ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਹੈ ਕਿ ਸੂਬਾ ਸਰਕਾਰ ਵੱਲੋਂ ਰਾਜ ਦੇ ਜ਼ਿਲ੍ਹਿਆਂ ਨੂੰ ਹੁਣ ਤੱਕ 150 ਕਰੋੜ ਰੁਪਏ ਕਰੋਨਾ ਰਾਹਤ ਕਾਰਜਾਂ ਲਈ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਮੁਸ਼ਕਿਲ ਦੌਰ ਚ ਸਰਕਾਰ ਸੂਬੇ ਦੇ ਲੋਕਾਂ ਨਾਲ ਖੜੀ ਹੈ ਅਤੇ ਰਾਹਤ ਕਾਰਜਾਂ ਅਤੇ ਕੋਰੋਨਾ ਦੇ ਪਸਾਰ ਨੂੰ ਰੋਕਣ ਲਈ ਸਾਰੇ ਲੋੜੀਂਦੇ ਇੰਤਜ਼ਾਮ ਕੀਤੇ ਜਾਣਗੇ ਅਤੇ ਇਸ ਕੰਮ ਚ ਪੈਸੇ ਦੀ ਘਾਟ ਕੋਈ ਅੜਿਕਾ ਨਹੀਂ ਬਣੇਗੀ।
ਵਿੱਤ ਮੰਤਰੀ ਬਾਦਲ ਨੇ ਅੱਗੇ ਦੱਸਿਆ ਕਿ ਮੈਡੀਕਲ ਉਪਕਰਨ ਅਤੇ ਹੋਰ ਲੋੜੀਂਦਾ ਸਾਜੋ ਸਮਾਨ ਖਰੀਦਣ ਲਈ ਵੀ 50 ਕਰੋੜ ਰੁਪਏ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਕੋਵਿਡ 19 ਦੇ ਟਾਕਰੇ ਲਈ ਵੱਧੀਕ ਮੁੱਖ ਸਕੱਤਰ ਦੀ ਅਗਵਾਈ ਵਾਲੀ ਖਰੀਦ ਕਮੇਟੀ ਨੂੰ ਕੋਵਿਡ 19 ਬਿਮਾਰੀ ਨਾਲ ਨਿਪਟਣ ਲਈ ਸਾਜੋ ਸਮਾਨ ਨਾਲ ਸਬੰਧਤ ਸਾਰੀਆਂ ਖਰੀਦਦਾਰੀਆਂ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਕ ਹਫ਼ਤੇ ਵਿਚ ਹਰੇਕ ਪ੍ਰਕਾਰ ਦਾ ਸਾਜੋ ਸਮਾਨ ਜ਼ਿਲਿਆਂ ਤੱਕ ਪੁੱਜ ਜਾਵੇਗਾ ਅਤੇ ਕਿਸੇ ਵੀ ਲੋੜੀਂਦੇ ਸਮਾਨ ਦੀ ਘਾਟ ਨਹੀਂ ਰਹੇਗੀ।
ਵਿੱਤ ਮੰਤਰੀ ਨੇ ਦੱਸਿਆ ਕਿ ਕੋਰੋਨਾ ਕਾਰਨ ਪੈਦਾ ਹੋਏ ਸੰਕਟ ਦੇ ਬਾਵਜੂਦ ਸੂਬਾ ਸਰਕਾਰ ਆਪਣੇ ਕਰਮਚਾਰੀਆਂ ਨੂੰ ਪੂਰੀਆਂ ਤਨਖਾਹਾਂ ਦੇਵੇਗੀ। ਉਨ੍ਹਾਂ ਕਿਹਾ ਕਿ ਰਾਜ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਬਾਦਲ ਨੇ ਕਿਹਾ ਕਿ ਇਸ ਮੌਕੇ ਇਕ ਤਰਾਂ ਦੀ ਕੌਮੀ ਜੰਗ ਅਸੀਂ ਲੜ ਰਹੇ ਹਾਂ ਅਤੇ ਕਿਸੇ ਨੂੰ ਵੀ ਇਸ ਮੁੱਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਵਿਚ ਹਰ ਰੋਜ 25 ਹਜ਼ਾਰ ਲੋਕਾਂ ਨੂੰ ਪੱਕਿਆ ਹੋਇਆ ਭੋਜਨ ਖੁਆਇਆ ਜਾ ਰਿਹਾ ਹੈ। 7900 ਲੋਕਾਂ ਨੂੰ ਸੁੱਕਾ ਰਾਸ਼ਨ ਵੰਡਿਆ ਜਾ ਚੁੱਕਾ ਹੈ। ਇਸ ਤੋਂ ਬਿਨਾਂ 7 ਦਿਨ ਪਹਿਲਾਂ ਜਿਨ੍ਹਾਂ ਨੂੰ ਇਕ-ਇਕ ਹਫ਼ਤੇ ਦਾ ਰਾਸ਼ਨ ਵੰਡਿਆਂ ਗਿਆ ਸੀ ਉਨ੍ਹਾਂ 1000 ਪਰਿਵਾਰਾਂ ਨੂੰ ਅੱਜ ਅਗਲੇ ਹਫਤੇ ਦਾ ਸੁੱਕਾ ਰਾਸ਼ਨ ਦੁਬਾਰਾ ਵੰਡਿਆ ਜਾ ਰਿਹਾ ਹੈ।
ਇਸੇ ਤਰਾਂ ਕਣਕ ਖ਼ਰੀਦ ਦਾ ਜਿਕਰ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਸੂਬੇ ਦੀ 22000 ਕਰੋੜ ਰੁਪਏ ਦੀ ਸੀਸੀ ਲਿਮਟ ਮੰਜੂਰ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਕਣਕ ਖਰੀਦ ਦੀ ਢੁੱਕਵੀਂ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਖਰੀਦ ਪ੍ਰਕਿਰਿਆ ਨੂੰ ਥੋੜਾ ਲੰਬਾ ਕੀਤਾ ਜਾਵੇਗਾ ਤਾਂ ਜੋ ਮੰਡੀਆਂ ਵਿਚ ਸਮਾਜਿਕ ਦੂਰੀ ਬਣੀ ਰਹੇ ਅਤੇ ਕਿਸਾਨ ਅਸਾਨੀ ਨਾਲ ਆਪਣੀ ਫਸਲ ਦੀ ਵਿਕਰੀ ਕਰ ਸੱਕਣ।