ਚੰਡੀਗੜ੍ਹ: ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਈਆਂ ਹਨ ਜਿਸ ਵਿੱਚ ਕਾਂਗਰਸ ਨੂੰ ਤਿੰਨ ਸੀਟਾਂ ਮਿਲੀਆਂ ਤੇ ਇੱਕ ਉੱਤੇ ਅਕਾਲੀ ਦਲ ਨੂੰ ਜਿੱਤ ਪ੍ਰਾਪਤ ਹੋਈ ਹੈ। ਜੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਤੀਜੇ ਜਾਂ ਚੌਥੇ ਨੰਬਰ ਉੱਤੇ ਵੀ ਮੁਸ਼ਕਲ ਨਾਲ ਥਾਂ ਬਣਾ ਸਕੀ ਹੈ।
ਇਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਆਪਣੀ ਹਾਰ ਨੂੰ ਸਵੀਕਾਰ ਕਰਦੇ ਹੋਏ ਆਪਣੀਆਂ ਗ਼ਲਤੀਆਂ ਅਤੇ ਕਮੀਆਂ ਨੂੰ ਚਰਚਾ ਕਰਨ ਲਈ ਜਲਦ ਹੀ ਕੋਰ ਕਮੇਟੀ ਦੀ ਬੈਠਕ ਬੁਲਾਉਣ ਜਾ ਰਹੀ ਹੈ ਜਿਸ ਵਿੱਚ ਤਮਾਮ ਮੁੱਦੇ ਚਰਚਾ ਵਿਚਾਰੇ ਜਾਣਗੇ। ਹਾਰ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਸੋਚਿਆ ਸੀ ਨਤੀਜੇ ਉਸ ਬਾਬਤ ਨਹੀਂ ਆਏ ਪਰ ਜੋ ਵੀ ਵੋਟਾਂ ਲੋਕਾਂ ਨੇ ਦਿੱਤੀਆਂ ਉਨ੍ਹਾਂ ਲਈ ਉਹ ਧੰਨਵਾਦੀ ਹਨ।
ਆਪ ਲਈ ਇਨ੍ਹਾਂ ਵੋਟਾਂ ਦੇ ਵਿੱਚ ਥਾਂ ਬਣਾ ਪਾਉਣਾ ਬੇਹੱਦ ਜ਼ਰੂਰੀ ਸੀ ਕਿਉਂਕਿ ਜੇ ਪਾਰਟੀ 2017 ਤੋਂ ਬਾਅਦ ਹੁਣ 2022 ਦੇ ਵਿੱਚ ਚੰਗੇ ਨਤੀਜਿਆਂ ਦੀ ਉਮੀਦ ਕਰਦੀ ਹੈ ਤਾਂ ਪਾਰਟੀ ਨੂੰ ਹੁਣ ਤੋਂ ਹੀ ਆਪਣੀਆਂ ਕਮੀਆਂ ਨੂੰ ਸੁਧਾਰਨ ਲਈ ਜ਼ੋਰ ਦੇਣਾ ਹੋਵੇਗਾ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਵਾਂਗ ਇਸ ਵਾਰ ਦੀਆਂ ਚੋਣਾਂ ਵਿੱਚ ਵੀ ਪਾਰਟੀ ਨੂੰ ਜ਼ਿਆਦਾ ਵੋਟਾਂ ਨਹੀਂ ਮਿਲੀਆਂ ਜਿਸ ਵਿੱਚ ਕਿ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਵੀ ਖੂਬ ਚੋਣ ਪ੍ਰਚਾਰ ਕੀਤਾ ਸੀ।
ਸਭ ਤੋਂ ਵੱਡਾ ਸਵਾਲ ਹੁਣ ਪਾਰਟੀ ਪ੍ਰਧਾਨ ਭਗਵੰਤ ਮਾਨ ਲਈ ਖੜ੍ਹਾ ਹੁੰਦਾ ਹੈ ਕਿ ਉਹ ਹਾਰ ਦੀ ਜ਼ਿੰਮੇਦਾਰੀ ਲੈਂਦੇ ਹਨ ਜਾਂ ਨਹੀਂ ਕਿਉਂਕਿ ਜਦੋਂ ਜ਼ਿਮਨੀ ਚੋਣਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ ਤਾਂ ਉਸ ਸਮੇਂ ਇਹ ਸਭ ਤੋਂ ਵੱਡਾ ਸਵਾਲ ਉੱਠਿਆ ਸੀ ਕਿ ਪਹਿਲਾਂ ਦੀਆਂ ਚੋਣਾਂ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਪਰ ਭਗਵੰਤ ਮਾਨ ਨੇ ਅੱਗੇ ਹੋ ਕੇ ਕਿਹਾ ਸੀ ਕਿ ਜੇ ਜਿੱਤ ਜਾਂ ਹਾਰ ਹੁੰਦੀ ਹੈ ਤਾਂ ਉਹ ਇਸ ਦੀ ਜ਼ਿੰਮੇਦਾਰੀ ਖੁਦ ਲੈਣਗੇ ਪਰ ਜਦੋਂ ਇਸ ਬਾਬਤ ਹਰਪਾਲ ਚੀਮਾ ਨਾਲ ਗੱਲ ਕੀਤੀ ਤਾਂ ਉਹ ਗੱਲ ਟਾਲਦੇ ਹੋਏ ਨਜ਼ਰ ਆਏ।