ਚੰਡੀਗੜ੍ਹ : ਬੀਤੇ ਦਿਨੀਂ ਅਜਨਾਲਾ ਵਿਚ ਹੋਈ ਹਿੰਸਕ ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਗੰਭੀਰ ਹੁੰਦੇ ਨਜ਼ਰ ਆਏ। ਸੁਖਬੀਰ ਬਾਦਲ ਨੇ ਜਿਥੇ ਇਸ ਘਟਨਾ ਦੀ ਨਿਖੇਧੀ ਕੀਤੀ ਉਥੇ ਹੀ ਆਪ ਸਰਕਾਰ ‘ਤੇ ਵੀ ਉਨ੍ਹਾਂ ਦਾ ਗੁੱਸਾ ਫੁੱਟਿਆ। ਅਕਾਲੀ ਦਲ ਵੱਲੋਂ ਅੱਜ ਕੋਰ ਕਮੇਟੀ ਦੀ ਬੈਠਕ ਕੀਤੀ ਗਈ, ਜਿਸਤੋਂ ਬਾਅਦ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕਰ ਕੇ ਪੰਜਾਬ ਮੌਜੂਦਾ ਹਾਲਾਤ ’ਤੇ ਚਰਚਾ ਕੀਤੀ।
ਪੰਜਾਬ ਤਬਾਹ ਕਰ ਦਿੱਤਾ: ਪੰਜਾਬ ਦੇ ਮੌਜੂਦਾ ਹਾਲਾਤ 'ਤੇ ਚਰਚਾ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚੋਂ ਅਮਨ ਕਾਨੂੰਨ ਕਿਤੇ ਖੰਭ ਲਾ ਕੇ ਉੱਡ ਗਿਆ ਹੈ। ਸਭ ਪੰਜਾਬ ਛੱਡ ਕੇ ਜਾ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਨੂੰ ਪੈਰਾਂ ਸਿਰ ਖੜ੍ਹਾ ਕੀਤਾ ਸੀ। ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਪੰਜਾਬ ਵਿਚ ਕਾਇਮ ਕੀਤਾ ਸੀ, ਪਰ ਆਪ ਸਰਕਾਰ ਨੇ ਹੁਣ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਕਿਸੇ ਹਾਲਤ ਵਿਚ ਵੀ ਅਮਨ ਸ਼ਾਂਤੀ ਖਰਾਬ ਨਹੀਂ ਹੋਣ ਦੇਵੇਗੀ।
“ਭਗਵੰਤ ਬੇਈਮਾਨ ਮੁੱਖ ਮੰਤਰੀ ਬਣਿਆ” : ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਤੋਂ ਭਗਵੰਤ ਬੇਈਮਾਨ ਪੰਜਾਬ ਦਾ ਮੁੱਖ ਮੰਤਰੀ ਬਣਿਆ ਉਦੋਂ ਤੋਂ ਪੰਜਾਬ ਵਿਚ ਅਰਾਜਕਤਾ ਫੈਲੀ ਹੋਈ ਹੈ। ਭਾਈਚਾਰਕ ਸਾਂਝ ਪੰਜਾਬ ਵਿਚੋਂ ਖ਼ਤਮ ਹੋ ਰਹੀ ਹੈ। ਉਦਯੋਗਪਤੀ ਪੰਜਾਬ ਵਿਚੋਂ ਇੰਡਸਟਰੀ ਛੱਡ ਕੇ ਬਾਹਰ ਜਾਣ ਲਈ ਤਿਆਰ ਹੋ ਗਏ ਹਨ। ਪੰਜਾਬ ਵਿਚੋਂ ਉਦਯੋਗ ਦੂਜੇ ਸੂਬਿਆਂ ਵਿਚ ਸ਼ਿਫਟ ਹੋ ਰਹੇ ਹਨ। ਰੋਜ਼ਾਨਾ ਗੈਂਗਸਟਰਾਂ ਦੇ ਫਿਰੌਤੀਆਂ ਲਈ ਫੋਨ ਆਉਂਦੇ ਹਨ। ਸੜਕਾਂ ’ਤੇ ਧਰਨਾਕਾਰੀ ਬੈਠੇ ਹਨ, ਕੋਈ ਅਮਨ ਕਾਨੂੰਨ ਨਹੀਂ।
“ਅਜਨਾਲੇ ਜੋ ਹੋਇਆ ਗਲਤ ਹੋਇਆ” : ਸੁਖਬੀਰ ਬਾਦਲ ਨੇ ਅਜਨਾਲੇ ਵਾਲੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਪੁਲਿਸ ਥਾਣੇ 'ਤੇ ਹਮਲਾ ਕਰਨਾ ਗਲਤ ਹੈ। ਇਹ ਨਾ ਬਰਦਾਸ਼ਤਕਰਨ ਯੋਗ ਘਟਨਾ ਹੈ। ਵੱਡੀ ਗੱਲ ਇਹ ਹੈ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਥਾਣੇ ਲਿਜਾਇਆ ਗਿਆ। ਥਾਣੇ ‘ਚ ਸ਼ਰਾਬ, ਡਰੱਗ, ਚੋਰ ਅਤੇ ਹੋਰ ਨਾਜਾਇਜ਼ ਚੀਜ਼ਾਂ ਸਨ, ਉਥੇ ਗੁਰੂ ਗ੍ਰੰਥ ਸਾਹਿਬ ਨੂੰ ਲਿਜਾ ਕੇ ੳਨ੍ਹਾਂ ਦੀ ਬੇਅਦਬੀ ਕੀਤੀ ਗਈ। ਸਿੱਖ ਭਾਈਚਾਰੇ ਨੇ ਇਸ 'ਤੇ ਇਤਰਾਜ਼ ਜਤਾਇਆ ਹੈ। ਸਿੱਖ ਸੰਗਤ ਵੀ ਦੱਸੇ ਕੀ ਅਜਿਹੇ ਕੰਮ ਹੋਣੇ ਚਾਹੀਦੇ ਹਨ ?
ਇਹ ਵੀ ਪੜ੍ਹੋ : Haryana Gurdwara Management Committee: ਹਰਿਆਣਾ ਸਰਕਾਰ 'ਤੇ ਵਰ੍ਹੇ SGPC ਪ੍ਰਧਾਨ, ਕਿਹਾ-ਗੁਰਦੁਆਰਿਆਂ 'ਤੇ ਕਰਨਾ ਚਾਹੁੰਦੇ ਨੇ ਕਬਜ਼ਾ
ਪੰਜਾਬ ਵਿਚ ਸਾਰੇ ਇਕੱਠੇ ਹੋਈਏ : ਸੁਖਬੀਰ ਬਾਦਲ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਵਾਸੀ ਇਕੱਠੇ ਹੋਣ ਅਤੇ ਭਾਈਚਾਰਕ ਸਾਂਝ ਬਣਾ ਕੇ ਰੱਖਣ ਤਾਂ ਜੋ ਮਾਹੌਲ ਖਰਾਬ ਨਾ ਹੋ ਸਕੇ । ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਦੋਵਾਂ ਦੀ ਲੜਾਈ ਅਤੇ ਕੋਝੀਆਂ ਚਾਲਾਂ ਨਾਲ ਅੱਜ ਪੰਜਾਬ ਦੇ ਹਾਲਾਤ ਖਰਾਬ ਹੋਏ ਹਨ। ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਮੁਲਜ਼ਮਾਂ ਦੀ ਲਿਸਟ ਵਿਚ ਸੁਖਬੀਰ ਬਾਦਲ ਨਾਂ ਵੀ ਸ਼ਾਮਿਲ ਹੈ। ਸੁਖਬੀਰ ਬਾਦਲ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ।