ਬਰਨਾਲਾ : "ਮੇਰਾ ਬਾਬਾ ਨਾਨਕ" ਪੰਜਾਬੀ ਫਿਲਮ ਦੀ ਟੀਮ ਪ੍ਰਮੋਸ਼ਨ ਲਈ ਬਰਨਾਲਾ ਵਿਖੇ ਪੁੱਜੀ। ਫਿਲਮ ਅਦਾਕਾਰ ਵਿਕਰਮਜੀਤ ਵਿਰਕ, ਅਮਨਦੀਪ ਸਿੰਘ ਅਤੇ ਹਰਸ਼ਜੋਤ ਕੌਰ ਆਦਿ ਬਰਨਾਲਾ ਪਹੁੰਚੇ। ਇਸ ਮੌਕੇ ਟੀਮ ਨੇ ਦਰਸ਼ਕਾਂ ਨਾਲ ਬੈਠ ਕੇ ਬਰਨਾਲਾ ਦੇ ਸਿਨੇਮਾ ਹਾਲ ਵਿੱਚ ਫਿਲਮ ਦੇਖੀ। ਇਹ ਫਿਲਮ ਸ਼੍ਰੀ ਗੁਰੂ ਨਾਨਕ ਦੇਵ ਦੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਤੇ ਬਣਾਈ ਗਈ ਹੈ ਅਤੇ ਇੱਕ ਪਰਿਵਾਰਕ ਫਿਲਮ ਹੈ। ਫਿਲਮ ਦੇਖਣ ਤੋਂ ਬਾਅਦ ਦਰਸ਼ਕਾਂ ਵਲੋਂ ਟੀਮ ਦੀ ਖ਼ੂਬ ਪ੍ਰਸ਼ੰਸ਼ਾ ਕੀਤੀ ਗਈ ਅਤੇ ਤਾੜੀਆਂ ਮਾਰ ਕੇ ਫਿਲਮ ਟੀਮ ਦਾ ਹੌਂਸਲਾ ਵਧਾਇਆ ਗਿਆ।
ਪ੍ਰਮਾਤਮਾ ਉਪਰ ਵਿਸਵਾਸ਼ ਅਤੇ ਭਰੋਸੇ ਦੀ ਕਹਾਣੀ : ਇਸ ਮੌਕੇ ਫਿਲਮ ਦੀ ਅਦਾਕਾਰਾ ਹਰਸ਼ਜੋਤ ਕੌਰ ਨੇ ਦੱਸਿਆ ਕਿ ਜਿਵੇਂ ਕਿ ਫਿਲਮ ਦਾ ਨਾਮ "ਮੇਰਾ ਬਾਬਾ ਨਾਨਕ" ਹੈ ਅਤੇ ਬਾਬਾ ਨਾਨਕ ਨੇ ਜੋ ਸਿੱਖਿਆਵਾਂ ਦਿੱਤੀਆਂ ਹਨ, "ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਨੂੰ ਮੁੱਖ ਰੱਖ ਕੇ ਇਹ ਫਿਲਮ ਬਣਾਈ ਗਈ ਹੈ। ਇਹ ਸਿੱਖਿਆਵਾਂ ਫਿਲਮ ਦੇ ਵਿੱਚ ਦੇਖਣ ਨੂੰ ਨਜ਼ਰ ਆਉਂਦੀਆਂ ਹਨ। ਇਹ ਫਿਲਮ ਪ੍ਰਮਾਤਮਾ ਉਪਰ ਵਿਸਵਾਸ਼ ਅਤੇ ਭਰੋਸੇ ਦੀ ਕਹਾਣੀ ਹੈ। ਇਸਤੋਂ ਬਿਨ੍ਹਾਂ ਸਮਾਜ ਦੇ ਵੱਖ ਵੱਖ ਮੁੱਦੇ ਇਸ ਫਿਲਮ ਵਿੱਚ ਲਏ ਗਏ ਹਨ। ਉਹਨਾਂ ਕਿਹਾ ਕਿ ਕਈ ਸਾਲਾਂ ਬਾਅਦ ਧਾਰਮਿਕ ਵਿਸ਼ਵਾਸ਼ ਨਾਲ ਜੁੜੀ ਫਿਲਮ ਆਈ ਹੈ, ਜਿਸਨੂੰ ਲੋਕ ਦੇਖਣਗੇ ਅਤੇ ਪਸੰਦ ਕਰਨਗੇ, ਇਹ ਸਾਨੂੰ ਉਮੀਦ ਹੈ।
ਫਿਲਮਾਂ ਬਣਾਉਣੀਆਂ ਬਹੁਤ ਵੱਡਾ ਚੈਲੇਂਜ : ਅਦਾਕਾਰ ਵਿਕਰਮਜੀਤ ਵਿਰਕ ਨੇ ਕਿਹਾ ਕਿ ਅੱਜ ਦੀ ਨਵੀਂ ਪੀੜ੍ਹੀ ਨੂੰ ਇਸ ਤਰ੍ਹਾਂ ਦੇ ਵਿਸ਼ੇ ਦੀ ਫਿਲਮ ਦੇਖਣੀ ਬਹੁਤ ਜ਼ਰੂਰੀ ਹੈ। ਇਸ ਤਰ੍ਹਾ ਦੀਆਂ ਫਿਲਮਾਂ ਬਣਾਉਣੀਆਂ ਬਹੁਤ ਵੱਡਾ ਚੈਲੇਂਜ ਹੈ। ਇਹ ਫਿਲਮ ਵੱਡੇ ਪੱਧਰ ਤੇ ਰਿਲੀਜ਼ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਦੀਆਂ ਫਿਲਮਾਂ ਰੋਜ਼ ਰੋਜ਼ ਨਹੀਂ ਬਣਦੀਆਂ ਅਤੇ ਸਮਾਜ ਦੇ ਵੱਖ ਵੱਖ ਮੁੱਦਿਆਂ ਨੂੰ ਉਭਾਰਨਾ ਵੱਡੀ ਗੱਲ ਹੈ। ਜਿਸ ਕਰਕੇ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਦੇਖ ਕੇ ਹੌਂਸਲਾ ਵਧਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦਰਸ਼ਕਾਂ ਵਲੋਂ ਫਿਲਮ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ।
ਉਥੇ ਇਸ ਮੌਕੇ ਫਿਲਮ ਦੇਖਣ ਵਾਲੇ ਦਰਸ਼ਕਾਂ ਨੇ ਕਿਹਾ ਕਿ "ਮੇਰਾ ਬਾਬਾ ਨਾਨਕ" ਇੱਕ ਪਰਿਵਾਰਕ ਫਿਲਮ ਹੈ। ਜੋ ਸਾਨੂੰ ਪਰਮਾਤਮਾ ਵਿੱਚ ਵਿਸ਼ਵਾਸ਼ ਰੱਖਣ ਲਈ ਪ੍ਰੇਰਿਤ ਕਰਦੀ ਹੈ। ਇਸਦੇ ਨਾਲ ਹੀ ਸਮਾਜ ਦੀਆਂ ਵੱਖ ਵੱਖ ਕੁਰੀਤੀਆਂ ਅਤੇ ਸਮੱਸਿਆਵਾਂ ਨੂੰ ੳਭਾਰਦੀ ਹੈ। ਫਿਲਮ ਤੋਂ ਇੱਕ ਹੋਰ ਚੰਗਾ ਸੰਦੇਸ਼ ਇਹ ਮਿਲਦਾ ਹੈ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਅਤੇ ਸਾਨੂੰ ਨਸਿਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਹ ਫਿਲਮ ਪਰਿਵਾਰਕ ਸਾਂਝ ਨੂੰ ਵਧਾਉਣ ਦਾ ਵੀ ਸੰਦੇਸ਼ ਦਿੰਦੀ ਹੈ। ਜਿਸ ਕਰਕੇ ਇਹ ਬਹੁਤ ਹੀ ਵਧੀਆ ਅਤੇ ਸੰਦੇਸ਼ ਭਰਪੂਰ ਫਿਲਮ ਹੈ।