ਚੰਡੀਗੜ੍ਹ: ਕੇਸਰ ਦੀ ਖੁਸ਼ਬੂ ਦੇਸ਼ ਅਤੇ ਵਿਦੇਸ਼ ਵਿਚ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਜਾਂਦੀ ਹੈ ਅਤੇ ਇਸਦੀ ਮੰਗ ਵਿਸ਼ਵ ਪੱਧਰ 'ਤੇ ਬਹੁਤ ਜ਼ਿਆਦਾ ਹੈ। ਇਸ ਫ਼ਸਲ ਦੀ ਖੇਤੀ ਜਿਸਨੇ ਵੀ ਕੀਤੀ ਉਹ ਮਾਲਾਮਾਲ ਹੋ ਗਿਆ। ਹੁਣ ਪੰਜਾਬ ਦੇ ਕਿਸਾਨ ਵੀ ਕੇਸਰ ਦੀ ਖੇਤੀ ਕਰਕੇ ਚੰਗਾ ਚੋਖਾ ਮੁਨਾਫ਼ਾ ਕਮਾ ਸਕਦੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਖੋਜ ਕਰਕੇ ਪੰਜਾਬ ਵਿਚ ਕੇਸਰ ਦੀ ਖੇਤੀ 'ਤੇ ਮੋਹਰ ਲਗਾ ਦਿੱਤੀ ਗਈ ਹੈ। ਭਾਰਤ ਵਿੱਚ ਕੇਸਰ ਦੀ ਖੇਤੀ ਜੰਮੂ ਕਸ਼ਮੀਰ ਵਿਚ ਹੁੰਦੀ ਹੈ, ਪਰ ਹੁਣ ਪੰਜਾਬ ਵੀ ਕੇਸਰ ਦੀ ਖੇਤੀ ਕਰਕੇ ਜਾਣਿਆ ਜਾਵੇਗਾ ਅਜਿਹੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ।
ਕੇਸਰ ਦੀ ਖੇਤੀ ਤੋਂ ਮਹਿੰਗੀਆਂ ਖੇਤੀਆਂ ਵਿਚੋਂ ਇੱਕ ਹੈ। ਜਿਸਦੀ ਭਾਰਤ ਵਿਚ ਕੀਮਤ ਢਾਈ ਤੋਂ 3 ਲੱਖ ਰੁਪਏ ਪ੍ਰਤੀ ਕਿਲੋ ਹੈ। ਇਸ ਤੋਂ ਇਲਾਵਾ ਇਸਦੇ 10 ਵਾਲਵ ਬੀਜਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸਦੀ ਕੀਮਤ 550 ਰੁਪਏ ਤੋਂ ਜ਼ਿਆਦਾ ਹੈ। ਪਿਛਲੇ ਕੁਝ ਸਾਲਾਂ ਤੋਂ, ਦੇਸ਼ ਦਾ ਬਾਗਬਾਨੀ ਵਿਭਾਗ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਅਤੇ ਬਿਹਾਰ ਵਿੱਚ ਜਲਵਾਯੂ ਅਤੇ ਮਿੱਟੀ ਦੇ ਅਨੁਕੂਲ ਖੇਤਰਾਂ ਵਿੱਚ ਇਸਦੀ ਕਾਸ਼ਤ ਦਾ ਟ੍ਰਾਇਲ ਦੇ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਤਾਵਰਣ ਸਮਾਜ ਸ਼ਾਸਤਰੀ ਅਤੇ ਖੇਤੀਬਾੜੀ ਮਾਹਿਰ ਪ੍ਰੋਫੈਸਰ ਵਿਨੋਦ ਚੌਧਰੀ ਨੇ ਵੀ ਪੰਜਾਬ ਵਿਚ ਕੇਸਰ ਦੀ ਖੇਤੀ ਦੀਆਂ ਸੰਭਾਵਨਾਵਾਂ ਅਤੇ ਫਾਇਦਿਆਂ ਦੀ ਹਾਮੀ ਭਰੀ ਹੈ। ਕੇਸਰ ਦੀ ਖੇਤੀ ਅਕਸਰ ਠੰਢੇ ਇਲਾਕਿਆਂ ਵਿੱਚ ਹੁੰਦੀ ਹੈ ਇਸ ਧਾਰਨਾ ਨੂੰ ਵੀ ਆਧੁਨਿਕ ਖੇਤੀ ਵਿਚ ਹੋਰ ਰਹੀਆਂ ਖੋਜਾਂ ਨੇ ਤੋੜ ਦਿੱਤਾ ਹੈ।
ਕਿਸੇ ਵੀ ਪੌਦੇ ਨੂੰ ਕਿਤੇ ਵੀ ਉਗਾਇਆ ਜਾ ਸਕਦੈ: ਖੇਤੀ ਦੀਆਂ ਆਧੁਨਿਕ ਤਕਨੀਕਾਂ ਅਤੇ ਖੋਜਾਂ ਦੱਸਦੀਆਂ ਹਨ ਕਿ ਕਿਸੇ ਵੀ ਪੌਦੇ ਨੂੰ ਕਿਤੇ ਵੀ ਉਗਾਇਆ ਜਾ ਸਕਦਾ ਹੈ। ਉਸਨੂੰ ਕੁਦਰਤੀ ਹਿਸਾਬ ਨਾਲ ਢਾਲਣ ਲਈ ਸਿਰਫ਼ ਬੀਜ ਅਤੇ ਉਸਦੇ ਕਣ ਪੈਦਾ ਕਰਨ ਦੀ ਜ਼ਰੂਰਤ ਹੁੰਦੀ ਹੈ। ਕੇਸਰ ਦੀ ਖੇਤੀ ਕਰਨ ਲਈ ਵੀ ਅਜਿਹੀ ਸਥਿਤੀ ਕੰਮ ਕਰਦੀ ਹੈ। ਕੇਸਰ ਦਾ ਅਸਲੀ ਰੂਪ ਤਾਂ ਜੰਮੂ ਕਸ਼ਮੀਰ ਵਿਚ ਹੀ ਪੈਦਾ ਹੋ ਸਕਦਾ ਹੈ ਪਰ ਉਸਦੇ ਬੂਟੇ ਤੋਂ ਤਿਆਰ ਕੀਤੇ ਟਿਸ਼ੂ ਕਿਤੇ ਵੀ ਉਗਾਏ ਜਾ ਸਕਦੇ ਹਨ। ਅਜਿਹੇ ਰੂਪ ਨੂੰ ਪੰਜਾਬ ਦੀ ਮਿੱਟੀ ਅਤੇ ਵਾਤਾਵਰਣ ਵੀ ਆਪਣੇ ਅਨੁਕੂਲ ਬਣਾ ਲੈਂਦੇ ਹਨ। ਪਰ ਉਸਦੇ ਗੁਣ ਅਤੇ ਪੌਸ਼ਕ ਤੱਤ ਕਸ਼ਮੀਰ ਵਿਚ ਹੋਣ ਵਾਲੇ ਕੇਸਰ ਤੋਂ ਅਲੱਗ ਹੋਣਗੇ।
ਪੰਜਾਬ ਵਿੱਚ ਫ਼ਸਲੀ ਚੱਕਰ ਨੂੰ ਬਦਲ ਸਕਦਾ ਹੈ ਕੇਸਰ: ਪੰਜਾਬ ਵਿਚ ਕਣਕ ਅਤੇ ਝੋਨਾ ਦੋ ਮੁੱਖ ਫ਼ਸਲਾਂ ਦੇ ਚੱਕਰ ਨੇ ਪੰਜਾਬ ਦੀ ਮਿੱਟੀ ਅਤੇ ਵਾਤਾਵਰਣ ਨੂੰ ਆਪਣੇ ਮੁਤਾਬਿਕ ਢਾਲ ਰੱਖਿਆ ਹੈ। ਝੋਨੇ ਦੀ ਫ਼ਸਲ ਨੇ ਤਾਂ ਧਰਤੀ ਹੇਠਲੇ ਪਾਣੀ ਦਾ ਰਕਬਾ ਵੀ ਮੂਲੋਂ ਘੱਟ ਕਰ ਦਿੱਤਾ ਹੈ। ਜੇਕਰ ਕੇਸਰ ਦੀ ਖੇਤੀ ਪੰਜਾਬ ਵਿਚ ਸ਼ੁਰੂ ਹੁੰਦੀ ਹੈ ਤਾਂ ਪੰਜਾਬ ਲਈ ਫ਼ਸਲੀ ਵਿਿਭੰਨਤਾ ਦਾ ਰਸਤਾ ਖੁੱਲ ਜਾਵੇਗਾ ਅਤੇ ਰਿਵਾਇਤੀ ਫ਼ਸਲੀ ਚੱਕਰ ਵੀ ਟੁੱਟ ਜਾਵੇਗਾ। ਕੇਸਰ ਦੀ ਖੇਤੀ ਨਾਲ ਮੁਨਾਫ਼ਾ ਹੀ ਮੁਨਾਫ਼ਾ ਹੈ ਪੰਜਾਬ ਦੇ ਕਿਸਾਨਾਂ ਦੀ ਬਦਹਾਲੀ ਨੂੰ ਦੂਰ ਕਰਨ ਅਤੇ ਆਰਥਿਕ ਸਥਿਤੀ ਨੂੰ ਉੱਚਾ ਚੁੱਕਣ ਲਈ ਕੇਸਰ ਦੀ ਖੇਤੀ ਬੇਹੱਦ ਲਾਹੇਵੰਦ ਸਿੱਧ ਹੋ ਸਕਦੀ ਹੈ। ਇਸ ਨਾਲ ਧਰਤੀ ਹੇਠਲੇ ਪਾਣੀ ਦਾ ਘੱਟ ਰਿਹਾ ਪੱਧਰ ਵੀ ਕੰਟਰੋਲ ਵਿਚ ਆ ਜਾਵੇਗਾ ਅਤੇ ਪਾਣੀ ਦੀ ਬੱਚਤ ਵੀ ਹੋ ਸਕੇਗੀ।
ਪ੍ਰੋਫੈਸਰ ਵਿਨੋਦ ਚੌਧਰੀ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਇਨ੍ਹਾਂ ਫ਼ਸਲਾਂ ਵੱਲ ਬਹੁੜਣਾ ਚਾਹੀਦਾ ਹੈ ਤਾਂ ਜੋ ਥੋੜੇ ਸਮੇਂ ਵਿਚ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਇਆ ਜਾ ਸਕੇ। ਰਿਵਾਇਤੀ ਫ਼ਸਲੀ ਚੱਕਰ ਵਿਚ ਢਲੀ ਪੰਜਾਬ ਦੀ ਮਿੱਟੀ ਦੀ ਉਪਜਾਊ ਸ਼ਕਤੀ ਇੰਨੀ ਜ਼ਿਆਦਾ ਹੈ ਕਿ 90 ਦਿਨਾਂ ਵਿਚ ਇਹ ਮਿੱਟੀ ਆਪਣੇ ਆਪ ਨੂੰ ਕੇਸਰ ਦੀ ਖੇਤੀ ਲਈ ਤਿਆਰ ਕਰ ਸਕਦੀ ਹੈ। ਖੇਤੀ ਮਾਹਿਰਾਂ ਦੀ ਰਾਏ ਲੈ ਕੇ ਕੇਸਰ ਦੀ ਖੇਤੀ ਦੇ ਨੁਕਤੇ ਅਤੇ ਤਕਨੀਕਾਂ ਸਿੱਖੀਆਂ ਜਾ ਸਕਦੀਆਂ ਹਨ।
ਸ਼ੁਰੂਆਤੀ ਦੌਰ ਵਿੱਚ ਖਰੀਦ ਮੁੱਲ ਘੱਟ ਹੋ ਸਕਦੈ: ਜੋ ਕੇਸਰ ਜੰਮੂ ਕਸ਼ਮੀਰ ਵਿਚ ਉਗਾਇਆ ਜਾਂਦਾ ਹੈ ਉਸਦੀ ਕੀਮਤ ਢਾਈ ਲੱਖ ਤੋਂ ਸਾਢੇ 3 ਲੱਖ ਰੁਪਏ ਪ੍ਰਤੀ ਕਿਲੋ ਹੁੰਦੀ ਹੈ। ਪਰ ਪੰਜਾਬ ਵਿਚ ਤਿਆਰ ਕੀਤੇ ਜਾਣ ਵਾਲੇ ਕੇਸਰ ਦਾ ਸ਼ੁਰੂਆਤੀ ਦੌਰ ਵਿਚ ਖਰੀਦ 1 ਤੋਂ ਡੇਢ ਲੱਖ ਹੀ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਬਾਅਦ ਵਿਚ ਲੈਬੋਰਟਰੀ ਟੈਸਟਿੰਗ, ਗੁਣਾਤਮਕ ਅਤੇ ਪੌਸ਼ਕ ਤਬਦੀਲੀਆਂ ਤੋਂ ਬਾਅਦ ਇਸਦਾ ਖਰੀਦ ਮੁੱਲ ਵੱਧ ਜਾਵੇਗਾ। ਉਥੇ ਈ ਜੇਕਰ ਲਾਗਤ ਮੁੱਲ ਦੀ ਗੱਲ ਕਰੀਏ ਤਾਂ 1 ਕਿਲ੍ਹੇ ਉੱਤੇ ਕੇਸਰ ਦੀ ਖੇਤੀ ਕਰਨ ਲਈ 50 ਹਜ਼ਾਰ ਤੋਂ 1 ਲੱਖ ਰੁਪਏ ਦਾ ਖਰਚਾ ਆ ਸਕਦਾ ਹੈ। ਜਿਸ ਵਿਚ ਜ਼ਮੀਨ ਅਤੇ ਮਿੱਟੀ ਤਿਆਰ ਕਰਨ ਤੋਂ ਲੈ ਕੇ ਫ਼ਸਲ ਬੀਜਣ ਤੱਕ ਦਾ ਖਰਚਾ ਸ਼ਾਮਿਲ ਹੈ।
ਐੱਮਐੱਸਪੀ ਦੇ ਭਰੋਸੇ ਰਹਿ ਕੇ ਕਿਸਾਨ ਦੀ ਬਰਬਾਦੀ ਤੈਅ: ਪ੍ਰੋਫੈਸਰ ਵਿਨੋਦ ਚੌਧਰੀ ਨੇ ਪੰਜਾਬ ਵਿਚ ਕੇਸਰ ਦੀਆਂ ਖੇਤੀ ਦੀਆਂ ਸੰਭਾਵਨਾਵਾਂ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਐਮਐਸਪੀ ਦਾ ਮੁੱਦਾ ਸਭ ਤੋਂ ਅਹਿਮ ਹੈ। ਜਿਸਦਾ ਸਰਕਾਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਪਰ ਕਿਸਾਨ ਨੂੰ ਨੁਕਸਾਨ ਹੀ ਨੁਕਸਾਨ ਹੈ। ਹੁਣ ਤੱਕ ਪੰਜਾਬ ਵਿਚ ਫ਼ਸਲੀ ਵਿਿਭੰਨਤਾ ਦੇ ਨਾਂ 'ਤੇ ਐਮਐਸਪੀ ਵੱਡਾ ਮੁੱਦਾ ਬਣਕੇ ਉਭਰਿਆ ਹੈ। ਕੇਸਰ ਦੀ ਖੇਤੀ ਲਈ ਵੀ ਇਹ ਸਵਾਲ ਜਿਉਂ ਦਾ ਤਿਉਂ ਬਰਕਰਾਰ ਹੈ? ਪਰ ਕੇਸਰ ਦੀ ਖੇਤੀ ਸਰਕਾਰੀ ਤੰਤਰ ਅਤੇ ਐੱਮਐੱਸਪੀ ਦੇ ਦਾਇਰੇ ਤੋਂ ਬਾਹਰ ਹੈ। ਕਿਉਂਕਿ ਇਸ ਵਿਚ ਮੰਡੀਕਰਨ ਕੰਮ ਨਹੀਂ ਕਰਦਾ। ਕੇਸਰ ਖੁੱਲੀ ਮੰਡੀ ਵਿਚ ਵੀ ਵੇਚਿਆ ਜਾ ਸਕਦਾ ਹੈ ਜਿਸਦੀ ਮੰਗ ਬਹੁਤ ਜ਼ਿਆਦਾ ਹੈ ਅਤੇ ਪ੍ਰਾਈਵੇਟ ਖਰੀਦਦਾਰ ਬਹੁਤ ਜ਼ਿਆਦਾ ਕੇਸਰ ਦੀ ਖਰੀਦ ਵਿਚ ਦਿਲਚਸਪੀ ਵਿਖਾਉਣਗੇ। ਇਸਦੇ ਵਿਚ ਐਮਐਸਪੀ ਦੀ ਜ਼ਰੂਰਤ ਨਹੀਂ ਐਮਐਸਪੀ ਤੋਂ ਕਿਧਰੇ ਜ਼ਿਆਦਾ ਮੁਨਾਫ਼ਾ ਕੇਸਰ ਦੀ ਖੇਤੀ ਵਿਚ ਮਿਲ ਸਕਦਾ ਹੈ। ਇਸਦੀ ਮੰਗ ਪੰਜਾਬ ਜਾਂ ਭਾਰਤ ਤੱਕ ਹੀ ਸੀਮਤ ਨਹੀਂ ਬਲਕਿ ਪੂਰੀ ਦੁਨੀਆਂ ਵਿਚ ਕੇਸਰ ਵਰਤੋਂ ਬਹੁਤ ਹੁੰਦੀ ਹੈ। ਕਸ਼ਮੀਰ ਤੋਂ ਇਲਾਵਾ ਪੂਰੀ ਦੁਨੀਆਂ ਵਿਚ ਕਿਧਰੇ ਵੀ ਸ਼ਾਨਦਾਰ ਕੇਸਰ ਨਹੀਂ ਹੁੰਦਾ।
ਪੂਰੀ ਦੁਨੀਆਂ ਵਿੱਚ ਕੇਸਰ ਦਾ ਬੋਲਬਾਲਾ: ਕੇਸਰ ਵਿਸ਼ਵ ਭਰ ਦੇ ਵਿਚ ਇੰਨਾ ਪ੍ਰਸਿੱਧ ਅਤੇ ਵਰਤਿਆ ਜਾਣ ਵਾਲਾ ਪਦਾਰਥ ਹੈ ਜਿਸਦਾ ਬੋਲਬਾਲਾ ਕਈ ਦੇਸ਼ਾਂ ਵਿਚ ਹੈ। ਭਾਰਤ ਤੋਂ ਇਲਾਵਾ ਫ੍ਰਾਂਸ, ਸਪੇਨ, ਇਟਲੀ, ਗ੍ਰੀਸ, ਜਰਮਨੀ, ਜਪਾਨ, ਰੂਸ, ਆਸਟ੍ਰੀਆ, ਤੁਰਕਿਸਤਾਨ, ਪਾਕਿਸਤਾਨ, ਕਵੇਟਾ, ਚੀਨ ਅਤੇ ਸਵਿੱਟਜ਼ਰਲੈਂਡ ਵਿਚ ਵੱਧ ਚੜ੍ਹ ਕੇ ਕੇਸਰ ਦੀ ਖੇਤੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: 93 ਸਾਲਾ ਸੁਰਜੀਤ ਕੌਰ ਨੇ ਐਥਲੀਟ 'ਚ ਜਿੱਤੇ ਕਈ ਮੈਡਲ, ਮੈਦਾਨ 'ਚ ਉਤਰਦੇ ਹੀ ਸ਼ੁਰੂ ਹੋ ਜਾਂਦੀ ਹੈ ਤਾੜੀਆਂ ਦੀ ਗੂੰਝ