ਚੰਡੀਗੜ੍ਹ: ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਚੰਡੀਗੜ੍ਹ ਅਦਾਲਤ ਵਿੱਚ ਅੱਜ ਯਾਨੀ ਸ਼ੁੱਕਰਵਾਰ ਨੂੰ ਚਾਰਜ ਫ੍ਰੇਮ ਹੋਏ ਹਨ। ਇਹ 2005 ਨਾਲ ਸਬੰਧਤ ਦੋ ਮਾਮਲਿਆਂ ਵਿੱਚ ਕਾਰਵਾਈ ਹੋਈ ਹੈ। ਜਗਤਾਰ ਸਿੰਘ ਹਵਾਰਾ ਵਿਰੁੱਧ ਆਰਮਜ਼ ਐਕਟ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ ਚਾਰਜ ਫ੍ਰੇਮ ਹੋਏ ਹਨ। ਦੱਸ ਦਈਏ ਕਿ 2005 ਵਿੱਚ ਦਰਜ ਹੋਏ ਮਾਮਲਿਆਂ ਉਪਰ ਅੱਜ ਚੰਡੀਗੜ੍ਹ ਅਦਾਲਤ ਵਿੱਚ ਦੋ ਵੱਖ-ਵੱਖ ਮਾਮਲਿਆਂ ਵਿੱਚ ਚਾਰਜ ਫ੍ਰੇਮ ਹੋਏ ਹਨ। ਇਸ ਤੋਂ ਇਲਾਵਾ, ਜਗਤਾਰ ਸਿੰਘ ਹਵਾਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦਾ ਵੀ ਦੋਸ਼ੀ ਹੈ।
ਕਿਹੜੇ ਹਨ ਦੋ ਮਾਮਲੇ: ਜਗਤਾਰ ਸਿੰਘ ਹਵਾਰਾ ਵਿਰੁੱਧ ਇੱਕ ਮਾਮਲਾ ਸੈਕਟਰ 36 ਥਾਣੇ ਦਾ ਅਤੇ ਦੂਜਾ ਸੈਕਟਰ 17 ਦੇ ਸੈਂਟਰਲ ਥਾਣੇ ਦਾ ਦੱਸਿਆ ਜਾ ਰਿਹਾ ਹੈ। ਹਵਾਰਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦਾ ਵੀ ਦੋਸ਼ੀ ਹੈ। ਇਸ ਮਾਮਲੇ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ, ਉਸ 'ਤੇ ਪੰਜਾਬ 'ਚ ਵੀ ਕਈ ਮਾਮਲੇ ਦਰਜ ਹਨ। ਹਵਾਰਾ 'ਤੇ ਇਹ ਦੋਵੇਂ ਮਾਮਲੇ 2005 'ਚ ਚੰਡੀਗੜ੍ਹ ਪੁਲਿਸ ਕੋਲ ਦਰਜ ਹੋਏ ਸਨ। ਸੈਕਟਰ 36 ਵਿੱਚ ਮੁਕੱਦਮਾ ਨੰਬਰ 187 ਅਤੇ ਸੈਕਟਰ 17 ਵਿੱਚ ਕੇਸ ਨੰਬਰ 217 ਵਿੱਚ ਦੋਸ਼ ਆਇਦ ਕੀਤੇ ਗਏ ਹਨ। ਹਵਾਰਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਰੱਖਿਆ ਗਿਆ ਹੈ। ਕਿਉਂਕਿ, ਹਵਾਰਾ 2004 ਵਿੱਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚੋਂ ਫਰਾਰ ਹੋ ਗਿਆ ਸੀ।
ਸੁਰੰਗ ਬਣਾ ਕੇ ਜੇਲ੍ਹ ਚੋਂ ਹੋਇਆ ਸੀ ਫ਼ਰਾਰ : ਇਸ ਤੋਂ ਪਹਿਲਾਂ ਜਗਤਾਰ ਸਿੰਘ ਹਵਾਰਾ, ਆਪਣੇ ਸਾਥੀਆਂ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਅਤੇ ਇਕ ਕਤਲ ਕੇਸ ਵਿੱਚ ਦੋਸ਼ੀ ਦੇਵੀ ਸਿੰਘ ਸਮੇਤ ਬੁੜੈਲ ਜੇਲ੍ਹ ਵਿੱਚੋਂ 104 ਫੁੱਟ ਡੂੰਘੀ ਸੁਰੰਗ ਬਣਾ ਕੇ ਫ਼ਰਾਰ ਹੋ ਗਿਆ ਸੀ।
ਦੱਸ ਦਈਏ ਜਗਤਾਰ ਸਿੰਘ ਹਵਾਰਾ ਸਮੇਤ ਬਾਕੀ ਜੇਲ੍ਹ 'ਚ ਬੰਦ ਸਿੰਘਾਂ ਦੀ ਰਿਹਾਈ ਲਈ ਮੋਹਾਲੀ-ਚੰਡੀਗੜ੍ਹ ਵਿੱਚ ਪੱਕਾ ਕੌਮੀ ਇਨਸਾਫ਼ ਮੋਰਚਾ ਲੱਗਿਆ ਹੋਇਆ ਹੈ, ਜਦਕਿ ਇਸ ਮੋਰਚੇ ਨੂੰ ਲੈ ਕੇ ਹਾਈ ਕੋਰਟ ਵਿੱਚ ਮਾਮਲਾ ਚੱਲ ਰਿਹਾ ਹੈ ਕਿ ਧਰਨੇ ਨੂੰ ਹਟਾਇਆ ਜਾਵੇ। ਫਿਲਹਾਲ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੀ ਕੋਈ ਵਿਚਲਾ ਹੱਲ ਕੱਢਣ ਦੇ ਹੁਕਮ ਜਾਰੀ ਕੀਤੇ ਹਨ।