ਚੰਡੀਗੜ੍ਹ: ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਪੈਰੋਲ ਉੱਤੇ ਆਏ ਰਾਮ ਰਹੀਮ ਕਾਰਨ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਮਿਲਣਾ ਅਤੇ ਪਹਿਲਾਂ ਵਾਂਗ ਸਤਿਸੰਗ ਕਰਨਾ ਇੱਕ ਵੱਡਾ ਸਿਆਸੀ ਮਸਲਾ ਬਣ ਗਿਆ ਹੈ। ਅਜਿਹੇ ਹਾਲਾਤਾਂ ਵਿਚ ਪੰਜਾਬ ਦੇ ਨੇਤਾਵਾਂ ਦਾ ਇਹ ਡਰ ਕਿੰਨਾ ਕੁ ਸਹੀ ਹੈ ? ਕਿਤੇ ਆਪਣੀ ਸਿਆਸੀ ਜ਼ਮੀਨ ਤਰਾਸ਼ਣ ਲਈ ਤਾਂ ਰਾਜਨੇਤਾ ਅਜਿਹੀਆਂ ਬਿਆਨਬਾਜ਼ੀਆਂ ਤਾਂ ਨਹੀਂ ਕਰ ਰਹੇ ? ਇਹ ਸਾਰੇ ਪਹਿਲੂਆਂ ਨੂੰ ਵਾਚਣ ਅਤੇ ਇਹਨਾਂ ਪਹਿਲੂਆਂ ਬਾਰੇ ਵਿਚਾਰ ਚਰਚਾ ਕਰਨ ਲਈ ਈਟੀਵੀ ਭਾਰਤ ਵੱਲੋਂ ਖਾਸ ਰਿਪੋਰਟ ਤਿਆਰ ਕੀਤੀ ਗਈ ਜਿਸ ਵਿਚ ਸਿੱਖ ਚਿੰਤਕਾਂ ਦੀ ਵੀ ਰਾਏ ਲਈ ਗਈ।ਸਿਆਸੀ ਜ਼ਮੀਨ ਤਰਾਸ਼ਣ ਲਈ ਸਿਆਸਤਦਾਨ ਕਰ ਰਹੇ ਬਿਆਨਬਾਜ਼ੀਆਂ ?
ਆਪਣਾ ਸਿਆਸੀ ਆਧਾਰ ਲਭ ਰਹੀਆਂ ਸਿਆਸੀ ਪਾਰਟੀਆਂ : ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਿੱਖ ਚਿੰਤਕ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਰਾਮ ਰਹੀਮ ਵੱਡਾ ਅਪਰਾਧੀ ਹੈ, ਇਸ ਵਿਚ ਕੋਈ ਦੋ ਰਾਏ ਨਹੀਂ ਹੈ, ਪਰ ਪੰਜਾਬ ਵਿਚ ਨੇਤਾ ਆਪਣਾ ਸਿਆਸੀ ਆਧਾਰ ਤਰਾਸ਼ਣ ਲਈ ਰਾਮ ਰਹੀਮ ਦੀ ਪੈਰੋਲ 'ਤੇ ਇਕ ਤੋਂ ਬਾਅਦ ਇਕ ਸਿਆਸੀ ਬਿਆਨਬਾਜ਼ੀ ਕਰ ਰਹੇ ਹਨ। ਜੇਕਰ ਰਾਜਨੇਤਾਵਾਂ ਨੇ ਕੋਈ ਕੰਮ ਕੀਤਾ ਹੁੰਦਾ, ਤਾਂ ਆਪਣੀ ਸਿਆਸਤ ਚਮਕਾਉਣ ਲਈ ਵਾਰ ਵਾਰ ਰਾਮ ਰਹੀਮ ਦਾ ਜ਼ਿਕਰ ਨਾ ਕਰਦੇ ਹਨ। ਪੰਜਾਬ ਵਿਚ ਹਾਲਾਤ ਇਹ ਹਨ ਕਿ ਰਾਜਨੇਤਾ ਰਾਜਨੀਤਕ ਤੌਰ 'ਤੇ ਬੇਰੁਜ਼ਗਾਰ ਹੋ ਚੁੱਕੇ ਹਨ, ਉਨ੍ਹਾਂ ਦੀ ਰਾਜਨੀਤੀ ਪੰਜਾਬ ਵਿਚ ਚੱਲ ਨਹੀਂ ਰਹੀ ਜਿਸ ਲਈ ਆਪਣਾ ਆਧਾਰ ਕਾਇਮ ਕਰਨ ਵਾਸਤੇ ਰਾਮ ਰਹੀਮ ਦੀ ਪੈਰੋਲ ਨੂੰ ਤੂਲ ਦੇ ਰਹੇ ਹਨ ਅਤੇ ਇਕ ਦੂਜੇ ਉੱਤੇ ਦੂਸ਼ਣਬਾਜ਼ੀ ਕਰ ਰਹੇ ਹਨ।
ਨੇਤਾ ਚਾਹੁੰਦੇ ਕਿ ਕਿਸੇ ਮੁੱਦੇ 'ਤੇ ਕਲੇਸ਼ ਛਿੜ੍ਹਿਆ ਰਹੇ : ਉਨ੍ਹਾਂ ਕਿਹਾ ਕਿ ਭਾਵੇਂ ਅਕਾਲੀ ਦਲ ਦੇ ਪ੍ਰਧਾਨ ਹੋਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ, ਭਾਜਪਾ ਵਾਲੇ ਹੋਣ ਜਾਂ ਫਿਰ ਕਾਂਗਰਸੀ ਸਭ ਆਪੋ ਆਪਣੀ ਸਿਆਸੀ ਖੇਡਾਂ ਖੇਡ ਰਹੇ ਹਨ। ਪੰਜਾਬ ਵਿਚ ਇਕ ਦਮ ਬਦਲਿਆ ਰਾਜਨੀਤਿਕ ਵਰਤਾਰਾ ਕਈ ਸਿਆਸੀ ਪ੍ਰਸੰਗ ਬਦਲ ਗਿਆ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਕੋਈ ਵੀ ਸਿਆਸੀ ਧਿਰ ਅਜਿਹੀ ਨਹੀਂ ਜੋ ਲੋਕ ਹਿੱਤਾਂ ਦੀ ਗੱਲ ਕਰਦੀ ਹੋਵੇ। ਹਰ ਵਰਗ ਭਾਵੇਂ ਉਹ ਕਿਸਾਨ ਹੋਣ, ਟ੍ਰੇਡ ਯੂਨੀਅਨਾਂ ਹੋਣ, ਅਧਿਆਪਕ ਹੋਣ ਜਾਂ ਕੋਈ ਹੋਰ ਵਰਗ ਹੋਵੇ ਸਭ ਆਪਣੀ ਲੜਾਈ ਆਪ ਲੜ੍ਹ ਰਹੇ ਹਨ। ਸਿਆਸੀ ਆਗੂਆਂ ਨੂੰ ਸਿਰਫ਼ ਸਿਆਸਤ ਚਮਕਾਉਣ ਦਾ ਮੌਕਾ ਚਾਹੀਦਾ ਹੈ। ਇਸੇ ਲਈ ਰਾਮ ਰਹੀਮ 'ਤੇ ਵੀ ਖੂਬ ਬਿਆਨਬਾਜ਼ੀ ਹੋ ਰਹੀ ਹੈ, ਤਾਂ ਕਿ ਇਹ ਮੁੱਦਾ ਸਿਆਸੀ ਬਣਿਆ ਰਹੇ। ਉਨ੍ਹਾਂ ਆਖਿਆ ਕਿ ਸਿਆਸਤਦਾਨ ਨਹੀਂ ਚਾਹੁੰਦੇ ਕਿ ਪੰਜਾਬ ਵਿਚ ਸ਼ਾਂਤੀ ਰਹੇ। ਉਹ ਚਾਹੁੰਦੇ ਹਨ ਕਿ ਕਿਸੇ ਨੇ ਕਿਸੇ ਮੁੱਦੇ 'ਤੇ ਕਲੇਸ਼ ਛਿੜ੍ਹਿਆ ਰਹੇ।
ਯੂਪੀ 'ਚ ਬੈਠਾ ਰਾਮ ਰਹੀਮ ਪੰਜਾਬ ਦਾ ਮਾਹੌਲ ਕਿਵੇਂ ਖਰਾਬ ਕਰ ਸਕਦਾ ਹੈ : ਇਸ ਸਵਾਲ ਦੇ ਜਵਾਬ ਵਿਚ ਡਾ. ਖੁਸ਼ਹਾਲ ਸਿੰਘ ਦਾ ਕਹਿਣਾ ਹੈ ਕਿ ਯੂਪੀ ਬੈਠਾ ਰਾਮ ਰਹੀਮ ਪੰਜਾਬ ਵਿਚ ਮਾਹੌਲ ਖਰਾਬ ਨਹੀਂ ਕਰ ਸਕਦਾ। ਇਹ ਤਰਕ ਟੈਕਨੀਕਲੀ ਤਾਂ ਠੀਕ ਹੈ, ਪਰ ਉਸ ਦਾ ਡਿਜੀਟਲ ਸਤਿਸੰਗ ਪੰਜਾਬ ਵਿੱਚ ਵੀ ਪਹੁੰਚਦਾ ਹੈ। ਉਸ ਦੇ ਸਤਿਸੰਗ ਦਾ ਪ੍ਰਭਾਵ ਸਾਰੇ ਖੇਤਰਾਂ ਵਿਚ ਪੈਂਦਾ ਹੈ। ਬੀਤੇ ਦਿਨ ਜਿਸ ਤਰ੍ਹਾਂ ਡੇਰਾ ਸਲਾਬਤਪੁਰਾ ਵਿਚ ਇਕੱਠ ਹੋਇਆ, ਉਸ ਨੇ ਸਿੱਖ ਭਾਈਚਾਰੇ ਨੂੰ ਉਕਸਾਇਆ ਹੈ। ਇਸ ਲਈ ਮਤਭੇਦ ਪੈਦਾ ਹੋਏ ਅਤੇ ਮਾਹੌਲ ਤਣਾਅਪੂਰਨ ਵੀ ਹੋਇਆ। ਉਹ ਯੂਪੀ ਵਿੱਚ ਬੈਠਾ ਇਹ ਠੀਕ ਹੈ, ਪਰ ਉਸ ਦਾ ਪ੍ਰਭਾਵ ਕਿੱਥੇ ਕਿੱਥੇ ਪੈਂਦਾ ਹੈ, ਇਹ ਆਪਣੇ ਆਪ ਵਿਚ ਵੱਡੇ ਮਾਇਨੇ ਰੱਖਦਾ ਹੈ। ਰਾਮ ਰਹੀਮ ਦੇ ਜੇਲ੍ਹ ਜਾਣ ਸਮੇਂ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ, ਜਿਸ ਤਰ੍ਹਾਂ ਦੇ ਦੋਸ਼ ਉਸ ਉੱਤੇ ਤੈਅ ਹੋਏ, ਉਨ੍ਹਾਂ ਦਾ ਧਿਆਨ ਸਰਕਾਰ ਜ਼ਰੂਰ ਰੱਖੇ, ਕਿਉਂਕਿ ਇਸ ਦੇ ਨਤੀਜੇ ਪਹਿਲਾਂ ਦੀ ਤਰ੍ਹਾਂ ਖਤਰਨਾਕ ਵੀ ਹੋ ਸਕਦੇ ਹਨ।
ਭਾਜਪਾ ਆਗੂ ਹਰਜੀਤ ਗਰੇਵਾਲ ਹੋਏ ਗਰਮ : ਰਾਮ ਰਹੀਮ ਦੀ ਪੈਰੋਲ 'ਤੇ ਸਿਆਸੀ ਬਿਆਨਬਾਜ਼ੀਆਂ ਕਰਨ ਵਾਲੇ ਅਤੇ ਸਤਿਸੰਗ ਦਾ ਵਿਰੋਧ ਕਰਨ ਵਾਲੇ ਸਿੱਖ ਜਥੇਬੰਦੀਆਂ ਦੇ ਆਗੂਆਂ 'ਤੇ ਭਾਜਪਾ ਆਗੂ ਹਰਜੀਤ ਗਰੇਵਾਲ ਲੋਹੇ ਲਾਖੇ ਹੁੰਦੇ ਵਿਖਾਈ ਦਿੱਤੇ। ਉਨ੍ਹਾਂ ਆਖਿਆ ਕਿ ਡੇਰਾ ਸਿਰਸਾ ਮੁਖੀ ਨੂੰ ਕਾਨੂੰਨ ਦੇ ਦਾਇਰੇ ਅਤੇ ਜੇਲ੍ਹ ਦੇ ਨਿਯਮਾਂ ਅਨੁਸਾਰ ਦਿੱਤੀ ਗਈ ਹੈ, ਜੇਕਰ ਕਿਸੇ ਨੂੰ ਕੋਈ ਇਤਰਾਜ ਹੈ, ਤਾਂ ਉਹ ਹਾਈਕੋਰਟ ਵਿੱਚ ਚਲਾ ਜਾਵੇ। ਕਾਨੂੰਨ ਕਿਸੇ ਨੂੰ ਵੀ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ। ਸਤਿਸੰਗ ਵਿਚ ਸ਼ਾਮਿਲ ਹੋਣ ਜਾ ਰਹੇ ਲੋਕਾਂ ਦੀਆਂ ਬੱਸਾਂ ਰੋਕੀਆਂ ਗਈਆਂ, ਉਨ੍ਹਾਂ ਨੂੰ ਡਰਾਇਆ ਗਿਆ। ਜੇਕਰ ਡੇਰਾ ਪ੍ਰਮੁੱਖ ਡਿਜੀਟਲ ਸਤਿਸੰਗ ਰਾਹੀਂ ਆਪਣੇ ਪੈਰੋਕਾਰਾਂ ਨਾਲ ਜੁੜਦਾ ਹੈ, ਤਾਂ ਇਸ ਵਿਚ ਕੁਝ ਵੀ ਗੈਰ ਕਾਨੂੰਨੀ ਨਹੀਂ। ਇਸ ਤਰ੍ਹਾਂ ਸਿੱਖ ਰਸਤਾ ਰੋਕ ਰਹੇ ਹਨ। ਉਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ, ਨਾ ਕਿ ਡਿਜੀਟਲ ਸਤਿਸੰਗ ਨਾਲ।
ਇਹ ਵੀ ਪੜ੍ਹੋ: Maur Bomb Blast: ਮੌੜ ਬੰਬ ਧਮਾਕੇ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦੀ ਉਡੀਕ, ਅੱਖਾਂ ਅੱਜ ਵੀ ਨਮ