ਚੰਡੀਗੜ੍ਹ: ਪਿਛਲੇ ਚਾਰ ਦਿਨਾਂ ਵਿੱਚ ਆੜ੍ਹਤੀਆਂ ਦੇ ਬਾਈਕਾਟ ਦੇ ਬਾਵਜੂਦ ਸੂਬੇ ਭਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਪ੍ਰਗਤੀ ਹੇਠ ਹੈ। ਇਹ ਜਾਣਕਾਰੀ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਬੁਲਾਰੇ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋਕਾਂ ਵਲੋਂ ਚੁਣੇ ਗਏ ਨੁਮਾਇੰਦਿਆਂ ਵਲੋਂ ਆਪੋ-ਆਪਣੇ ਹਲਕਿਆਂ ਵਿੱਚ ਝੋਨੇ ਦੀ ਖ਼ਰੀਦ ਪ੍ਰਕਿਰਿਆ ’ਤੇ ਨਿੱਜੀ ਤੌਰ ’ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 4 ਅਕਤੂਰ ਤੱਕ ਪਿਛਲੇ ਸਾਲ ਵਿੱਚ ਇਸ ਦਿਨ ਤੱਕ ਖ਼ਰੀਦੇ 28446 ਮੀਟਿਰਕ ਟਨ ਝੋਨੇ ਦੇ ਮੁਕਾਬਲੇ ਇਸ ਸਾਲ 22508 ਮੀਟਿਰਕ ਟਨ ਝੋਨੇ ਦੀ ਖ਼ਰੀਦ ਮੁਕੰਮਲ ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਲੰਮੇ ਚੱਲੇ ਬਰਸਾਤੀ ਮੌਸਮ ਕਾਰਨ ਮੰਡੀਆਂ ਵਿੱਚ ਹਾਲੇ ਝੋਨੇ ਦੀ ਆਮਦ ਘੱਟ ਹੈ, ਪਰ 10 ਅਕਤੂਬਰ ਤੋਂ ਬਾਅਦ ਇਸ ਆਮਦ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ, ਅਤੇ ਮਹੀਨੇ ਦੇ ਦੂਜੇ ਹਫ਼ਤੇ ਵਿੱਚ ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਵਿੱਚ ਹੋਰ ਤੇਜ਼ੀ ਆਉਣ ਦੀ ਪੂਰੀ ਆਸ ਹੈ।
ਆੜ੍ਹਤੀਆਂ ਵਲੋਂ ਹੜਤਾਲ ਵਾਪਸ ਲੈਣ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਬੁਲਾਰੇ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਾਜ਼ਮੀ ਪ੍ਰਣਾਲੀ ਪਬਲਿਕ ਫਾਈਨਾਂਸ਼ੀਅਲ ਮੈਨੇਜਮੈਂਟ ਸਿਸਟਮ (ਪੀ.ਐਫ.ਐਮ.ਐਸ.) ਦੀ ਸੁਚਾਰੂ ਕਾਰਜਸ਼ੀਲਤਾ ਲਈ ਵਿਭਾਗ ਵਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।