ਚੰਡੀਗੜ੍ਹ : ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਵੱਲੋਂ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਸੂਬਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਕੀਤੀਆਂ ਕਾਰਵਾਈਆਂ ਦੀ ਜਾਣਕਾਰੀ ਦਿੱਤੀ ਗਈ ਹੈ। ਆਈਜੀ ਗਿੱਲ ਨੇ ਦੱਸਿਆ ਕਿ ਇਹ ਮੁਹਿੰਮ 11 ਮਹੀਨਿਆਂ ਤੋਂ ਚੱਲ ਰਹੀ ਹੈ। ਇਸ ਤਹਿਤ ਹੁਣ ਤੱਕ ਸੂਬੇ ਵਿੱਚ 11 ਹਜ਼ਾਰ 147 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਦੌਰਾਨ 14 ਹਜ਼ਾਰ 952 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ 2126 ਵੱਡੇ ਸਮੱਗਲਰ ਫੜ੍ਹੇ ਗਏ ਹਨ। ਆਈਜੀ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਹੈਰੋਇਨ ਬਰਾਮਦ ਕੀਤੀ ਗਈ ਹੈ। ਆਈਜੀ ਨੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਵੱਲੋਂ 20 ਕਰੋੜ ਰੁਪਏ ਸਰਹੱਦੀ ਖੇਤਰਾਂ ਵਿਚ ਕੈਮਰੇ ਲਗਾਉਣ ਲਈ ਰੱਖੇ ਗਏ ਹਨ ਅਤੇ ਇਨ੍ਹਾਂ ਖੇਤਰਾਂ ਵਿੱਚ ਡਰੋਨ ਦੀ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।
ਇੱਥੇ ਸਭ ਤੋਂ ਵੱਧ ਐੱਫਆਈਆਰਜ਼ ਦਰਜ : ਆਈਜੀ ਗਿੱਲ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਐਫਆਈਆਰ ਸਰਹੱਦੀ ਖੇਤਰ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਦਰਜ ਹੋਈਆਂ, ਜਿਸਤੋਂ ਬਾਅਦ ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਜ਼ਿਆਦਾ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪਟਿਆਲਾ ਵਿੱਚ ਨਸ਼ਾ ਤਸਕਰੀ ਦੇ 106 ਕੇਸ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਮੋਹਾਲੀ 'ਚ 90 ਕੇਸ ਅਤੇ ਤਰਨਤਾਰਨ 'ਚ 74 ਕੇਸ ਸਾਹਮਣੇ ਆਏ ਹਨ। ਇਹਨਾਂ ਵਿੱਚ ਹੈਰੋਇਨ ਤਸਕਰੀ ਦੇ ਮਾਮਲੇ ਸਭ ਤੋਂ ਜ਼ਿਆਦਾ ਹਨ। 1135 ਕਿਲੋ ਹੈਰੋਇਨ ਫੜੀ ਗਈ ਹੈ, ਜਿਸ ਵਿਚੋਂ 987 ਕਿੱਲੋ ਰਿਕਵਰੀ ਪੰਜਾਬ ਤੋਂ ਕੀਤੀ ਗਈ। ਬਾਕੀ 147 ਕਿਲੋ ਪੰਜਾਬ ਪੁਲਿਸ ਦੇ ਸਾਂਝੈ ਆਪ੍ਰੇਸ਼ਨ ਨਾਲ ਗੁਜਰਾਤ ਅਤੇ ਮਹਾਂਰਾਸ਼ਟਰਾ ਬਾਰਡਰ ਤੋਂ ਫੜੀ ਗਈ।
730 ਕਿਲੋਗ੍ਰਾਮ ਅਫੀਮ ਫੜੀ ਗਈ : ਆਈਜੀ ਗਿੱਲ ਨੇ ਦੱਸਿਆ ਕਿ ਸਿੰਥੈਟਿਕ ਨਸ਼ਿਆਂ ਤੋਂ ਇਲਾਵਾ 730 ਕਿਲੋਗ੍ਰਾਮ ਅਫੀਮ ਬਰਾਮਦ ਹੋਈ ਹੈ।350 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ 40 ਕਿਲੋ ਚਰਸ ਅਤੇ 840 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ ਹੈ। ਨਸ਼ਿਆਂ ਤੋਂ ਇਲਾਵਾ ਆਈਜੀ ਗਿੱਲ ਵੱਲੋਂ ਵੱਡੀ ਗਿਣਤੀ 'ਚ ਡਰੱਗ ਮਨੀ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ ਗਿਆ ਹੈ, ਜਿਸ ਵਿੱਚ 11 ਕਰੋੜ 83 ਲੱਖ 25 ਹਜ਼ਾਰ ਡਰੱਗ ਮਨੀ ਬਰਾਮਦ ਕਰਨ ਦੀ ਜਾਣਕਾਰੀ ਦਿੱਤੀ। ਪਿਛਲੇ 3 ਮਹੀਨਿਆਂ 'ਚ ਪੰਜਾਬ ਪੁਲਿਸ ਨੇ ਵੱਡੀ ਮਾਤਰਾ 'ਚ ਨਸ਼ਾ ਬਰਾਮਦ ਕੀਤਾ ਹੈ।
ਸੜਕ ਸੁਰੱਖਿਆ ਫੋਰਸ : ਪੰਜਾਬ ਪੁਲਿਸ ਵੱਲੋਂ ਸੜਕ ਸੁਰੱਖਿਆ ਫੋਰਸ ਬਣਾਈ ਜਾਵੇਗੀ। ਇਸ ਫੋਰਸ ਲਈ ਏਡੀਜੀਪੀ ਏਐਸ ਰਾਏ ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ। ਇਸਦੇ ਲਈ 29 ਕਰੋੜ 5 ਲੱਖ ਰੁਪਏ ਰੱਖੇ ਗਏ ਹਨ।