ਚੰਡੀਗੜ੍ਹ : ਜੰਮੂ ਕਸ਼ਮੀਰ 'ਤੇ ਆਏ ਮੋਦੀ ਸਰਕਾਰ ਦੇ ਫੈਸਲੇ ਨੂੰ ਸੁਖਪਾਲ ਖਹਿਰਾ ਨੇ ਦੇਸ਼ ਲਈ ਮੰਦਭਾਗੀ ਘਟਨਾ ਆਖਿਆ। ਉਨ੍ਹਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਦੇਸ਼ ਦੀ ਅਜ਼ਾਦੀ ਸਮੇਂ ਭਾਰਤ ਦੀ ਸਰਕਾਰ, ਸੰਸਦ ਅਤੇ ਸੰਵਿਧਾਨ ਨੇ ਜੋ ਵਿਸ਼ੇਸ਼ ਅਧਿਕਾਰ ਜੰਮੂ ਕਸ਼ਮੀਰ ਨੂੰ ਦਿੱਤੇ ਸਨ, ਭਾਜਪਾ ਸਰਕਾਰ ਨੇ ਨਾ ਸਿਰਫ਼ ਆਰਟੀਕਲ 370 ਨੂੰ ਰੱਦ ਕੀਤਾ ਹੈ ਬਲਕਿ ਜੰਮੂ ਕਸ਼ਮੀਰ ਜੋ ਕਿ ਵੱਧ ਅਧਿਕਾਰ ਮੰਗ ਰਿਹਾ ਸੀ, ਉਸ ਨੂੰ ਦਿੱਲੀ ਵਾਂਗ ਇੱਕ ਬਿਨ੍ਹਾਂ ਅਧਿਕਾਰਾਂ ਤੋਂ ਕੇਂਦਰ ਸ਼ਾਸ਼ਤ ਪ੍ਰਦੇਸ਼ ਬਣਾ ਕੇ ਰੱਖ ਦਿੱਤਾ ਹੈ। ਇਹ ਨਾ ਸਿਰਫ਼ ਸੰਵਿਧਾਨ ਦੀ ਤੌਹੀਨ ਹੈ ਬਲਕਿ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਕੀਤਾ ਗਿਆ ਇੱਕ ਵੱਡਾ ਧੋਖਾ ਅਤੇ ਕੋਝਾ ਮਜ਼ਾਕ ਹੈ।
ਉਨ੍ਹਾਂ ਕਿਹਾ ਕਿ ਯਾਦ ਰਹੇ ਕਿ ਆਜ਼ਾਦੀ ਸਮੇਂ ਜੰਮੂ ਕਸ਼ਮੀਰ ਨੇ ਭਾਰਤ ਵਿੱਚ ਸ਼ਾਮਿਲ ਹੋਣ ਲਈ ਆਰਟੀਕਲ 370 ਦੇ ਵਿਸ਼ੇਸ਼ ਅਧਿਕਾਰਾਂ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ : ਕਸ਼ਮੀਰ ਸਮੱਸਿਆ ਦਾ ਹੱਲ ਨਿੱਕਲਣਾ ਸ਼ੁਰੂ: ਅਨੁਪਮ ਖੇਰ
ਸ਼੍ਰੋਮਣੀ ਅਕਾਲੀ ਦਲ ਜੋ ਕਿ ਹਮੇਸ਼ਾ ਫੈਡਰਲ ਢਾਂਚੇ ਅਤੇ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਦੀ ਮੰਗ ਕਰਦਾ ਰਹਿੰਦਾ ਹੈ, ਵਾਸਤੇ ਅੱਜ ਬਹੁਤ ਹੀ ਸ਼ਰਮ ਵਾਲਾ ਦਿਨ ਹੈ ਕਿ ਉਹ ਮਹਿਜ ਵਜਾਰਤਾਂ ਬਚਾਉਣ ਲਈ ਜੰਮੂ ਕਸ਼ਮੀਰ ਨਾਲ ਕੀਤੇ ਜਾ ਰਹੇ ਧੋਖੇ ਵਿੱਚ ਭਾਜਪਾ ਦਾ ਸਾਥ ਦੇ ਰਿਹਾ ਹੈ।
ਅਖ਼ੀਰ ਵਿੱਚ ਖਹਿਰਾ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਇਸ ਗੈਰ-ਸੰਵਿਧਾਨਕ ਕਦਮ ਦੀ ਮੈਂ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਅਤੇ ਵਿਰੋਧ ਕਰਦਾ ਹਾਂ।