ਚੰਡੀਗੜ੍ਹ: ਜ਼ੀਰਕਪੁਰ ਥਾਣੇ ਅਧੀਨ ਪੈਂਦੇ ਪਿੰਡ ਸਿੰਘਪੁਰਾ ਰੋਡ 'ਤੇ ਬਣੀ ਐਮੀਨੈਂਸ ਸੁਸਾਇਟੀ 'ਚ ਖ਼ੂਫੀਆ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ। ਫਲੈਟ ਨੰਬਰ 903 'ਚ ਲਗਾਤਾਰ ਤਿੰਨ ਮਹੀਨਿਆਂ ਤੋਂ ਰਹਿ ਰਹੇ ਸੁਰਿੰਦਰ ਨਾਅ ਦੇ ਵਿਅਕਤੀ ਦੇ ਘਰੋਂ AK 47. ਸਨਾਈਪਰ ਰਾਈਫਲ ਅਤੇ ਨਕਦੀ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਸੁਰਿੰਦਰ ਸਿੰਘ ਉਰਫ਼ ਸਿਕੰਦਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਸੁਰਿੰਦਰ ਕਿਸੇ ਵੱਡੀ ਅੱਤਵਾਦੀ ਸਾਜਿਸ਼ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸੀ ਪਰ ਖ਼ੂਫੀਆ ਵਿਭਾਗ ਨੇ ਉਸ ਨੂੰ ਨਾਕਾਮ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸੁਰਿੰਦਰ ਫਲੈਟ 'ਚ ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਨਾਲ ਰਹਿ ਰਿਹਾ ਸੀ।
ਇਸ ਘਟਨਾ ਦੀ ਵੀਡੀਓ ਸੁਰਿੰਦਰ ਦੇ ਫਲੈਟ ਸਾਹਮਣੇ ਰਹਿ ਰਹੇ ਵਿਜੇ ਨਾਂ ਦੇ ਇੱਕ ਵਿਅਕਤੀ ਨੇ ਫਲੈਟ 'ਚੋਂ ਗੁਪਤ ਤਰੀਕੇ ਨਾਲ ਬਣਾਈ। ਉਸ ਦਾ ਕਹਿਣਾ ਸੀ ਕੀ ਬਾਹਰ ਸ਼ੋਰ ਸੁਣ ਉਸ ਨੇ ਵੇਖਿਆ ਕਿ ਹਥਿਆਰਾਂ ਨਾਲ ਲੈਸ ਵਿਅਕਤੀ ਖੜੇ ਸਨ ਤਾਂ ਉਸ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।
ਵੀਡੀਓ 'ਚ ਚਾਰ ਨੌਜਵਾਨ ਸੁਰਿੰਦਰ ਦੇ ਘਕ ਦੀ ਘੰਟੀ ਬਜਾਉਂਦੇ ਨਜ਼ਰ ਆ ਰਹੇ ਹਨ ਅਤੇ ਘਰ 'ਚ ਦਾਖ਼ਲ ਹੋਣ ਦੇ ਤਿੰਨ ਘੰਟਿਆਂ ਬਾਅਦ ਉਨ੍ਹਾਂ ਦੇ ਹੱਥ 'ਚ ਹਥਿਆਰ ਅਤੇ ਨਕਦੀ ਸਣੇ ਸੁਰਿੰਦਰ ਸਿੰਘ ਨੂੰ ਆਪਣੇ ਨਾਲ ਲੈ ਜਾਂਦੇ ਵੇਖਿਆ ਜਾ ਸਕਦਾ ਹੈ।
ਜ਼ਿਕਰ-ਏ-ਖ਼ਾਸ ਹੈ ਕਿ ਜੇ ਕਰ ਸੁਰਿੰਦਰ ਅਸਲ 'ਚ ਹੀ ਕਿਸੇ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸੀ ਤਾਂ ਖ਼ੂਫੀਆ ਵਿਭਾਗ ਨੇ ਇੱਕ ਵੱਡੀ ਅਨਸੁਖਾਵੀਂ ਘਟਨਾ ਹੋਣ ਤੋਂ ਰੋਕ ਦਿੱਤਾ।