ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਸਾਰੇ ਟੈਕਸੀ, ਆਟੋ ਰਿਕਸ਼ਾ, ਸਕੂਲ ਬੱਸਾਂ ਤੇ ਕੈਬਜ਼ ਦੇ ਨਾਲ ਨਾਲ ਟੈਂਪੂ ਤੇ ਟਰੱਕਾਂ ਸਮੇਤ ਸਮਾਣ ਢੋਣ ਵਾਲੇ ਵਾਹਨਾਂ ਦੇ ਡਰਾਈਵਰਾਂ ਨੂੰ 5 ਹਜ਼ਾਰ ਰੁਪਏ ਮਹੀਨੇ ਦੀ ਵਿੱਤੀ ਰਾਹਤ ਦਿੱਤੀ ਜਾਵੇ ਤੇ ਨਾਲ ਹੀ ਲੌਕਡਾਊਨ ਦੇ ਅਰਸੇ ਦੇ ਸਾਰੇ ਟੈਕਸ ਵੀ ਮੁਆਫ ਕਰ ਦਿੱਤੇ ਜਾਣ।
ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਸਾਰੇ ਕਸਬਿਆਂ ਤੇ ਸ਼ਹਿਰਾਂ ਵਿੱਚ ਹਜ਼ਾਰਾਂ ਟੈਕਸੀਆਂ ਤੇ ਆਟੋ ਰਿਕਸ਼ਾ ਡਰਾਈਵਰਾਂ ਤੇ ਮਾਲਕਾਂ ਦਾ ਕੰਮ ਬੀਤੇ ਤਿੰਨ ਮਹੀਨਿਆਂ ਦੌਰਾਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਤੇ ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਗੁਰਦੁਆਰਾ ਸਾਹਿਬਾਨ ਵਿੱਚ ਲੰਗਰ ਛਕਣਾ ਪਿਆ ਤੇ ਸਮਾਜਿਕ ਸੰਸਥਾਵਾਂ ਤੋਂ ਮਦਦ ਲੈਣੀ ਪਈ ਹੈ।
ਉਨ੍ਹਾਂ ਕਿਹਾ ਕਿ ਇਸੇ ਤਰੀਕੇ ਸਕੂਲ ਤੇ ਪ੍ਰਾਈਵੇਟ ਬੱਸਾਂ ਤੇ ਟਰੱਕਾਂ, ਮਿੰਨੀ ਬੱਸਾਂ, ਮੈਕਸੀ ਕੈਬ ਦੇ ਨਾਲ ਸਮਾਨ ਢੋਹਣ ਵਾਲੇ ਵਾਹਨਾਂ ਦੇ ਡਰਾਈਵਰ ਵੀ ਤਿੰਨ ਮਹੀਨਿਆਂ ਵਿਚ ਕੰਮ ਵਿਹੂਣੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਸਾਰੇ ਪਬਲਿਕ ਵਾਹਨ ਚਲਾਉਣ ਵਾਲੇ ਡਰਾਈਵਰਾਂ ਜਿਨ੍ਹਾਂ ਕੋਲ ਜਾਇਜ਼ ਡਰਾਈਵਰ ਲਾਇਸੰਸ ਹੈ। ਪਿਛਲੇ ਤਿੰਨ ਮਹੀਨਿਆਂ ਦੇ ਸਮੇਂ ਲਈ ਤੇ ਜਦੋਂ ਤੱਕ ਹਾਲਾਤ ਆਮ ਵਰਗੇ ਨਹੀਂ ਹੋ ਜਾਂਦੇ ਉਦੋਂ ਤੱਕ ਲਈ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਿੱਤੀ ਮਦਦ ਦੇਣੀ ਚਾਹੀਦੀ ਹੈ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਸਾਰੇ ਵਾਹਨਾਂ ਦੇ ਸਾਰੇ ਕਮਰਸ਼ੀਅਲ ਟੈਕਸ ਭਾਵੇਂ ਉਹ ਰੋਡ ਟੈਕਸ ਹੋਵੇ, ਪਰਮਿਟ ਫੀਸ ਹੋਵੇ ਜਾਂ ਮਿਉਂਸਪਲ ਟੈਕਸ ਹੋਵੇ, ਲੰਘੇ ਤਿੰਨ ਮਹੀਨਿਆਂ ਸਮੇਤ ਛੇ ਮਹੀਨਿਆਂ ਵਾਸਤੇ ਮੁਆਫ਼ ਕਰਨੇ ਚਾਹੀਦੇ ਹਨ।