁਹਾਨੂੰ ਵੀ ਮਹਿਸੂਸ ਹੁੰਦੇ ਨੇ ਇਹ ਲੱਛਣ, ਪੜ੍ਹੋ ਕਿਤੇ ਤੁਸੀਂ ਵੀ ਤਾਂ ਨਹੀਂ ਡਿਪਰੈਸ਼ਨ ਦੇ ਸ਼ਿਕਾਰ, ਸੁਣੋ ਮਾਹਿਰਾਂ ਦੀ ਰਾਏ