ਚੰਡੀਗੜ੍ਹ: ਪੰਜਾਬ ਦੇ ਇੱਕ ਕੈਬਨਿਟ ਮੰਤਰੀ ਦੇ ਰੰਗੀਨ ਮਿਜਾਜ਼ ਦੀ ਕਥਿਤ ਵੀਡੀਓ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਕੋਲ ਪਹੁੰਚ ਗਈ। ਰਾਜਪਾਲ ਵੱਲੋਂ ਡੀਜੀਪੀ ਨੂੰ ਇਹ ਵੀਡੀਓ ਸੌਂਪੀ ਗਈ ਅਤੇ ਇਸ ਵੀਡੀਓ ਦੀ ਜਾਂਚ ਕਰਨ ਲਈ 3 ਦਿਨ ਦਾ ਸਮਾਂ ਦਿੱਤਾ ਗਿਆ। ਜਾਂਚ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ 'ਆਪ' ਸਰਕਾਰ ਦੇ ਮੰਤਰੀ ਦੀ ਰੰਗੀਨ ਮਿਜਾਜ਼ੀ ਅਸਲੀ ਹੈ ਜਾਂ ਫਿਰ ਨਕਲੀ। 'ਆਪ' ਸਰਕਾਰ ਦੇ 1 ਸਾਲ ਦੇ ਕਾਰਜਕਾਲ ਵਿੱਚ ਅਜਿਹੇ ਕਈ ਮਾਮਲੇ ਹਨ ਜੋ ਰਾਜਪਾਲ ਦੇ ਦਰਬਾਰ ਵਿੱਚ ਪਹੁੰਚੇ। ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਗਵਰਨਰ ਦੇ ਦਰਬਾਰ, ਪੰਜਾਬ ਸਰਕਾਰ ਕਟਿਹਰੇ 'ਚ ਖੜ੍ਹੀ ਹੋਵੇ।
ਪੰਜਾਬ ਦੀ ਸੱਤਾ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਉਮੀਦਾਂ ਅਤੇ ਬਦਲਾਅ ਦੇ ਦਾਅਵੇ ਲੈ ਕੇ ਪੰਜਾਬ ਦੀ ਸੱਤਾ 'ਤੇ ਕਾਬਜ ਹੋਈ, ਪਰ 1 ਸਾਲ ਬੀਤਦਿਆਂ-ਬੀਤਦਿਆਂ ਸਰਕਾਰ ਦੀਆਂ ਮੁਸ਼ਕਿਲਾਂ ਅਤੇ ਗਵਰਨਰ ਕੋਲ ਪਹੁੰਚ ਰਹੀਆਂ ਸ਼ਿਕਾਇਤਾਂ ਲਗਾਤਾਰ ਵਧ ਰਹੀਆਂ ਹਨ। ਮੰਤਰੀ ਦੇ ਵੀਡੀਓ ਵਿਵਾਦ ਵਿੱਚ ਘਿਰੀ 'ਆਪ' ਸਰਕਾਰ ਦੀਆਂ ਸ਼ਿਕਾਇਤਾਂ ਦਾ ਪਿਟਾਰਾ ਇਸ ਤੋਂ ਪਹਿਲਾਂ ਕਈ ਵਾਰ ਰਾਜਪਾਲ ਸਾਹਮਣੇ ਖੁੱਲ੍ਹਿਆ। ਇਸ ਵਾਰ ਮੁੱਦਾ ਅਤੇ ਇਲਜ਼ਾਮ ਦੋਵੇਂ ਹੀ ਸੰਗੀਨ ਹਨ। ਜਿਸ ਦੀ ਜਾਂਚ ਤੋਂ ਬਾਅਦ ਕੀ ਕੁੱਝ ਹੋ ਸਕਦਾ ਇਸ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਨਾਲ ਹੀ ਇਕ ਸਵਾਲ ਵੀ ਜ਼ਰੂਰ ਹੈ ਕਿ ਹਰ ਮੁੱਦਾ ਰਾਜਪਾਲ ਕੋਲ ਸ਼ਿਕਾਇਤ ਬਣ ਕੇ ਕਿਉਂ ਪਹੁੰਚਦਾ ਹੈ ?
ਵੀਡੀਓ ਵਿਵਾਦ ਕੀ ਹੈ?: ਕਾਂਗਰਸ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਦਾ ਦਾਅਵਾ ਹੈ ਕਿ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਉਹਨਾਂ ਦੇ ਹੱਥ ਲੱਗੀ ਇਸ ਵੀਡੀਓ ਦੇ 2 ਕਲਿੱਪ ਹਨ ਇੱਕ 4 ਮਿੰਟ ਦਾ ਅਤੇ ਦੂਜਾ 8 ਮਿੰਟ ਦਾ। ਜਿਹਨਾਂ ਵਿਚ ਮੰਤਰੀ ਦੇ ਬਹੁਤ ਹੀ ਇਤਰਾਜਯੋਗ ਸੀਨ ਹਨ। ਫੋਰੈਂਸਿਕ ਜਾਂਚ ਕਰਵਾਉਣ ਲਈ ਉਹ ਵੀਡੀਓ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪੀ ਗਈ। ਰਾਜਪਾਲ ਨੇ ਚੰਡੀਗੜ੍ਹ ਅਤੇ ਪੰਜਾਬ ਦੋਵਾਂ ਦੇ ਡੀਜੀਪੀਜ਼ ਨੂੰ ਇਸ ਦੀ ਨਿਰਪੱਖ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੀਡੀਆ ਰਿਪੋਰਟਾਂ ਅਤੇ ਸਿਆਸੀ ਗਲਿਆਰਿਆਂ ਵਿੱਚ ਚੱਲ ਰਹੀ ਚਰਚਾ ਮੁਤਾਬਿਕ ਇਸ ਵੀਡੀਓ 'ਚ ਮੰਤਰੀ ਨਾਲ ਇਤਰਾਜ਼ਯੋਗ ਹਾਲਤ ਵਿਚ ਕੋਈ ਲੜਕੀ ਨਹੀਂ ਬਲਕਿ ਲੜਕਾ ਹੈ। ਜਿਸ ਨੂੰ ਸਮਲਿੰਗੀ ਸਬੰਧਾਂ ਦਾ ਮਾਮਲਾ ਦੱਸਿਆ ਜਾ ਰਿਹਾ ਹੈ।
ਰਾਜਪਾਲ ਕੋਲ ਪਹੁੰਚਦੀ ਹਰ ਸ਼ਿਕਾਇਤ: ਮਾਹਿਰ ਕਹਿੰਦੇ ਨੇ ਕਿ ਸੂਬੇ ਦਾ ਹਰ ਮਾਮਲਾ ਰਾਜਪਾਲ ਕੋਲ ਪਹੁੰਚੇ ਅਤੇ ਸਰਕਾਰ ਦੀ ਸ਼ਿਕਾਇਤ ਰਾਜਪਾਲ ਕੋਲ ਕੀਤੀ ਜਾਵੇ ਇਹ ਉਸ ਸਮੇਂ ਹੁੰਦਾ ਜਦੋਂ ਸਰਕਾਰ ਸਵਾਲਾਂ ਤੋਂ ਭੱਜਦੀ ਹੋਵੇ ਅਤੇ ਸਵਾਲਾਂ ਦਾ ਜਵਾਬ ਨਾ ਦੇਵੇ ਤਾਂ ਫਿਰ ਅਕਸਰ ਹੀ ਹਰ ਮਾਮਲਾ ਰਾਜਪਾਲ ਕੋਲ ਪਹੁੰਚਦਾ। ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਖੁਦ ਨਾਮ ਲੈ ਕੇ ਕਹਿੰਦੇ ਹਨ ਕਿ ਇਹਨਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇਣਾ। ਅਜਿਹੇ ਹਲਾਤਾਂ ਵਿੱਚ ਵਿਰੋਧੀ ਧਿਰਾਂ ਸੰਵਿਧਾਨਕ ਮੁੱਖੀ ਕੋਲ ਜਾ ਕੇ ਮੁੱਦਾ ਚੁੱਕਦੀਆਂ ਹਨ। ਰਾਜਪਾਲ ਕੋਲ ਸ਼ਿਕਾਇਤ ਜਾਣਾ ਅਤੇ ਫਿਰ ਰਾਜਪਾਲ ਵੱਲੋਂ ਸਰਕਾਰ ਤੋਂ ਪੁੱਛ ਪੜਤਾਲ ਕਰਨ ਦਾ ਮਤਲਬ ਕਾਫ਼ੀ ਗੰਭੀਰ ਹੁੰਦਾ ਹੈ।
ਸਰਕਾਰ ਦੀਆਂ ਇਹ ਸ਼ਿਕਾਇਤਾਂ ਰਾਜਪਾਲ ਕੋਲ ਪਹੁੰਚੀਆਂ: ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਤੱਕ, ਸਿਆਸਤ ਤੋਂ ਲੈ ਕੇ ਅਮਨ ਕਾਨੂੰਨ ਦੀ ਵਿਵਸਥਾ ਤੱਕ ਕਈ ਸ਼ਿਕਾਇਤਾਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਕੋਲ ਪਹੁੰਚੀਆਂ। ਚੇਤੇ ਰਹੇ ਕਿ ਜਦੋਂ ਚੇਤਨ ਸਿੰਘ ਜੌੜਾਮਾਜਰਾ ਪੰਜਾਬ ਦੇ ਸਿਹਤ ਮੰਤਰੀ ਹੁੰਦੇ ਸਨ ਤਾਂ ਉਹਨਾਂ ਦਾ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਨਾਲ ਪਿਆ ਪੇਚਾ ਵੀ ਗਵਰਨਰ ਤੱਕ ਪਹੁੰਚਿਆ, ਪੰਜਾਬ ਸਰਕਾਰ ਨੇ ਭਾਜਪਾ ਉੱਤੇ ਆਪ੍ਰੇਸ਼ਨ ਲਾਟਸ ਦੇ ਇਲਜ਼ਾਮ ਲਗਾਏ ਉਹਨਾਂ ਦੀ ਜਾਂਚ ਲਈ ਸ਼ਿਕਾਇਤ ਭਾਜਪਾ ਵੱਲੋਂ ਗਵਰਨਰ ਨੂੰ ਕੀਤੀ ਗਈ। ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਸਬੰਧੀ ਭਾਜਪਾ ਨੇ ਗਵਰਨਰ ਨੂੰ ਪੱਤਰ ਦਿੱਤਾ, ਚੰਡੀਗੜ੍ਹ ਵਿੱਚ ਪੰਜਾਬ ਕੇਡਰ ਦੇ ਐਸਐਸਪੀ ਕੁਲਦੀਪ ਚਹਿਲ ਦੇ ਮਾੜੇ ਰਵੱਈਏ ਖ਼ਿਲਾਫ਼ ਸ਼ਿਕਾਇਤ ਰਾਜਪਾਲ ਦਫ਼ਤਰ ਪਹੁੰਚੀ। ਭਾਜਪਾ ਆਗੂ ਤਰੁਣ ਚੁੱਘ ਨੇ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਦਾ ਪੱਤਰ ਰਾਜਪਾਲ ਨੂੰ ਲਿਖ ਕੇ ਕਾਰਵਾਈ ਦੀ ਮੰਗ ਕੀਤੀ। ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਦੀ ਨਿਯੁਕਤੀ ਖ਼ਿਲਾਫ਼ ਸ਼ਿਕਾਇਤ ਰਾਜਪਾਲ ਕੋਲ ਪਹੁੰਚੀ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਵਿਗੜੀ ਅਮਨ ਕਾਨੂੰਨ ਵਿਵਸਥਾ 'ਤੇ ਰਾਜਪਾਲ ਨੂੰ ਸ਼ਿਕਾਇਤ ਕੀਤੀ ਅਤੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਐਡਵੋਕੇਟ ਜਨਰਲ ਵਿਨੋਦ ਘਈ ਦੇ ਚਾਲ ਚਲਨ ਖ਼ਿਲਾਫ਼ ਰਾਜਪਾਲ ਨੂੰ ਸ਼ਿਕਾਇਤ ਕੀਤੀ। 'ਆਪ' ਸਰਕਾਰ 'ਤੇ ਇਹ ਇਲਜ਼ਾਮ ਵੀ ਲੱਗਦੇ ਰਹੇ ਕਿ ਸਰਕਾਰ ਇਹਨਾਂ ਸਾਰੇ ਮਾਮਲਿਆਂ 'ਚ ਕਾਰਵਾਈ ਕਰਨ ਦੀ ਬਜਾਏ ਇਹਨਾਂ ਮਾਮਲਿਆਂ ਨੂੰ ਦਬਾਉਂਦੀ ਰਹੀ।
ਵੀਡੀਓ ਵਿਵਾਦ ਦਾ ਸਿਆਸਤ 'ਤੇ ਪ੍ਰਭਾਵ: ਰਾਜਨੀਤਕ ਮਾਹਿਰ ਮਾਲਵਿੰਦਰ ਮਾਲੀ ਕਹਿੰਦੇ ਹਨ ਹਾਲਾਂਕਿ ਇਹ ਵੀਡੀਓ ਅਜੇ ਜਤਨਕ ਨਹੀਂ ਹੋਈ ਪਰ ਜਿਸ ਤਰ੍ਹਾਂ ਇਸ ਦਾ ਪ੍ਰਚਾਰ ਹੋ ਰਿਹਾ ਹੈ ਉਸ ਨੇ ਆਮ ਆਦਮੀ ਪਾਰਟੀ ਦੇ ਅਕਸ ਨੂੰ ਦਾਅ ਲਗਾਇਆ ਹੈ। ਵੀਡੀਓ ਕਲਚਰ ਸੁੱਚਾ ਸਿੰਘ ਛੋਟੇਪੁਰ ਲਈ ਆਮ ਆਦਮੀ ਪਾਰਟੀ ਨੇ ਹੀ ਸ਼ੁਰੂ ਕੀਤਾ ਸੀ ਜੋ ਕਿ ਹੁਣ ਆਮ ਆਦਮੀ ਪਾਰਟੀ 'ਤੇ ਹੀ ਭਾਰੀ ਪੈ ਰਿਹਾ ਹੈ। ਇਹ ਮਾਮਲਾ ਆਪਣੇ-ਆਪ ਵਿੱਚ ਗੰਭੀਰ ਹੈ ਜਿਸ ਦਾ ਖਮਿਆਜ਼ਾ ਆਮ ਆਦਮੀ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ। ਆਮ ਆਦਮੀ ਪਾਰਟੀ ਲਈ ਲੋਕਾਂ ਦਾ ਨਜ਼ਰੀਆ ਬਦਲ ਗਿਆ ਹੈ ਪਾਰਟੀ ਦਾ ਦੋਹਰਾ ਕਿਰਦਾਰ ਲੋਕਾਂ ਦੇ ਸਾਹਮਣੇ ਆਇਆ ਇੱਕ ਤਾਂ ਇਹ ਕਿ 'ਆਪ' ਸਵਾਲਾਂ ਦਾ ਜਵਾਬ ਨਹੀਂ ਦਿੰਦੀ ਮਸਲੇ ਸੁਲਝਾਉਂਦੀ ਨਹੀਂ ਬਲਕਿ ਉਨ੍ਹਾਂ ਨੂੰ ਦਬਾਅ ਕੇ ਹੋਰ ਉਲਝਾ ਲੈਂਦੀ ਹੈ। ਆਪਣੇ ਮੰਤਰੀ ਵਿਧਾਇਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਉਹਨਾਂ ਮਾਮਲਿਆਂ ਨੂੰ ਦੱਬ ਲੈਂਦੀ ਹੈ।
ਇਹ ਵੀ ਪੜ੍ਹੋ: ਪੰਜਾਬ ਮਿਕਸ ਲੈਂਡ ਯੂਜ਼ ਉਤੇ ਲਟਕੀ ਪਲਾਇਨ ਦੀ ਤਲਵਾਰ, ਸਤੰਬਰ ਤੱਕ ਦਾ ਸਮਾਂ, ਕਾਰੋਬਾਰੀਆਂ ਵਲੋਂ ਪ੍ਰਦਰਸ਼ਨ