ਚੰਡੀਗੜ੍ਹ : ਬੀਬੀਸੀ ਪੰਜਾਬੀ ਦੇ ਟਵਿੱਟਰ ਖਾਤੇ ਉੱਤੇ ਲੱਗੀ ਕਈ ਘੰਟਿਆਂ ਦੀ ਰੋਕ ਨੂੰ ਖਤਮ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਬੀਬੀਸੀ ਨਿਊਜ਼ ਪੰਜਾਬੀ ਦੇ ਟਵਿੱਟਰ ਉੱਤੇ ਭਾਰਤ ਵਿੱਚ ਪਾਬੰਦੀ ਤੋਂ ਵੀ ਕੇਂਦਰ ਸਰਕਾਰ ਵਲੋਂ ਕਿਨਾਰਾ ਕਰ ਲਿਆ ਗਿਆ ਹੈ। ਬੀਬੀਸੀ ਦਾ ਇਹ ਖਾਤਾ ਕਈ ਘੰਟੇ ਬੰਦ ਰਿਹਾ ਹੈ। ਬੀਬੀਸੀ ਵਲੋਂ ਵੀ ਇਸਦੀ ਪੁਸ਼ਟੀ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਟਵਿੱਟਰ ਨੇ ਬੀਬੀਸੀ ਨੂੰ ਮੇਲ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਭਾਰਤ ਸਰਕਾਰ ਵਲੋਂ ਬੀਬੀਸੀ ਦੇ ਖਾਤੇ ਉੱਤੇ ਲੱਗੀ ਰੋਕ ਹਟਾਉਣ ਦੀ ਕਾਨੂੰਨੀ ਪ੍ਰਵਾਨਗੀ ਮਿਲ ਗਈ ਹੈ ਅਤੇ ਇਸੇ ਲਈ ਇਹ ਖਾਤਾ ਰੋਕ ਤੋਂ ਲਾਂਭੇ ਕੀਤਾ ਜਾ ਰਿਹਾ ਹੈ। ਹਾਲਾਂਕਿ ਇਹ ਵੀ ਜਾਣਕਾਰੀ ਹੈ ਕਿ ਬੀਬੀਸੀ ਨੇ ਕੇਂਦਰ ਨੂੰ ਈਮੇਲ ਕਰਕੇ ਇਹ ਪੁੱਛਿਆ ਸੀ ਕਿ ਖਾਤੇ ਉੱਤੇ ਰੋਕ ਲਗਾਈ ਜਾਵੇ ਕਿ ਨਹੀਂ। ਦੂਜੇ ਪਾਸੇ ਕੇਂਦਰ ਦੇ ਅਧਿਕਾਰੀ ਵਲੋਂ ਈਮੇਲ ਦਾ ਜਵਾਬ ਦੇ ਕੇ ਕਿਹਾ ਗਿਆ ਹੈ ਕਿ ਬੀਬੀਸੀ ਨਿਊਜ਼ ਪੰਜਾਬੀ ਦਾ ਟਵਿੱਟਰ ਖਾਤਾ ਰੋਕਣ ਬਾਰੇ ਨਹੀਂ ਕਿਹਾ ਗਿਆ ਹੈ।
ਕਈ ਖਾਤੇ ਕੀਤੇ ਗਏ ਸਨ ਬੰਦ : ਦਰਅਸਲ, ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਖ਼ਿਲਾਫ਼ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਕਈ ਟਵਿੱਟਰ ਖਾਤੇ ਬੰਦ ਕੀਤੇ ਗਏ ਸਨ, ਇਸ ਲਿਸਟ ਵਿੱਚ ਬੀਬੀਸੀ ਦਾ ਖਾਤਾ ਵੀ ਸ਼ਾਮਿਲ ਕੀਤਾ ਗਿਆ ਹੈ। ਜਦੋਂ ਵੀ ਕੋਈ ਬੀਬੀਸੀ ਦਾ ਟਵਿਟਰ ਖਾਤਾ ਸਰਚ ਕਰਦਾ ਸੀ ਤਾਂ ਅੱਗੇ ‘ਅਕਾਉਂਟ ਵਿਦਹੈੱਲਡ’ ਲਿਖਿਆ ਮਿਲਦਾ ਸੀ, ਇਸਦਾ ਤਕਨੀਕੀ ਮਤਲਬ ਖਾਤੇ ਉੱਤੇ ਰੋਕ ਹੈ। ਪਰ ਹੁਣ ਖਾਤਾ ਮੁੜ ਚਾਲੂ ਕਰ ਦਿੱਤਾ ਗਿਆ ਹੈ।
ਇਹ ਵੀ ਯਾਦ ਰਹੇ ਕਿ ਪੰਜਾਬ ਨਾਲ ਸਬੰਧਤ ਕਈ ਪੱਤਰਕਾਰਾਂ, ਲੇਖਕਾਂ, ਟਿੱਪਣੀ ਕਰਨ ਵਾਲਿਆਂ, ਸਮਾਜਿਕ ਤੇ ਸਿਆਸੀ ਕਾਰਕੁਨਾਂ ਦੇ ਟਵਿੱਟਰ ਖਾਤਿਆਂ ਉੱਤੇ ਵੀ ਰੋਕ ਲਾਈ ਗਈ ਸੀ। ਜਾਣਕਾਰੀ ਮੁਤਾਬਿਕ ਚੰਡੀਗੜ੍ਹ ਤੋਂ ਪ੍ਰੋ-ਪੰਜਾਬ ਡਿਜੀਟਲ ਮੀਡੀਆ ਅਦਾਰੇ ਲਈ ਕੰਮ ਕਰਨ ਵਾਲੇ ਗਗਨਦੀਪ ਸਿੰਘ ਦਾ ਟਵਿੱਟਰ ਖਾਤਾ 19 ਮਾਰਚ ਤੋਂ ਬੰਦ ਹੈ। ਉਨ੍ਹਾਂ ਵਲੋਂ ਇਸ ਬਾਰੇ ਬਾਕੀ ਮੀਡੀਆ ਅਦਾਰਿਆਂ ਨੂੰ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਮੁਤਾਬਿਕ 18 ਮਾਰਚ ਨੂੰ ਟਵਿੱਟਰ ਉਪਰ ਇੱਕ ਵੀਡੀਓ ਪੋਸਟ ਕੀਤੀ ਸੀ, ਹਾਲਾਂਕਿ ਇਹ ਪਹਿਲਾਂ ਤੋਂ ਹੀ ਸੋਸ਼ਲ ਮੀਡੀਆ ਉੱਤੇ ਵਾਇਰਲ ਸੀ।
ਇਹ ਵੀ ਪੜ੍ਹੋ : Flag March Mansa: ਮਾਨਸਾ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ, ਜਨਤਾ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ
ਇਸੇ ਤਰ੍ਹਾਂ ਪੱਤਰਕਾਰ ਸਨਦੀਪ ਸਿੰਘ ਦਾ ਟਵਿੱਟਰ ਖਾਤਾ ਵੀ ਰੋਕਿਆ ਗਿਆ ਹੈ। ਬੀਬੀਸੀ ਮੁਤਾਬਿਕ 20 ਮਾਰਚ ਨੂੰ ਉਨ੍ਹਾਂ ਵਾਂਗ ਦੋ ਹੋਰ ਪੱਤਰਕਾਰਾਂ ਦੇ ਰੋਕੇ ਗਏ ਟਵਿੱਟਰ ਅਕਾਉਂਟ ਦੇ ਸਕਰੀਨਸ਼ਾਟ ਵੀ ਟਵੀਟ ਕੀਤੇ ਗਏ ਸਨ। ਸ਼ਾਮ ਨੂੰ ਉਸਦਾ ਖਾਤਾ ਵੀ ਬੰਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਣੇ ਕਈ ਹੋਰ ਲੋਕਾਂ ਦੇ ਖਾਤੇ ਵੀ ਟਵਿਟਰ ਨੇ ਬੈਨ ਕੀਤੇ ਹਨ। ਇਸਦਾ ਬੁੱਧੀਜੀਵੀਆਂ, ਪੱਤਰਕਾਰਾਂ ਨੇ ਵਿਰੋਧ ਵੀ ਕੀਤਾ ਹੈ।