ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਨਤੀਜਾ ਵਿਭਾਗ ਦੀ ਸਰਕਾਰੀ ਵੈੱਬਸਾਈਟ pseb.ac.in 'ਤੇ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਲਗਭਗ 99.60% ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਹ ਵੀ ਯਾਦ ਰਹੇ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5 ਦੀਆਂ ਪ੍ਰੀਖਿਆਵਾਂ 24 ਫਰਵਰੀ ਤੋਂ 4 ਮਾਰਚ 2023 ਤੱਕ ਕਰਵਾਈਆਂ ਗਈਆਂ ਸਨ।
ਦਰਅਸਲ 5 ਅਪ੍ਰੈਲ ਨੂੰ ਐਲਾਨਿਆਂ ਜਾਣ ਵਾਲਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ 5ਵੀਂ ਜਮਾਤ ਦਾ ਨਤੀਜਾ ਅੱਜ ਆਉਣ ਦੇ ਆਸਾਰ ਸਨ। ਹਾਲਾਂਕਿ ਵਿਭਾਗ ਵਲੋਂ ਨਤੀਜਾ ਐਲਾਨਣ ਦਾ ਸਮਾਂ ਦੁਪਹਿਰੇ ਤਿੰਨ ਵਜੇ ਤੈਅ ਕੀਤਾ ਗਿਆ ਸੀ। ਪਰ ਦੁਪਹਿਰ ਤਿੰਨ ਵਜੇ ਤੱਕ ਰਿਜਲਟ ਨਹੀਂ ਐਲਾਨਿਆਂ ਗਿਆ। ਹਾਲਾਂਕਿ ਨਤੀਜਾ ਐਲਾਨਣ ਦੀ ਪੁਸ਼ਟੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰਾ ਭਾਟੀਆ ਵਲੋਂ ਕੀਤੀ ਗਈ ਸੀ। ਇਹ ਸਿੱਖਿਆ ਵਿਭਾਗ ਵਲੋਂ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਦਿੱਤੀ ਗਈ ਸੀ।
ਜਸਪ੍ਰੀਤ ਕੌਰ ਨੇ ਕੀਤਾ ਟਾਪ : ਜਾਣਕਾਰੀ ਮੁਤਾਬਿਕ ਮਾਨਸਾ ਦੀ ਜਸਪ੍ਰੀਤ ਕੌਰ ਨੇ 100 ਫੀਸਦੀ ਅੰਕ ਹਾਸਿਲ ਕਰਕੇ ਟਾਪ ਕੀਤਾ ਹੈ। ਇਸੇ ਤਰ੍ਹਾਂ ਨਵਦੀਪ ਕੌਰ ਦੂਜੇ ਅਤੇ ਫਰੀਦਕੋਟ ਦੇ ਗੁਰਨੂਰ ਸਿੰਘ ਧਾਲੀਵਾਲ ਨੇ ਤੀਜੀ ਥਾਂ ਹਾਸਿਲ ਕੀਤੀ ਹੈ। ਨਵਦੀਪ ਅਤੇ ਗੁਰਨੂਰ ਨੇ ਵੀ ਸੌ ਫੀਸਦ ਅੰਕ ਹਾਸਿਲ ਕੀਤੇ ਹਨ। ਇਹ ਵੀ ਯਾਦ ਰਹੇ ਕਿ ਕੁੱਲ 99.69 ਫੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਪ੍ਰੀਖਿਆ ਵਿੱਚ ਕੁੱਲ 99.74% ਲੜਕੀਆਂ ਪਾਸ ਹੋਈਆਂ ਹਨ। ਜਦੋਂ ਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 99.65 ਹੈ। ਇਸ ਤੋਂ ਇਲ਼ਾਵਾ ਬਰਨਾਲਾ ਤੇ ਤਰਨਤਾਰਨ ਜ਼ਿਲ੍ਹਿਆਂ ਦੀ ਪਾਸ ਪ੍ਰਤੀਸ਼ਤਤਾ ਸਭ ਤੋਂ ਵੱਧ 99.86 ਫੀਸਦ ਦਰਜ ਹੋਈ ਹੈ। ਜ਼ਿਲ੍ਹਾ ਮੋਹਾਲੀ ਦੀ ਸਭ ਤੋਂ ਘੱਟ ਪਾਸ ਫੀਸਦ 99.45 ਦਰਜ ਹੋਈ ਹੈ।
ਬੋਰਡ ਦੇ ਚੇਅਰਮੈਨ ਨੇ ਕੀਤੀ ਪੁਸ਼ਟੀ : ਪ੍ਰੈੱਸ ਦੇ ਨਾਂ ਬਿਆਨ ਵਿੱਚ ਡਾ. ਵਰਿੰਦਰਾ ਭਾਟੀਆ ਨੇ ਦੱਸਿਆ ਸੀ ਕਿ ਬੋਰਡ ਦੀ ਪੰਜਵੀਂ ਜਮਾਤ ਦਾ ਨਤੀਜਾ ਪਹਿਲਾਂ 5 ਅਪ੍ਰੈਲ ਨੂੰ ਐਲਾਨਿਆ ਜਾਣਾ ਸੀ ਪਰ ਕੁਝ ਵਿਭਾਗੀ ਕਾਰਨਾਂ ਕਰਕੇ ਇਹ ਨਤੀਜਾ ਵਿਭਾਗ ਵਲੋਂ ਜਾਰੀ ਨਹੀਂ ਕੀਤਾ ਜਾ ਸਕਿਆ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਹ ਨਤੀਜਾ ਅੱਜ ਯਾਨੀ ਕਿ ਵੀਰਵਾਰ ਨੂੰ ਦੁਪਹਿਰ 3 ਵਜੇ ਐਲਾਨਿਆ ਜਾਵੇਗਾ। ਦੂਜੇ ਪਾਸੇ ਉਨ੍ਹਾਂ ਬਕਾਇਦਾ ਇਸ ਨਤੀਜੇ ਨੂੰ ਦੇਖਣ ਦਾ ਤਰੀਕਾ ਵੀ ਦੱਸਿਆ ਸੀ।
ਵਿਦਿਆਰਥੀ ਇਸ ਤਰ੍ਹਾਂ ਦੇਖ ਸਕਦੇ ਹਨ ਨਤੀਜਾ : ਇਹ ਵੀ ਯਾਦ ਰਹੇ ਕਿ ਵਿਦਿਆਰਥੀ ਵਿਭਾਗ ਦੀ ਵੈਬਸਾਈਟ https://www.pseb--ac.in/5th-class-result/ ਉੱਤੇ ਲਾਗਿਨ ਕਰਕੇ ਆਪਣਾ ਨਤੀਜਾ ਵੇਖ ਸਕਦੇ ਹਨ। ਇਸ ਲਈ ਅਧਿਕਾਰਤ ਵੈੱਬਸਾਈਟ- pseb.ac.in 'ਤੇ ਲਾਗਿਨ ਕਰਨਾ ਪਵੇਗਾ। ਇਸ ਤੋਂ ਬਾਅਦ ਕਲਾਸ 5 ਦੇ ਨਤੀਜੇ ਲਈ ਲਿੰਕ 'ਤੇ ਕਲਿੱਕ ਕਰਕੇ ਆਪਣੇ ਪ੍ਰਮਾਣ ਪੱਤਰ ਨੂੰ ਦਾਖਲ ਕਰਨਾ ਹੋਵੇਗਾ। ਇਸ ਤੋਂ ਬਾਅਦ ਰੋਲ ਨੰਬਰ ਅਤੇ ਜਨਮ ਮਿਤੀ ਭਰ ਕੇ ਵਿਦਿਆਰਥੀ ਆਪਣਾ ਨਤੀਜਾ ਵੇਖ ਸਕਦੇ ਹਨ। ਇਸ ਨੂੰ ਪ੍ਰਿੰਟ ਲਈ ਡਾਉਨਲੋਡ ਵੀ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : Surface Siding: ਸਰਫੇਸ ਸੀਡਿੰਗ ਕਣਕ ਲਈ ਵਰਦਾਨ, ਭਾਰੀ ਮੀਂਹ ਤੇ ਗੜੇਮਾਰੀ ਦਾ ਵੀ ਨਹੀਂ ਅਸਰ, ਵੇਖੋ ਤੇ ਜਾਣੋ ਕਿ ਹੈ ਤਕਨੀਕ
ਜ਼ਿਕਰਯੋਗ ਹੈ ਕਿ ਵਿਭਾਗ ਵਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਫਰਵਰੀ ਤੋਂ ਮਾਰਚ ਦਰਮਿਆਨ ਕਰਵਾਈ ਗਈ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਵਲੋਂ ਕਿਹਾ ਗਿਆ ਹੈ ਕਿ 5ਵੀਂ ਜਮਾਤ ਦਾ ਨਤੀਜਾ ਪ੍ਰੀਖਿਆ ਕਰਵਾਉਣ ਦੇ ਇੱਕ ਮਹੀਨੇ ਦੇ ਅੰਦਰ ਐਲਾਨਿਆ ਜਾਵੇਗਾ। ਇਹ ਵੀ ਯਾਦ ਰਹੇ ਕਿ ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਪਹਿਲਾਂ 16 ਫਰਵਰੀ ਤੋਂ ਸ਼ੁਰੂ ਹੋਣੀਆਂ ਸਨ ਪਰ ਬਾਅਦ ਵਿੱਚ ਅੰਮ੍ਰਿਤਸਰ ਵਿਖੇ ਹੋਣ ਵਾਲੇ ਜੀ-20 ਸੰਮੇਲਨ ਕਾਰਨ ਇਸ ਦੀਆਂ ਤਾਰੀਕਾਂ ਨੂੰ ਬਦਲ ਦਿੱਤਾ ਗਿਆ ਸੀ। ਦੂਜੇ ਪਾਸੇ ਵਿਦਿਆਰਥੀਆਂ ਨੂੰ ਵੀ ਆਪਣੇ ਨਤੀਜੇ ਦਾ ਬੇਸਬਰੀ ਨਾਲ ਇੰਤਜਾਰ ਹੈ।