ਚੰਡੀਗੜ੍ਹ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਤੇ ਸੁਲਤਾਨਪੁਰ ਲੋਧੀ 'ਚ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਵਿੱਚ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਤੇ ਪੰਜਾਬ ਦੇ ਵਿਰਸੇ ਦੀਆਂ ਬਾਰੇ ਦੱਸਿਆ ਜਾ ਰਿਹਾ ਹੈ। ਇਨ੍ਹਾਂ ਵਿਸ਼ੇਸ਼ ਸਮਾਗਮਾਂ ਦੌਰਾਨ ਪੰਜਾਬ ਸਮਾਲ ਸਕੇਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਪ੍ਰਦਰਸ਼ਨੀ ਹਾਲ ਵਿੱਚ ਧਰਮ, ਵਿਰਸੇ ਤੇ ਪੰਜਾਬੀ ਸੱਭਿਆਚਾਰ ਦਾ ਅਨੋਖਾ ਸੁਮੇਲ ਦਿਖਾਇਆ ਜਾ ਰਿਹਾ ਹੈ।
ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਆਖਿਆ ਕਿ ਪੰਜਾਬ ਵਿੱਚ ਅਨੇਕ ਵਿਰਾਸਤੀ ਤੇ ਇਤਿਹਾਸਕ ਸਥਾਨ ਹਨ, ਜੋ ਸੈਰ ਸਪਾਟੇ ਦੇ ਪੱਖ ਤੋਂ ਬਹੁਤ ਅਹਿਮੀਅਤ ਰੱਖਦੇ ਹਨ ਤੇ ਇਨ੍ਹਾਂ ਸਥਾਨਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਾਉਣ ਲਈ ਇਹ ਪ੍ਰਦਰਸ਼ਨੀ ਲਾਈ ਗਈ ਹੈ। ਇਹ ਪ੍ਰਦਰਸ਼ਨੀ ਅੰਦਰ ਦਾਖਲ ਹੁੰਦਿਆਂ ਹੀ ਕੰਧਾਂ ਦੀ ਸਕਰੀਨਾਂ 'ਤੇ ਨਜ਼ਰਾਂ ਪੈਂਦੀਆਂ ਹਨ, ਜਿਨ੍ਹਾਂ ਰਾਹੀਂ ਵੱਖ-ਵੱਖ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹ ਪ੍ਰਦਰਸ਼ਨੀ 12 ਨਵੰਬਰ ਤੱਕ ਜਾਰੀ ਰਹੇਗੀ।
ਟੂਰਿਸਟ ਅਫਸਰ ਅੰਕੁਰ ਕੁਮਾਰ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ 'ਚ ਪੰਜਾਬ ਦੇ ਹਰ ਜ਼ਿਲ੍ਹੇ ਨਾਲ ਸਬੰਧਿਤ ਕਿਤਾਬਚੇ , ਪੂਰੇ ਪੰਜਾਬ ਬਾਰੇ ਕਿਤਾਬਚੇ ਤੇ ਸੁਲਤਾਨਪੁਰ ਲੋਧੀ ਬਾਰੇ ਕਿਤਾਬਚੇ ਦਿੱਤੇ ਜਾ ਰਹੇ ਹਨ। ਪ੍ਰਦਰਸ਼ਨੀ 'ਚ ਆਉਣ ਵਾਲੀਆਂ ਦੋ ਵਿਸ਼ੇਸ਼ ਕਿਤਾਬਾਂ ਰੱਖੀਆਂ ਗਈਆਂ ਹਨ। ਇਨ੍ਹਾਂ ਵਿਚੋਂ ਇੱਕ ਕਿਤਾਬ ਵਿੱਚ ਪੰਜਾਬ ਦੀਆਂ ਜਲਗਾਹਾਂ ਬਾਰੇ ਵਿਸਥਾਰ 'ਚ ਜਾਣਕਾਰੀ ਹੈ ਤੇ ਦੂਜੀ ਵਿੱਚ ਵੱਖ-ਵੱਖ ਜ਼ਿਲਿਆਂ ਦੀਆਂ ਪ੍ਰਮੁੱਖ ਇਤਿਹਾਸਕ ਥਾਵਾਂ ਨੂੰ ਤਸਵੀਰਾਂ ਰਾਹੀਂ ਬਿਆਨ ਕੀਤਾ ਗਿਆ ਹੈ।
ਪ੍ਰਦਰਸ਼ਨੀ ਦੇਖਣ ਆਏ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਗਿਆਨ ਸਿੰਘ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ 'ਚ ਵੰਡੇ ਜਾ ਰਹੇ ਸਾਹਿਤ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ, ਜਿਸ ਵਿੱਚ ਸਾਰੇ ਜ਼ਿਲਿਆਂ ਦੀਆਂ ਪ੍ਰਮੁੱਖ ਥਾਵਾਂ ਬਾਰੇ ਦੱਸਿਆ ਗਿਆ ਹੈ, ਜਿਨਾਂ ਬਾਰੇ ਉਸ ਜ਼ਿਲ੍ਹੇ ਦੇ ਵੀ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ।