ਚੰਡੀਗੜ੍ਹ: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਪੰਜਾਬ ਸਰਕਾਰ ਨੂੰ ਸਿੱਖ ਨੌਜਵਾਨਾਂ ਦੀ ਰਿਹਾਈ ਨੂੰ ਲੈਕੇ ਦਿੱਤੇ ਅਲਟੀਮੇਟਮ ਤੋਂ ਬਾਅਦ ਪਹਿਲਾਂ ਟਵਿੱਟਰ ਵਾਰ ਛਿੜੀ ਫਿਰ ਬਾਅਦ ਵਿੱਚ ਸਿਆਸਤ ਸ਼ੁਰੂ ਹੋਈ। ਇਸ ਤੋਂ ਜਥੇਦਾਰ ਦੇ ਸਮਰਥਨ ਅਤੇ ਸਰਕਾਰ ਦੇ ਵਿਰੋਧ ਵਿਚ ਕਈ ਧਿਰਾਂ ਨਿੱਤਰੀਆਂ। ਇਸ ਮਾਮਲੇ ਨੂੰ ਹੁਣ ਸਿੱਖ ਬੁੱਧਜੀਵੀ ਆਪਣੇ ਨਜ਼ਰੀਏ ਨਾਲ ਵੇਖ ਰਹੇ ਹਨ। ਸਿੱਖ ਚਿੰਤਕਾਂ ਵੱਲੋਂ ਪੰਜਾਬ ਸਰਕਾਰ ਦੇ ਨਾਲ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ 'ਤੇ ਵੀ ਸਵਾਲ ਚੁੱਕੇ ਗਏ। ਸਿੱਖ ਬੁਧੀਜੀਵੀਆਂ ਦਾ ਮੰਨਣਾ ਤਾਂ ਇਹ ਹੈ ਕਿ ਪੂਰਾ ਏਪੀਸੋਡ ਰਾਜਨੀਤਕ ਝੋਲ ਤੋਂ ਬਿਨ੍ਹਾਂ ਹੋਰ ਕੁਝ ਵੀ ਨਹੀਂ। ਇਹ ਮੁੱਦਾ ਹੀ ਰਾਜਨੀਤਿਕ ਮੁੱਦਾ ਹੈ ਅਤੇ ਰਾਜਨੀਤਿਕ ਮੁੱਦੇ 'ਤੇ ਤਹਿਤ ਹੀ ਫੜੋ ਫੜਾਈ ਹੋ ਰਹੀ ਹੈ। ਸਿੱਖ ਚਿੰਤਕ ਡਾਕਟਰ ਖਸ਼ਹਾਲ ਸਿੰਘ ਕਹਿੰਦੇ ਹਨ ਜੋ ਫੜੇ ਗਏ ਉਹ ਵੀ ਰਾਜਨੀਤੀ ਤਹਿਤ ਅਤੇ ਜੋ ਰਿਹਾਅ ਕਰਾਏ ਜਾ ਰਹੇ ਹਨ ਉਹ ਵੀ ਰਾਜਨੀਤਕ ਵਰਤਾਰਾ ਹੈ। ਦੋਵੇਂ ਧਿਰਾਂ ਰਾਜਨੀਤੀ ਤੋਂ ਉਪਰ ਉੱਠ ਕੇ ਬਿਆਨ ਦੇਣ ਕਿਉਂਕਿ ਇਹ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ। ਭਾਰਤੀ ਸੰਵਿਧਾਨ ਕਿਸੇ ਵੀ ਬੇਕਸੂਰ ਨੂੰ ਸਜ਼ਾ ਨਹੀਂ ਦਿੰਦਾ ਫਿਰ ਭਾਵੇਂ ਉਹ ਸਿੱਖ ਹੋਵੇ ਜਾਂ ਹਿੰਦੂ। ਇਹ ਵੇਖਣਾ ਏਜੰਸੀਆਂ ਅਤੇ ਸਰਕਾਰਾਂ ਦਾ ਕੰਮ ਹੈ। ਬੱਚਿਆਂ ਨੂੰ ਗ੍ਰਿਫ਼ਤਾਰ ਕਰਨਾ ਅਤੇ ਦੂਜੇ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਭੇਜਣਾ ਜਾਇਜ਼ ਕਾਰਵਾਈ ਨਹੀਂ ਹੈ। ਦੂਜਾ ਦੁਨੀਆਂ ਭਰ ਵਿਚ ਸਿੱਖਾਂ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਇੰਨੀ ਵੀ ਵੱਡੀ ਕੋਈ ਘਟਨਾ ਨਹੀਂ ਹੋਈ ਸੀ ਜੋ ਐੱਨਐੱਸਏ ਵਰਗੀਆਂ ਧਾਰਾਵਾਂ ਲਗਾਈਆਂ ਜਾਂਦੀਆਂ
ਜਥੇਦਾਰ ਦਾ ਬਿਆਨ ਭਾਵਨਾਵਾਂ ਦਾ ਪ੍ਰਤੀਕ, ਪਰ ਚੋਣਵੇਂ ਬੰਦਿਆਂ ਦੀ ਕੀਤੀ ਚੋਣ: ਡਾ. ਖੁਸ਼ਹਾਲ ਸਿੰਘ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਬਿਲਕੁਲ ਠੀਕ ਹੈ ਕਿ ਜਥੇਦਾਰ ਦਾ ਬਿਆਨ ਸਮੂਹ ਸਿੱਖ ਭਾਈਚਾਰੇ ਅਤੇ ਸਿੱਖ ਸੰਪਰਦਾਵਾਂ ਦਾ ਹੁੰਦਾ ਹੈ, ਪਰ ਅਕਾਲ ਤਖ਼ਤ ਵਿਖੇ ਬੁਲਾਈ ਗਈ ਇਕੱਤਰਤਾ ਕੁੱਝ ਚੌਣਵੇਂ ਬੰਦਿਆਂ ਦੀ ਸੀ। ਸਾਰੀਆਂ ਸੰਪਰਦਾਵਾਂ ਅਤੇ ਸਾਰੀਆਂ ਸਿੱਖ ਜੱਥੇਬੰਦੀਆਂ ਨੂੰ ਇਸ ਇਕੱਤਰਤਾ ਦਾ ਹਿੱਸਾ ਨਹੀਂ ਬਣਾਇਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਇਕੱਠੇ ਹੋਣ ਵਾਲੇ ਲੋਕਾਂ ਦਾ ਕੋਈ ਸੰਘਰਸ਼ ਨਹੀਂ ਅਤੇ ਨਾ ਹੀ ਸੰਘਰਸ਼ ਕਰਨ ਦੀ ਨੀਅਤ ਹੈ। ਇਹ ਤਾਂ ਕੁਝ ਖਾਸ ਹਿੱਤਾਂ ਲਈ ਸਿਆਸੀ ਜ਼ਮੀਨ ਤਰਾਸ਼ਣ ਦਾ ਵਰਤਾਰਾ ਹੈ। ਜੋ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਹਨ ਉਹ ਉਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਈਆਂ। ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਸਿਆਸੀ ਜ਼ਮੀਨ ਨੂੰ ਬਹਾਲ ਕਰਨਾ ਚਾਹੁੰਦਾ ਹੈ। ਜਿਸ ਲਈ ਇਹ ਇਕ ਚੰਗਾ ਮੌਕਾ ਸੀ ਇਸ ਮੁੱਦੇ ਜ਼ਰੀਏ ਆਪਣੀ ਪੈਠ ਬਣਾਉਣ ਦਾ।
ਸੀਐਮ ਮਾਨ ਅਤੇ ਜਥੇਦਾਰ ਦੀ ਟਵਿੱਟਰ ਵਾਰ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਤਿੱਖਾ ਟਵੀਟ ਕਰਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਇਆ। ਸੀਐੱਮ ਮਾਨ ਨੇ ਕਿਹਾ ਕਿ ਜਥੇਦਾਰ ਸਾਹਿਬ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਤਿਹਾਸ ਵੇਖੋ, ਸਭ ਨੂੰ ਪਤਾ ਹੈ ਕਿ ਤੁਸੀਂ ਬਾਦਲਾਂ ਅਤੇ ਐੱਸਜੀਪੀਸੀ ਦਾ ਪੱਖ ਪੂਰਦੇ ਹੋ। ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸਵਾਰਥ ਲਈ ਵਰਤਿਆ। ਚੰਗਾ ਹੁੰਦਾ ਕਿ ਜੇਕਰ ਇਹ ਅਲਟੀਮੇਟਮ ਤੁਸੀਂ ਬੇਅਦਬੀ ਦੇ ਦੋਸ਼ੀਆਂ ਅਤੇ ਪਾਵਨ ਸਰੂਪਾਂ ਦੇ ਗਾਇਬ ਹੋਣ ਸਮੇਂ ਦਿੱਤਾ ਹੁੰਦਾ। ਭਗਵੰਤ ਮਾਨ ਦੇ ਇਸ ਟਵੀਟ ਦਾ ਜਵਾਬ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਟਵੀਟ ਕੀਤਾ ਗਿਆ ਅਤੇ ਲਿਖਿਆ ਗਿਆ ਕਿ ਭਗਵੰਤ ਮਾਨ ਜੀ ਜਿਸ ਤਰ੍ਹਾਂ ਤੁਸੀਂ ਪੰਜਾਬ ਦੇ ਨੁਮਾਇੰਦੇ ਹੋ, ਉਸੇ ਤਰ੍ਹਾਂ ਮੈਂ ਆਪਣੀ ਕੌਮ ਦਾ ਛੋਟਾ ਜਿਹਾ ਨੁਮਾਇੰਦਾ ਹਾਂ। ਮੈਨੂੰ ਆਪਣੀ ਕੌਮ ਦੇ ਨਿਰਦੋਸ਼ ਨੌਜਵਾਨਾਂ ਦੇ ਹੱਕ 'ਚ ਆਵਾਜ਼ ਚੁੱਕਣ ਦਾ ਅਧਿਕਾਰ ਹੈ, ਧਿਆਨ ਰਹੇ ਕਿ ਤੁਹਾਡੇ ਵਰਗੇ ਸਿਆਸੀ ਲੋਕਾਂ ਵੱਲੋਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਸਾਨੂੰ ਨਹੀਂ ਵਰਤਣਾ ਚਾਹੀਦਾ। ਰਾਜਨੀਤੀ ਬਾਰੇ ਬਾਅਦ ਵਿੱਚ ਗੱਲ ਕਰਾਂਗੇ। ਪਹਿਲਾਂ ਮਿਲ ਕੇ ਪੰਜਾਬ ਨੂੰ ਬਚਾਈਏ। ਜੇਲ੍ਹ ਵਿੱਚ ਆਪਣੇ ਮਾਸੂਮ ਪੁੱਤਰਾਂ ਨਾਲ ਘਰ ਵਿੱਚ ਉਡੀਕਦੀਆਂ ਮਾਵਾਂ ਨਾਲ ਮਿਲਾਓ ਅਤੇ ਆਸ਼ੀਰਵਾਦ ਲਓ। ਵਾਹਿਗੁਰੂ ਜੀ ਭਲਾ ਕਰਨ।