ਚੰਡੀਗੜ੍ਹ: ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿੱਚ ਕੋਰੋਨਾ ਵਾਇਰਸ ਫ਼ੈਲਣ ਪਿੱਛੇ ਪ੍ਰਵਾਸੀ ਪੰਜਾਬੀਆਂ ਨੂੰ ਦੋਸ਼ੀ ਠਹਿਰਾਉਣ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਬਲਦੇਵ ਸਿੰਘ ਵਿਦੇਸ਼ ਤੋਂ ਆਇਆ ਸੀ ਅਤੇ ਉਸ ਕਾਰਨ ਕਈ ਹੋਰਾਂ ਨੂੰ ਵੀ ਕੋਰੋਨਾ ਦੀ ਲਾਗ ਲੱਗ ਗਈ ਤੇ ਦੋ ਦਰਜਨ ਦੇ ਕਰੀਬ ਵਿਅਕਤੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਖਹਿਰਾ ਨੇ ਕਿਹਾ ਕਿ ਜੇਕਰ ਬਲਦੇਵ ਸਿੰਘ ਨੂੰ ਪਤਾ ਹੁੰਦਾ ਕਿ ਉਸ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਚਿੰਬੜੀ ਹੋਈ ਹੈ ਤਾਂ ਕੀ ਉਹ ਆਪਣੇ ਪਰਿਵਾਰ ਨੂੰ ਇਹ ਲਾਗ ਲਾਉਂਦਾ ਜਿਸ ਵਿੱਚ ਉਸ ਦੇ ਪੋਤੇ-ਦੋਹਤੇ ਤੱਕ ਸ਼ਾਮਿਲ ਹਨ।
ਖਹਿਰਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਇਲਜ਼ਾਮ ਐਨਆਰਆਈ ਭਰਾਵਾਂ 'ਤੇ ਲਾਉਣਾ ਸਰਾਸਰ ਬੇਬੁਨਿਆਦ ਹੈ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਪੰਜਾਬ ਵਿੱਚ ਭੁੱਖਮਰੀ, ਭ੍ਰਿਸ਼ਟਾਚਾਰ ਤੇ ਨਸ਼ੇਖੋਰੀ ਵਰਗੀਆਂ ਅਲਾਮਤਾਂ ਵੀ ਹਨ, ਕੀ ਇਹ ਵੀ ਐਨਆਰਆਈਜ਼ ਦੀ ਬਦੌਲਤ ਹਨ?
ਖਹਿਰਾ ਨੇ ਪੰਜਾਬੀਆਂ ਨੂੰ ਯਾਦ ਕਰਾਇਆ ਕਿ ਪੰਜਾਬ ਦੀ ਤਰੱਕੀ ਵਿੱਚ ਪ੍ਰਵਾਸੀ ਪੰਜਾਬੀਆਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਲਿਹਾਜ਼ਾ ਪੰਜਾਬ ਵਿੱਚ ਕੋਰੋਨਾ ਵਾਇਰਸ ਫੈਲਣ ਪਿੱਛੇ ਐਨਆਰਆਈਜ਼ ਨੂੰ ਜ਼ਿੰਮੇਵਾਰ ਠਹਿਰਾਉਣਾ ਉਨ੍ਹਾਂ ਦਾ ਮਨੋਬਲ ਤੋੜਨ ਦੇ ਬਰਾਬਰ ਹੈ ਕਿਉਂਕਿ ਪਿਛਲੇ 10 ਸਾਲਾਂ ਵਿੱਚ ਇਨ੍ਹਾਂ ਪ੍ਰਵਾਸੀ ਪੰਜਾਬੀਆਂ ਦੀ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।