ਚੰਡੀਗੜ੍ਹ ਡੈਸਕ : ਰੋਜ਼ਾਨਾ ਸਕੂਲ ਸ਼ਰਾਬ ਪੀ ਕੇ ਵੜਨ ਵਾਲੇ ਰੋਪੜ ਦੇ ਲੜਕੀਆਂ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਸਪੈਂਡ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਮੁਤਾਬਿਕ ਹਰਜੋਤ ਬੈਂਸ ਵੱਲੋਂ ਸਕੂਲ ਦਾ ਅਚਨਚੇਤ ਦੌਰਾ ਕੀਤਾ ਗਿਆ ਸੀ। ਇਸ ਦੌਰਾਨ ਲੜਕੀਆਂ ਨੇ ਦੱਸਿਆ ਕਿ ਪ੍ਰਿੰਸੀਪਲ ਰੋਜ ਹੀ ਸ਼ਰਾਬ ਪੀ ਕੇ ਸਕੂਲ ਆਉਂਦਾ ਹੈ। ਇਸ ਤੋਂ ਬਾਅਦ ਸਿੱਖਿਆ ਮੰਤਰੀ ਨੇ ਤੁਰੰਤ ਕਾਰਵਾਈ ਕਰਦਿਆਂ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ। ਦੂਜੇ ਪਾਸੇ ਸਿੱਖਿਆ ਮੰਤਰੀ ਨੇ ਇਸ ਸਕੂਲ ਨੂੰ 1 ਕਰੋੜ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਹੈ।
ਲੜਕੀਆਂ ਨੇ ਕੀਤਾ ਖੁਲਾਸਾ : ਜਾਣਕਾਰੀ ਮੁਤਾਬਿਕ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਪਣੇ ਹਲਕੇ ਦੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਜਾ ਰਿਹਾ ਸੀ। ਜਦੋਂ ਉਹਪਿੰਡ ਧੀਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਏ ਤਾਂ ਲੜਕੀਆਂ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਲੜਕੀਆਂ ਨੇ ਕਿਹਾ ਕਿ ਪ੍ਰਿੰਸੀਪਲ ਸ਼ਰਾਬੀ ਹਾਲਤ ਵਿੱਚ ਸਕੂਲ ਆਉਂਦਾ ਹੈ। ਇਸ ਤੋਂ ਬਾਅਦ ਸਿੱਖਿਆ ਮੰਤਰੀ ਨੇ ਬਾਕੀ ਅਧਿਆਪਕਾਂ ਨਾਲ ਵੀ ਗੱਲ ਕੀਤੀ। ਬੈਂਸ ਨੇ ਅਧਿਆਪਕਾਂ ਦੀ ਵੀ ਕਲਾਸ ਲਾਈ ਕਿ ਜੇਕਰ ਅਜਿਹਾ ਕੋਈ ਮਾਮਲਾ ਸੀ ਤਾਂ ਇਸ ਬਾਰੇ ਕੋਈ ਸ਼ਿਕਾਇਤ ਕਿਉਂ ਨਹੀਂ ਕੀਤੀ ਗਈ।
ਸਕੂਲ ਸਟਾਫ ਨੂੰ ਕਾਰਣ ਦੱਸੋ ਨੋਟਿਸ ਜਾਰੀ : ਸਿੱਖਿਆ ਮੰਤਰੀ ਨੇ ਕਿਹਾ ਕਿ ਪ੍ਰਿੰਸੀਪਲ ਦੀ ਇਸ ਹਰਕਤ ਨਾਲ ਸਾਰੇ ਸਕੂਲਾਂ ਦਾ ਭਰੋਸਾ ਟੁੱਟੇਗਾ। ਇਸ ਤੋਂ ਬਾਅਦ ਸਿੱਖਿਆ ਮੰਤਰੀ ਨੇ ਤੁਰੰਤ ਫੈਸਲਾ ਲਿਆ ਅਤੇ ਪ੍ਰਿੰਸੀਪਲ ਨੂੰ ਸਕੂਲ ਤੋਂ ਲਾਂਭੇ ਕਰ ਦਿੱਤਾ। ਪ੍ਰਿੰਸੀਪਲ ਦੇ ਨਾਲ ਆਈ ਇਕ ਮਹਿਲਾ ਵੀ ਮੁਅੱਤਲ ਕੀਤਾ ਗਿਆ ਹੈ। ਸਟਾਫ ਨੂੰ ਸਿੱਖਿਆ ਮੰਤਰੀ ਨੇ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਲਤੀਆਂ ਬਰਦਾਸ਼ਤ ਨਹੀਂ ਹੋਣਗੀਆਂ।