ਚੰਡੀਗੜ੍ਹ: ਪਰਮਿੰਦਰ ਢੀਂਡਸਾ ਦੇ ਅਸਤੀਫ਼ੇ ਦੇਣ ਮਗਰੋਂ ਤੁਰੰਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ। ਪਰਮਿੰਦਰ ਢੀਂਡਸਾ ਦੇ ਅਸਤੀਫ਼ੇ ਤੋਂ ਬਾਅਦ ਸੁਖਦੇਵ ਢੀਂਡਸਾ ਨੇ ਕਿਹਾ ਕਿ ਪਾਰਟੀ ਵਿੱਚ ਲੋਕਤੰਤਰ ਖ਼ਤਮ ਹੋ ਚੁੱਕਾ ਹੈ ਜਿਸਦੀ ਇਹ ਮਿਸਾਲ ਦੇਖਣ ਨੂੰ ਮਿਲੀ ਹੈ।
ਇਸੇ ਦੇ ਸਦਕਾ ਕਿਸੇ ਮੀਟਿੰਗ ਜਾਂ ਕਿਸੇ ਨੁਮਾਇੰਦੇ ਦੀ ਰਾਏ ਤੋਂ ਬਿਨਾਂ ਹੀ ਅਗਲਾ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਸੀ ਅਤੇ ਕਿਸੇ ਨੂੰ ਪਾਰਟੀ ਵਿੱਚ ਰੱਖ ਲਿਆ ਜਾਂਦਾ ਹੈ ਜਾਂ ਕੱਢ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿੰਨੇ ਵੀ ਸੁਖਬੀਰ ਤੋਂ ਪ੍ਰੇਸ਼ਾਨ ਹੋ ਕੇ ਪਾਰਟੀ ਦੇ ਵਿੱਚੋਂ ਵੱਖ ਹੋਏ ਨੇ ਸਾਰਿਆਂ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਟੀਚੇ ਨੂੰ ਵੀ ਸਾਡੇ ਵੱਲੋਂ ਪੂਰਾ ਕੀਤਾ ਜਾਵੇਗਾ। ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ 'ਤੇ ਵੀ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਚਰਨਜੀਤ ਬਰਾੜ ਖ਼ੁਦ ਪਤਾ ਨਹੀਂ ਕਈ ਪਾਰਟੀਆਂ ਬਦਲ ਚੁੱਕੇ ਹਨ ਅਤੇ ਮਨਪ੍ਰੀਤ ਬਾਦਲ ਨੂੰ ਵੀ ਪਾਰਟੀ ਚੋਂ ਕਢਾਉਣ ਲਈ ਵੀ ਚਰਨਜੀਤ ਬਰਾੜ ਹੀ ਜ਼ਿੰਮੇਵਾਰ ਹਨ।
ਦੱਸਣਾ ਬਣਦਾ ਹੈ ਚਰਨਜੀਤ ਬਰਾੜ ਨੇ ਪਰਮਿੰਦਰ ਢੀਂਡਸਾ ਦੇ ਅਸਤੀਫ਼ੇ 'ਤੇ ਕਿਹਾ ਸੀ ਕਿ ਅਕਾਲੀ ਦਲ 100 ਪੁਰਾਣਾ ਹੈ ਅਤੇ ਕਿਸੇ ਦੇ ਵੀ ਪਾਰਟੀ ਛੱਡਣ ਦੇ ਨਾਲ ਪਾਰਟੀ ਨੂੰ ਨੁਕਸਾਨ ਨਹੀਂ ਬਲਕਿ ਹਮੇਸ਼ਾ ਹੋਰ ਮਜ਼ਬੂਤ ਹੋਇਆ। ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਢੀਂਡਸਾ ਪਰਿਵਾਰ ਸਣੇ ਟਕਸਾਲੀ ਤੇ ਹੋਰ ਆਗੂ ਸਿਆਸਤ 'ਚ ਕੀ ਵੱਡਾ ਧਮਾਕਾ ਕਰਦੇ ਹਨ।