ਚੰਡੀਗੜ੍ਹ : ਪੰਜਾਬ ਦੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅਵਾਰਾ ਗਊਆਂ ਦੀਆਂ ਸੰਭਾਲ ਬਾਰੇ ਇੱਕ ਵੱਡਾ ਸਵਾਲ ਸਭ ਦੇ ਸਾਹਮਣੇ ਰੱਖਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਭਾਗ ਗਾਊਆਂ ਦੀ ਸਾਂਭ-ਸੰਭਾਲ ਕਰਨ ਲਈ ਤਿਆਰ ਹੈ ਪਰ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਪਹਿਲਾਂ ਇਹ ਦੱਸਿਆ ਜਾਵੇ ਆਖ਼ਿਰ ਭਗਵਾਨ ਸ੍ਰੀ ਕ੍ਰਿਸ਼ਨ ਨੇ ਕਿਹੜੀ ਨਸਲ ਦੀ ਗਊ ਦੀ ਸਾਂਭ-ਸੰਭਾਲ ਕੀਤੀ ਸੀ ਕਿਉਂਕਿ ਭਾਰਤ ਵਿੱਚ ਵਿਦੇਸ਼ੀ ਨਸਲ ਦੀਆਂ ਗਾਵਾਂ ਬਹੁਤ ਸਾਰੀਆਂ ਹਨ।
ਗੌਰਤਲਬ ਹੈ ਕਿ ਆਵਾਰਾ ਗਊਆਂ ਦੀ ਵਧਦੀ ਹੋਈ ਗਿਣਤੀ ਜਿੱਥੇ ਦੁਰਘਟਨਾਵਾਂ ਦਾ ਕਾਰਨ ਬਣਦੀ ਹੈ ਉੱਥੇ ਹੀ ਆਮ ਜਨਜੀਵਨ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਹੈ। ਲਗਾਤਾਰ ਇਹ ਸੁਆਲ ਉੱਠਦਾ ਦਿਖਾਈ ਦਿੰਦਾ ਹੈ ਕਿ ਜਦੋਂ ਗਊ-ਸੈੱਸ ਉੱਤੇ ਸਰਕਾਰ ਅਲੱਗ ਤੋਂ ਟੈਕਸ ਵਸੂਲੀ ਕਰ ਰਹੀ ਹੈ ਤਾਂ ਗਊਆਂ ਦੀ ਸੁਰੱਖਿਆ ਦੇ ਪ੍ਰਬੰਧ ਪੁਖ਼ਤਾ ਕਿਉਂ ਨਹੀਂ ਕੀਤੇ ਜਾਂਦੇ।
ਉਨ੍ਹਾਂ ਦਾ ਕਹਿਣਾ ਹੈ ਕਿ ਵੱਡੀ ਸੰਖਿਆ ਵਿੱਚ ਅਵਾਰਾ ਗਊਆਂ ਸੜਕਾਂ 'ਤੇ ਫਿਰਦੀਆਂ ਰਹਿੰਦੀਆਂ ਹਨ ਜਿੰਨ੍ਹਾਂ ਦੀ ਸੰਭਾਲ ਔਖੀ ਹੈ ਨਾਲ ਹੀ ਉਨ੍ਹਾਂ ਨੇ ਜਨਤਾ ਖ਼ਾਸ ਕਰ ਕੇ ਹਿੰਦੂ ਧਾਰਮਿਕ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਇਹ ਸਪੱਸ਼ਟ ਕਰਨ ਕਿ ਆਖ਼ਿਰ ਕਿਹੜੀ ਗਊ ਦੇਸੀ ਹੈ?
ਇਹ ਵੀ ਪੜ੍ਹੋ : ਬਰਗਾੜੀ 'ਚ ਸਿੱਖ ਨੌਜਵਾਨ 'ਤੇ ਚਲਾਈਆਂ ਗੋਲੀਆਂ
ਉਨ੍ਹਾਂ ਕਿਹਾ ਕਿ ਕ੍ਰਿਸ਼ਨ ਭਗਵਾਨ ਨੇ ਜਿਹੜੀਆਂ ਗਊਆਂ ਦੀ ਰੱਖਿਆ ਕੀਤੀ ਸੀ ਉਹ ਹੰਪ ਵਾਲੀਆਂ ਗਊਆਂ ਸਨ, ਪਰ ਇਸ ਸਮੇਂ ਦੇਸ਼ ਵਿੱਚ ਇਜ਼ਰਾਇਲੀ, ਨਿਊਜ਼ੀਲੈਂਡ ਤੋਂ ਲਿਆਂਦੀਆਂ ਹੋਈਆਂ ਗਊਆਂ ਵੀ ਅਵਾਰਾ ਗਊਆਂ ਵਿੱਚ ਸ਼ਾਮਲ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜਨਤਾ ਖ਼ਾਸ ਕਰ ਕੇ ਹਿੰਦੂ ਧਾਰਮਿਕ ਸੰਗਠਨ ਇਹ ਸੁਨਿਸ਼ਚਿਤ ਕਰ ਦੇਣ ਕਿ ਕਿਸ ਗਊ ਦੀ ਸੰਭਾਲ ਕਰਨੀ ਹੈ।