ਚੰਡੀਗੜ੍ਹ: ਸੈਕਟਰ 36 ਵਿੱਚ ਸੈਂਟਰਲ ਫੌਰੈਂਸਿਕ ਸਾਇੰਸ ਲੈਬੌਰਟਰੀ (ਸੀਐਫਐਸਐਲ) ਬਿਲਡਿੰਗ ਹੇਠਾਂ ਇੱਕ ਗੁਪਤ ਬੰਕਰ ਮਿਲਿਆ ਹੈ। ਇਸ ਵਿੱਚ ਖਾਣ ਪੀਣ ਦਾ ਸਮਾਨ ਅਤੇ ਇੱਕ ਪਿਸਤੌਲ ਵੀ ਬਰਾਮਦ ਹੋਈ ਹੈ। ਇਹ ਬੰਕਰ ਸੀਐਫਐਸਐਲ ਬਿਲਡਿੰਗ ਨਾਲ ਲੱਗਦੇ ਇੱਕ ਗਟਰ ਨੂੰ ਤੋੜ ਕੇ ਬਣਾਇਆ ਗਿਆ ਸੀ।
ਬੰਕਰ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਉੱਥੇ ਕੋਈ ਕਾਫ਼ੀ ਲੰਬੇ ਸਮੇਂ ਤੋਂ ਰਹਿ ਰਿਹਾ ਸੀ ਕਿਉਂਕਿ ਉੱਥੇ ਲੱਕੜ ਦਾ ਚੁੱਲ੍ਹਾ ਅਤੇ ਰਸੋਈ ਦਾ ਸਾਰਾ ਸਮਾਨ ਮਿਲਿਆ ਹੈ। ਪੀਡਬਲਿਊ ਦੇ ਅਧਿਕਾਰੀਆਂ ਦੀ ਟੀਮ ਜਦੋਂ ਇਸ ਗਟਰ ਦੀ ਸਫਾ਼ਈ ਕਰ ਰਹੀ ਸੀ ਉਦੋਂ ਉਨ੍ਹਾਂ ਨੂੰ ਇਸ ਬੰਕਰ ਦਾ ਪਤਾ ਲੱਗਿਆ।
ਦੱਸ ਦਈਏ ਕਿ ਸੀਐਫਐਸਐਲ ਚੰਡੀਗੜ੍ਹ ਦੀ ਸਭ ਤੋਂ ਸੁਰੱਖਿਅਤ ਇਮਾਰਤਾਂ ਵਿੱਚ ਸ਼ਾਮਲ ਹੈ। ਇੱਥੇ 24 ਘੰਟੇ ਫੌ਼ਜ ਦੇ ਜਵਾਨ ਤੈਨਾਤ ਰਹਿੰਦੇ ਹਨ। ਇਸ ਦੇ ਬਾਵਜੂਦ ਇਸ ਬਿਲਡਿੰਗ ਹੇਠਾਂ ਅਜਿਹੇ ਬੰਕਰ ਦਾ ਮਿਲਣਾ ਸ਼ਹਿਰ ਦੀ ਸੁਰੱਖਿਆ ਉੱਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਿਹਾ ਹੈ।
ਬੰਕਰ ਅੰਦਰ ਕਾਫ਼ੀ ਹਨੇਰਾ ਹੈ ਅਤੇ ਹਵਾ ਵੀ ਕਾਫ਼ੀ ਘੱਟ ਹੈ। ਕਿਸੇ ਵੀ ਆਮ ਵਿਅਕਤੀ ਲਈ ਅਜਿਹੇ ਵਾਤਾਵਰਣ ਵਿੱਚ ਰਹਿਣਾ ਕਾਫ਼ੀ ਔਖਾ ਹੈ। ਅਜੇ ਇਹ ਸਮਝ ਤੋਂ ਬਾਹਰ ਹੈ ਕਿ ਜੋ ਵਿਅਕਤੀ ਅੰਦਰ ਰਹਿ ਰਿਹਾ ਸੀ ਉਹ ਉੱਥੇ ਕਿਵੇਂ ਰਹਿੰਦਾ ਹੋਵੇਗਾ।
ਅਜੇ ਇਸ ਗੱਲ ਬਾਰੇ ਸਪਸ਼ਟ ਨਹੀਂ ਹੋਇਆ ਹੈ ਕਿ ਇਸ ਬੰਕਰ ਵਿੱਚ ਕਿੰਨੇ ਲੋਕ ਰਹਿ ਰਹੇ ਸਨ। ਇੱਥੇ ਰਹਿਣ ਵਾਲੇ ਲੋਕ ਛੋਟੇ-ਮੋਟੇ ਅਪਰਾਧੀ ਸੀ, ਚੋਰ ਸੀ ਜਾਂ ਫਿਰ ਕਿਸੇ ਵੱਡੀ ਸਾਜ਼ਿਸ਼ ਦੀ ਫਿਰਾਕ ਵਿੱਚ ਸੀ ਇਸ ਬਾਰੇ ਪੁਲਿਸ ਅਜੇ ਜਾਂਚ ਕਰ ਰਹੀ ਹੈ।