ਚੰਡੀਗੜ੍ਹ : ਸੈਕਟਰ-45 ਸਥਿਤ ਬੁੜੈਲ ਜੇਲ੍ਹ (Burail Jail in Chandigarh) ਦੀ ਕੰਧ ਦੇ ਪਿੱਛੇ ਇੱਕ ਟਿਫ਼ਨ ਬੰਬ ਮਿਲਿਆ ਹੈ। ਮੌਕੇ 'ਤੇ ਫੌਜ ਨੂੰ ਬੁਲਾਇਆ ਗਿਆ ਹੈ। ਫਾਇਰ ਵਿਭਾਗ, ਆਪਰੇਸ਼ਨ ਸੈੱਲ ਅਤੇ ਮੁਹਾਲੀ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਹੈ। ਐਸਐਸਪੀ ਮੁਹਾਲੀ ਵੀ ਮੌਕੇ ’ਤੇ ਪਹੁੰਚ ਗਏ ਹਨ। ਬੁੜੈਲ ਜੇਲ੍ਹ ਵਿੱਚ ਕਈ ਨਾਮੀ ਗੈਂਗਸਟਰ ਅਤੇ ਅੱਤਵਾਦੀ ਵੀ ਬੰਦ ਹਨ। ਆਪਰੇਸ਼ਨ ਸੈੱਲ ਦੀ ਟੀਮ ਸੁਰੱਖਿਆ ਦੇ ਮੱਦੇਨਜ਼ਰ ਇੱਥੇ ਚੈਕਿੰਗ ਕਰ ਰਹੀ ਸੀ, ਇਸ ਦੌਰਾਨ ਪੁਲਿਸ ਨੂੰ ਇੱਥੇ ਟਿਫ਼ਨ ਬੰਬ ਮਿਲਿਆ।
ਐਸਐਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਪਿੱਛੇ ਸ਼ੱਕੀ ਗਤੀਵਿਧੀ ਦੇਖੀ ਗਈ ਅਤੇ ਜਿਵੇਂ ਹੀ ਅਸੀਂ ਮੌਕੇ 'ਤੇ ਪਹੁੰਚੇ ਤਾਂ ਕੁਝ ਇਤਰਾਜ਼ਯੋਗ ਸਮੱਗਰੀ ਮਿਲੀ। ਜਦੋਂ ਅਸੀਂ ਬੰਬ ਨਿਰੋਧਕ ਟੀਮ ਨੂੰ ਬੁਲਾਇਆ ਤਾਂ ਸਾਨੂੰ ਪਤਾ ਲੱਗਾ ਕਿ ਇਹ ਸੜੀ ਹੋਈ ਕੋਡੈਕਸ ਤਾਰ ਅਤੇ ਡੈਟੋਨੇਟਰ ਸੀ।
ਐਸਐਸਪੀ ਕੁਲਦੀਪ ਚਾਹਲ ਨੇ ਕਿਹਾ ਕਿ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਅਸੀਂ ਸਾਰੇ ਜ਼ਰੂਰੀ ਕਦਮ ਚੁੱਕ ਰਹੇ ਹਾਂ। ਇਸ ਨੂੰ ਟਿਫਿਨ ਬੰਬ ਕਿਹਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜੇਲ ਦੀ ਕੰਧ ਦੇ ਕੋਲ ਟਿਫਿਨ ਬੰਬ ਰੱਖਿਆ ਗਿਆ ਸੀ ਤਾਂ ਜੋ ਜੇਲ ਦੀ ਕੰਧ ਨੂੰ ਉਡਾਇਆ ਜਾ ਸਕੇ। ਫੌਜ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਬਾਰਡਰ ਨੇੜੇ ਖੇਤ ’ਚੋਂ ਮਿਲਿਆ ਡਰੋਨ, ਤਸਵੀਰਾਂ ਆਈਆਂ ਸਾਹਮਣੇ