ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਸਮਾਗਮ ਮੌਕੇ ਸੂਬੇ ਨੂੰ ਬਿਨਾਂ ਸਬਸਿਡੀ ਵਾਲਾ ਮਿੱਟੀ ਦਾ ਤੇਲ ਦਿੱਤਾ ਜਾਵੇਗਾ। ਇਹ ਜਾਣਕਾਰੀ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ (ਐਮ.ਓ.ਪੀ ਅਤੇ ਐਨ.ਜੀ.), ਭਾਰਤ ਸਰਕਾਰ ਨੂੰ ਸਾਲ 2019-20 ਵਿੱਚ ਵਿਸ਼ੇਸ਼ ਲੋੜਾਂ ਲਈ ਗੈਰ-ਸਬਸਿਡੀ ਵਾਲਾ ਮਿੱਟੀ ਦਾ ਤੇਲ ਅਲਾਟ ਕਰਨ ਲਈ ਕੀਤੀ ਗਈ ਬੇਨਤੀ 'ਤੇ ਵਿਚਾਰ ਕੀਤਾ ਗਿਆ, ਅਤੇ ਸੂਬੇ ਨੂੰ ਇਸ ਸਾਲ 6192 ਕਿਲੋ ਲੀਟਰ ਬਿਨਾਂ ਸਬਸਿਡੀ ਵਾਲਾ ਪੀ.ਡੀ.ਐਸ. ਮਿੱਟੀ ਦਾ ਤੇਲ ਅਲਾਟ ਕੀਤਾ ਗਿਆ ਹੈ।
ਸਿਨਹਾ ਨੇ ਦੱਸਿਆ ਕਿ 550 ਵੇਂ ਪ੍ਰਕਾਸ਼ ਪੁਰਬ ਮੌਕੇ ਸਾਲ ਭਰ ਚਲਣ ਵਾਲੇ ਸਮਾਗਮਾਂ ਨੂੰ ਮਨਾਉਣ ਲਈ ਕਈ ਧਾਰਮਿਕ ਗਤੀਵਿਧੀਆਂ ਜਿਵੇਂ ਕੀਰਤਨ, ਕਥਾ, ਪ੍ਰਭਾਤ ਫੇਰੀ, ਲੰਗਰ ਅਤੇ ਵਿਦਿਅਕ ਗਤੀਵਿਧੀਆਂ ਜਿਵੇਂ ਸੈਮੀਨਾਰ, ਵਰਕਸ਼ਾਪ, ਲੈਕਚਰ ਆਦਿ ਆਯੋਜਿਤ ਕੀਤੇ ਜਾ ਰਹੇ ਹਨ। ਅਜਿਹੀਆਂ ਸਾਰੀਆਂ ਗਤੀਵਿਧੀਆਂ ਵਿੱਚ ਸੰਗਤ, ਆਮ ਲੋਕ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਜਿਸ ਕਰਕੇ ਵੱਡੇ ਪੱਧਰ 'ਤੇ ਲੰਗਰ ਤਿਆਰ ਕੀਤਾ ਜਾਂਦਾ ਹੈ। ਇਸ ਕਰਕੇ ਖਾਣਾ ਪਕਾਉਣ ਲਈ ਵਧੇਰੇ ਮਾਤਰਾ ਵਿੱਚ ਤੇਲ ਦੀ ਲੋੜ ਹੈ, ਕਿਉਂਕਿ ਵੱਡੇ ਪੱਧਰ 'ਤੇ ਲੱਕੜ ਦੀ ਵਰਤੋਂ ਕਰਨ ਨਾਲ ਸੂਬੇ ਵਿੱਚ ਪ੍ਰਦੂਸ਼ਣ ਵਧੇਗਾ 'ਤੇ ਨਾਲ ਹੀ ਸੂਬੇ ਦੀ ਹਰਿਆਲੀ ਨੂੰ ਨੁਕਸਾਨ ਪਹੁੰਚੇਗਾ। ਇਸ ਲਈ, ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨ ਢੁਕਵੇਂ ਢੰਗ ਅਤੇ ਵੱਡੇ ਪੱਧਰ 'ਤੇ ਮਨਾਉਣ ਲਈ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ (ਐਮ.ਓ.ਪੀ ਐਂਡ ਐਨ.ਜੀ.), ਭਾਰਤ ਸਰਕਾਰ ਨੇ ਵਿਸ਼ੇਸ਼ ਲੋੜਾਂ ਵਾਸਤੇ ਗੈਰ-ਸਬਸਿਡੀ ਵਾਲਾ ਮਿੱਟੀ ਦਾ ਤੇਲ ਅਲਾਟ ਕੀਤਾ ਹੈ।
ਉਨਾਂ ਅੱਗੇ ਦੱਸਿਆ ਕਿ ਸਬਸਿਡੀ ਵਾਲੀਆਂ ਵਸਤਾਂ ਦੀ ਵੰਡ ਕਰਨ ਵਾਲੇ ਰਾਸ਼ਨ ਡਿਪੂ ਇਸ ਪ੍ਰਕਿਰਿਆ ਵਿਚ ਸ਼ਾਮਲ ਨਹੀਂ ਹੋਣਗੇ ਅਤੇ ਪੀਐਸਯੂ ਤੇਲ ਕੰਪਨੀ ਡਿਪੂਆਂ ਦੁਆਰਾ ਥੋਕ ਵਿਕਰੇਤਾਵਾਂ ਨੂੰ ਤੇਲ ਦੀ ਸਿੱਧੀ ਚੁੱਕਾਈ ਕਰਵਾਈ ਜਾਵੇਗੀ। ਖੁਰਾਕ ਸਪਲਾਈ ਵਿਭਾਗ ਦੇ ਜ਼ਿਲ੍ਹਾ ਖੁਰਾਕ ਸਿਵਲ ਸਪਲਾਈ (ਡੀ.ਐੱਫ.ਐੱਸ.ਸੀ.) ਅਤੇ ਹੋਰ ਖੇਤਰੀ ਕਾਰਕੁਨਾਂ ਦੀ ਭੂਮਿਕਾ ਸਿਰਫ਼ ਥੋਕ ਵਿਕਰੇਤਾਵਾਂ ਨੂੰ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੁਆਰਾ ਕੀਤੀਆਂ ਬੇਨਤੀਆਂ ਨੂੰ ਭੇਜਣ ਤੱਕ ਸੀਮਿਤ ਹੋਵੇਗੀ।
ਉਨਾਂ ਦੱਸਿਆ ਕਿ ਪ੍ਰਚੂਨ ਪੱਧਰ 'ਤੇ ਗੈਰ ਸਬਸਿਡੀ ਵਾਲੇ ਪੀਡੀਐਸ ਮਿੱਟੀ ਦੇ ਤੇਲ ਦੀ ਵਿਕਰੀ ਪੈਟਰੋਲੀਅਮ ਐਕਟ 1934 (ਨਿਯਮ 2002) ਅਨੁਸਾਰ, ਪ੍ਰਤੀ ਟ੍ਰਾਂਜੈਕਸ਼ਨ 2500 ਲਿਟਰ ਤੱਕ ਸੀਮਿਤ ਹੋਵੇਗੀ। ਹਾਲਾਂਕਿ, ਪਹਿਲਾਂ ਲਏ ਗਏ ਤੇਲ ਦੀ ਖਪਤ ਤੋਂ ਬਾਅਦ ਉਸੇ ਧਾਰਮਿਕ ਵਿਦਿਅਕ ਸੰਸਥਾ ਨੂੰ ਮੁੜ ਤੇਲ ਦੇਣ 'ਤੇ ਕੋਈ ਰੋਕ ਨਹੀਂ ਹੋਵੇਗੀ। ਥੋਕ ਵਿਕਰੇਤਾ ਉਪਯੋਗਤਾ ਸਰਟੀਫਿਕੇਟ ਡੀ.ਐੱਫ.ਐੱਸ.ਸੀ. ਨੂੰ ਜਮ੍ਹਾਂ ਕਰਵਾਉਣਗੇ ਜੋ ਇਸ ਨੂੰ ਇੱਕਠਾ ਕਰਕੇ ਅੱਗੇ ਮੁੱਖ ਦਫ਼ਤਰ ਭੇਜਣਗੇ ਤਾਂ ਜੋ ਭਾਰਤ ਸਰਕਾਰ ਨੂੰ ਇਸ ਸਬੰਧੀ ਜਾਣੂ ਕਰਾਇਆ ਜਾ ਸਕੇ।
ਜਿਕਰਯੋਗ ਹੈ ਕਿ ਪੱਤਰ ਮਿਤੀ 31.05.2019 ਰਾਹੀਂ, ਪੰਜਾਬ ਹੋਲਸੇਲਰਜ਼ ਕੈਰੋਸੀਨ ਅਤੇ ਐਲ ਡੀ ਓ ਡੀਲਰਜ਼ ਐਸੋਸੀਏਸ਼ਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ, ਪੰਜਾਬ ਸਰਕਾਰ ਨੂੰ ਗੈਰ ਸਬਸਿਡੀ ਵਾਲਾ ਪੀ.ਡੀ.ਐੱਸ. ਮਿੱਟੀ ਦਾ ਤੇਲ ਦੇਣ ਲਈ ਬੇਨਤੀ ਕੀਤੀ ਸੀ। ਜਿਸ ਦੇ ਅਧਾਰ 'ਤੇ, ਸੂਬਾ ਸਰਕਾਰ ਨੇ ਇਹ ਮਾਮਲਾ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ (ਐਮ.ਓ.ਪੀ ਅਤੇ ਐਨ.ਜੀ.) ਕੋਲ ਉਠਾਇਆ ਸੀ।