ਚੰਡੀਗੜ੍ਹ: ਵਿਦੇਸ਼ਾਂ ਵਿਚ ਸੈਂਪਲ ਫੇਲ੍ਹ ਹੋਣ ਤੋਂ ਬਾਅਦ ਬਾਸਮਤੀ ਚੌਲਾਂ ਉੱਤੇ ਛਿੜਕੀਆਂ ਜਾਣ ਵਾਲੀਆਂ ਕੀਟਨਾਸ਼ਕ ਦਵਾਈਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਖਾੜੀ ਅਤੇ ਯੂਰਪੀ ਦੇਸ਼ਾਂ ਵਿਚ ਭੇਜੇ ਗਏ ਬਾਸਮਤੀ ਚੌਲਾਂ ਵਿਚ ਕੀਟਨਾਸ਼ਕਾਂ ਦਾ ਪ੍ਰਭਾਵ ਮਿਲਿਆ ਜਿਸ ਕਰਕੇ ਚੌਲਾਂ ਨੂੰ ਵਾਪਸ ਪੰਜਾਬ ਵੱਲ ਮੋੜਿਆ ਗਿਆ ਹੈ। ਇਹ ਤਾਂ 10 ਕੈਮੀਕਲ ਨੇ ਜਿਨ੍ਹਾਂ ਨੂੰ ਵਿਦੇਸ਼ਾਂ ਵਿਚ ਨਕਾਰੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਬੈਨ ਕੀਤਾ ਹੈ। ਪਰ, ਦੇਸ਼ ਭਰ ਵਿਚ ਅਜਿਹੇ ਸੈਂਕੜੇ ਕੈਮੀਕਲ ਅਤੇ ਕੀਟਨਾਸ਼ਕ ਹਨ, ਜਿਨ੍ਹਾਂ ਨੂੰ ਬੈਨ ਕੀਤਾ ਗਿਆ, ਪਰ ਅੱਜ ਵੀ ਬਜ਼ਾਰਾਂ ਵਿੱਚ ਉਸ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ ਅਤੇ ਫ਼ਸਲਾਂ ਉੱਤੇ ਛਿੜਕਾਅ ਵੀ ਧੜੱਲੇ ਨਾਲ ਹੋ ਰਿਹਾ ਹੈ। ਕਈ ਕੀਟਨਾਸ਼ਕ ਤਾਂ ਅਜਿਹੇ ਹਨ, ਜਿਨ੍ਹਾਂ ਦੇ ਜ਼ਹਿਰੀਲੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਉੱਤੇ ਪਾਬੰਦੀ ਨਹੀਂ ਲਗਾਈ ਗਈ।
ਭਾਰਤ ਵਿੱਚ 234 ਕੀਟਨਾਸ਼ਕ ਰਜਿਸਟਰਡ : ਭਾਰਤ ਵਿੱਚ 234 ਕੀਟਨਾਸ਼ਕ ਰਜਿਸਟਰਡ ਹਨ, ਇਨ੍ਹਾਂ ਵਿੱਚੋਂ, 4 WHO ਕਲਾਸ Ia ਕੀਟਨਾਸ਼ਕ ਹਨ, 15 WHO ਕਲਾਸ Ib ਕੀਟਨਾਸ਼ਕ ਹਨ ਅਤੇ 76 WHO ਕਲਾਸ II ਕੀਟਨਾਸ਼ਕ ਹਨ, ਜੋ ਕਿ ਭਾਰਤ ਵਿੱਚ ਰਜਿਸਟਰਡ ਕੀਟਨਾਸ਼ਕਾਂ ਦਾ 40% ਹਨ। ਖ਼ਪਤ ਦੇ ਲਿਹਾਜ਼ ਨਾਲ ਵੀ, ਸਭ ਤੋਂ ਵੱਧ ਖਪਤ ਇਨ੍ਹਾਂ ਜ਼ਹਿਰੀਲੇ ਕੈਮੀਕਲਾਂ ਦੀ ਹੈ। 2005-06 ਤੋਂ 2009-10 ਦੇ ਦੌਰਾਨ, ਪੌਦ ਸੁਰੱਖਿਆ, ਕੁਆਰੰਟੀਨ ਅਤੇ ਡਾਇਰੈਕਟੋਰੇਟ ਦੇ ਅਧਿਕਾਰਤ ਅੰਕੜਿਆਂ ਅਨੁਸਾਰ, 2005-06 ਤੋਂ 2009-10 ਦੇ ਦੌਰਾਨ, ਮੀਟ੍ਰਿਕ ਟਨ ਤਕਨੀਕੀ ਗ੍ਰੇਡ ਸਮੱਗਰੀ ਵਿੱਚ, ਕੁੱਲ ਕੀਟਨਾਸ਼ਕਾਂ ਦੀ ਖਪਤ ਕੀਤੀ ਗਈ। ਵਿਦੇਸ਼ਾਂ ਵਿਚ ਬਾਸਮਤੀ ਦੀ ਐਕਸਪੋਰਟ ਲਈ ਭਾਰਤ ਦੀ ਸਭ ਤੋਂ ਜ਼ਿਆਦਾ ਹਿੱਸੇਦਾਰੀ ਹੈ ਅਤੇ ਪੰਜਾਬ ਇਸ ਲਈ ਸਭ ਤੋਂ ਵੱਡਾ ਯੋਗਦਾਨ ਪਾਉਂਦਾ। ਵਿਦੇਸ਼ਾਂ ਨੂੰ ਹੁੰਦੀ ਚੌਲਾਂ ਦੀ ਐਕਸਪੋਰਟ ਵਿਚ ਕੈਮੀਕਲ ਦਾ ਛਿੜਕਾਅ ਅੜਿੱਕਾ ਬਣਿਆ ਹੈ। ਪੰਜਾਬ 'ਚ 29235 ਮੀਟ੍ਰਿਕ ਟਨ ਕੀਟਨਾਸ਼ਕਾਂ ਦਾ ਇਸਤੇਮਾਲ ਹੁੰਦਾ ਹੈ।
ਬੈਨ ਦੇ ਬਾਵਜੂਦ ਕਈ ਕੀਟਨਾਸ਼ਕਾਂ ਦਾ ਧੜੱਲੇ ਨਾਲ ਹੋ ਰਿਹਾ ਛਿੜਕਾਅ : ਭਾਰਤ ਸਰਕਾਰ ਵੱਲੋਂ ਕੀਟਨਾਸ਼ਕਾਂ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ। 46 ਕੀਟਨਾਸ਼ਕਾਂ ਅਤੇ 4 ਕੀਟਨਾਸ਼ਕਾਂ ਦੇ ਫਾਰਮੂਲੇ 'ਤੇ ਪਾਬੰਦੀ ਜਾਂ ਪੜਾਅਵਾਰ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ, 8 ਕੀਟਨਾਸ਼ਕਾਂ ਦੀਆਂ ਰਜਿਸਟ੍ਰੇਸ਼ਨਾਂ ਵਾਪਸ ਲੈ ਲਈਆਂ ਗਈਆਂ ਹਨ ਅਤੇ 9 ਕੀਟਨਾਸ਼ਕਾਂ ਨੂੰ ਪਾਬੰਦੀ ਅਧੀਨ ਵਰਤੋਂ ਅਧੀਨ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਬੀਨੋਮਾਈਲ, ਈਥਲ ਮਰਕਰੀ ਕਲੋਰਾਈਡ, ਫੈਨਾਰੀਮੋਲ, ਫੈਨਟੀਨ ਹਾਈਡਰੋਆਕਸਾਈਡ, ਮੋਨੋ ਸਲਫੇਟ, ਕੈਲਸ਼ੀਅਮ ਸਾਈਨੇਡ ਅਤੇ ਟਰਿਡਮੋਫ ਵਰਗੇ ਕੈਮੀਕਲ ਬੈਨ ਦੇ ਬਾਵਜੂਦ ਵੀ ਇਨ੍ਹਾਂ ਦੀ ਵਿਕਰੀ ਅਤੇ ਛਿੜਕਾਅ ਵੀ ਹੋ ਰਿਹਾ ਹੈ। ਸਰਕਾਰ ਨੇ 14 ਅਕਤੂਬਰ 2016 ਨੂੰ ਇੱਕ ਹੁਕਮ ਜਾਰੀ ਕੀਤਾ ਸੀ ਜਿਸ ਵਿੱਚ 66 ਕੀਟਨਾਸ਼ਕਾਂ ਵਿੱਚੋਂ 12 ਕੀਟਨਾਸ਼ਕਾਂ 'ਤੇ ਪਾਬੰਦੀ ਲਗਾਈ ਗਈ ਸੀ 6 ਕੀਟਨਾਸ਼ਕਾਂ ਨੂੰ ਪੜਾਅਵਾਰ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ। ਸਾਲ 2020 ਸੁਪਰੀਮ ਕੋਰਟ ਦੇ ਵਿਚਾਰ ਅਧੀਨ ਇੱਕ ਕੀਟਨਾਸ਼ਕ ਦੀ ਸਮੀਖਿਆ ਨਹੀਂ ਕੀਤੀ ਗਈ ਸੀ, ਪਰ ਬਾਅਦ ਵਿਚ ਅਦਾਲਤ ਦੁਆਰਾ ਪਾਬੰਦੀ ਲਗਾ ਦਿੱਤੀ ਗਈ ਸੀ।
ਸਾਰੀਆਂ ਫ਼ਸਲਾਂ 'ਤੇ ਕੀਟਨਾਸ਼ਕ ਅਤੇ ਕੈਮੀਕਲ ਦੀ ਵਰਤੋਂ : ਭਾਰਤ ਵਿਚ ਤਕਰੀਬਨ ਸਾਰੀਆਂ ਫ਼ਸਲਾਂ 'ਤੇ ਹੀ ਕੀਟਨਾਸ਼ਕਾਂ ਦਾ ਵਰਤੋਂ ਹੁੰਦੀ ਹੈ। ਹਰੀਕ੍ਰਾਂਤੀ ਤੋਂ ਬਾਅਦ ਖੇਤੀਬਾੜੀ ਵਿਚ ਇਹਨਾਂ ਖ਼ਤਰਨਾਕ ਕੈਮੀਕਲਾਂ ਦਾ ਇਸਤੇਮਾਲ ਹੋਣ ਲੱਗਾ, ਜੋ ਕਿ ਪੰਜਾਬ ਵਿਚ ਵੀ ਪੁਰਜ਼ੋਰ ਹੈ। ਲਗਭਗ ਸਾਰੀਆਂ ਫ਼ਸਲਾਂ, ਦਾਲਾਂ, ਸਬਜ਼ੀਆਂ 'ਤੇ ਕੈਮੀਕਲ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਂਦਾ ਹੈ। ਉੱਤਰ ਪ੍ਰਦੇਸ਼ ਤੋਂ ਬਾਅਦ ਪੰਜਾਬ ਅਜਿਹਾ ਸੂਬਾ ਹੈ, ਜਿੱਥੇ ਫ਼ਸਲਾਂ 'ਤੇ ਸਭ ਤੋਂ ਜ਼ਿਆਦਾ ਕੀਟਨਾਸ਼ਕਾਂ ਦੀ ਵਰਤੋਂ ਹੁੰਦੀ ਹੈ।
ਕੀਟਨਾਸ਼ਕਾਂ ਕਰਕੇ ਲੜਕੀਆਂ ਨੂੰ ਮਹਾਂਵਾਰੀ ਸਮੇਂ ਤੋਂ ਪਹਿਲਾਂ ਸ਼ੁਰੂ ਹੁੰਦੀ !: ਸਬਜ਼ੀਆਂ ਵਿੱਚ ਓਕਸੋਟੋਕਸੀਨ ਨਾਮੀ ਕੈਮੀਕਲ ਵਰਤਿਆ ਜਾਂਦਾ ਹੈ ਜਿਹੜਾ ਕਿ ਬੈਂਗਣ, ਘੀਆ, ਤੋਰੀ ਅਤੇ ਹੋਰ ਸਬਜ਼ੀਆਂ ਲਈ ਵਰਤਿਆ ਜਾਂਦਾ ਜੋ ਇਕ ਤਰ੍ਹਾਂ ਦਾ ਹਾਰਮੋਨ ਹੁੰਦਾ ਹੈ। ਮੱਝਾਂ ਵਿੱਚ ਦੁੱਧ ਦੀ ਪੈਦਾਵਾਰ ਵਧਾਉਣ ਲਈ ਇਸ ਹਾਰਮੋਨ ਦਾ ਟੀਕਾਕਰਨ ਰੂਪ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਹਾਰਮੋਨ ਸਰੀਰ ਦੇ ਅੰਗਾਂ ਨੂੰ ਉਮਰ ਤੋਂ ਪਹਿਲਾਂ ਵਿਕਸਿਤ ਕਰਦਾ ਹੈ ਅਤੇ ਉਮਰ ਤੋਂ ਪਹਿਲਾਂ ਹੀ ਲੜਕੀਆਂ ਵਿਚ ਮਹਾਂਵਾਰੀ ਦੀ ਸ਼ੁਰੂਆਤ ਵੀ ਹੋ ਜਾਂਦੀ ਹੈ। ਮੂੰਗੀ ਅਤੇ ਮੋਠ ਦੀ ਦਾਲ ਵਿਚ ਪੈਰਾਕੁਆਟ ਨਾਮੀ ਕੀਟਨਾਸ਼ਕ ਵਰਤਿਆ ਜਾਂਦਾ ਹੈ ਜੋ ਕਿ ਕੈਂਸਰ, ਲੀਵਰ ਅਤੇ ਕਿਡਨੀ ਫੇਲ੍ਹ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਕਣਕ ਅਤੇ ਝੋਨੇ ਵਿੱਚ ਗਲਾਈਸੋਫੇਟ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮੱਕੀ ਅਤੇ ਕਪਾਹ 'ਤੇ ਵੀ ਹਾਨੀਕਾਰਕ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ।
ਕੀਟਨਾਸ਼ਕ ਦਵਾਈਆਂ 'ਤੇ ਸਰਕਾਰ ਦੀ ਨੀਤੀ : ਕੇਂਦਰੀ ਅਤੇ ਸੂਬਾ ਸਰਕਾਰ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਵੱਲੋਂ ਹਰ ਸਾਲ ਫ਼ਸਲਾਂ 'ਤੇ ਛਿੜਕੇ ਜਾਣ ਵਾਲੇ ਕੈਮੀਕਲ ਦਾ ਹਰ ਸਾਲ ਰੀਵਿਊ ਕਰਨਾ ਪੈਂਦਾ ਹੈ। ਜਿਸਤੋਂ ਬਾਅਦ ਕਈ ਕੈਮੀਕਲਜ਼ ਅਤੇ ਪੈਸਟੀਸਸਾਈਡਜ਼ ਨੂੰ ਪਾਬੰਦੀ ਅਧੀਨ ਕੀਤਾ ਗਿਆ। ਪਰ, ਇਨ੍ਹਾਂ ਨੂੰ ਪਾਬੰਦੀ ਹੇਠ ਜ਼ਿਆਦਾ ਸਮੇਂ ਤੱਕ ਨਾ ਰੱਖ ਸਕਣ ਸਰਕਾਰ ਲਈ ਵੱਡੀ ਚੁਣੌਤੀ ਹੈ, ਕਿਉਂਕਿ ਜਦੋਂ ਇਕ ਵਾਰ ਕੈਮੀਕਲ ਬੈਨ ਹੋਣ ਗਿਆ, ਤਾਂ ਸਬੰਧਿਤ ਕੰਪਨੀ ਕਿਸੇ ਹੋਰ ਨਾਂ 'ਤੇ ਆਪਣਾ ਪ੍ਰੋਡਕਟ ਬਜ਼ਾਰ ਵਿੱਚ ਉਤਾਰ ਦਿੰਦੀ ਹੈ ਜਿਸ ਵਿਚ ਥੋੜੇ ਬਹੁਤ ਸਾਲਟ ਬਦਲ ਕੇ ਬਜ਼ਾਰ ਵਿੱਚ ਲਿਆਂਦਾ ਜਾਂਦਾ ਹੈ, ਕਿਉਂਕਿ ਕਿਸਾਨਾਂ ਨੂੰ ਅਜਿਹੇ ਕੈਮੀਕਲਜ਼ ਦੀ ਲੋੜ ਮਹਿਸੂਸ ਹੁੰਦੀ ਹੈ। ਇਸ ਲਈ ਬਜ਼ਾਰਾਂ ਵਿੱਚ ਅਜਿਹੇ ਕੈਮੀਕਲਜ਼ ਦੀ ਨਿਰੰਤਰ ਹੁੰਦੀ ਰਹਿੰਦੀ ਹੈ। ਰਸਾਇਣਕ ਕੀਟਨਾਸ਼ਕਾਂ ਦੀ ਵਰਤੋਂ ਫਸਲਾਂ ਦੇ ਜੀਵਨ ਚੱਕਰ ਦੌਰਾਨ ਕੀੜਿਆਂ ਨੂੰ ਮਾਰਨ ਅਤੇ ਪ੍ਰਬੰਧਨ ਕਰਨ ਲਈ ਕੀਤੀ ਜਾਂਦੀ ਹੈ, ਤਾਂ ਕਿ ਫ਼ਸਲਾਂ ਦੇ ਆਲੇ ਦੁਆਲੇ ਕੀੜੇ ਮਕੌੜੇ ਅਤੇ ਘਾਹ ਫੂਸ ਸੜ ਜਾਣ ਅਤੇ ਫ਼ਸਲ ਦਾ ਝਾੜ ਪ੍ਰਭਾਵਿਤ ਨਾ ਹੋਵੇ।
ਬਦਲ ਦੇਵੇ ਸਰਕਾਰ: ਪੰਜਾਬ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਕੁਝ ਵੀ ਹੋਵੇ ਇਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਸਰਕਾਰ ਵੱਲੋਂ 10 ਕੀਟਨਾਸ਼ਕ ਤਾਂ ਬੰਦ ਕਰ ਦਿੱਤੇ ਗਏ, ਪਰ ਉਹਨਾਂ ਦਾ ਕੋਈ ਬਦਲ ਨਹੀਂ ਦਿੱਤਾ ਗਿਆ। ਸਰਕਾਰ ਉਸ ਵੇਲੇ ਇਨ੍ਹਾਂ ਉੱਤੇ ਪਾਬੰਦੀ ਲਗਾ ਰਹੀ ਹੈ, ਜਦੋਂ ਬਜ਼ਾਰਾਂ ਵਿੱਚ ਇਸ ਦਾ ਸਟੋਕ ਪੂਰਾ ਹੈ ਅਤੇ ਜਿਸ ਦਾ ਫਾਇਦਾ ਕਾਲਾ ਬਜ਼ਾਰੀ ਕਰਨ ਵਾਲੇ ਲੈਣਗੇ ਅਤੇ ਦੁੱਗਣੇ ਰੇਟਾਂ 'ਤੇ ਇਸ ਨੂੰ ਵੇਚਣਗੇ। ਜੇਕਰ ਸਰਕਾਰ ਸੱਚਮੁੱਚ ਹੀ ਇਨ੍ਹਾਂ ਨੂੰ ਪੂਰਨ ਤੌਰ 'ਤੇ ਬੈਨ ਕਰਨਾ ਚਾਹੁੰਦੀ ਹੈ, ਤਾਂ ਮੈਨੂਫੈਕਚਰ ਫਰਮ 'ਤੇ ਸ਼ਿਕੰਜਾ ਕੱਸੇ ਤਾਂ ਕਿ ਇਹ ਕੀਟਨਾਸ਼ਕ ਹੋਂਦ ਵਿਚ ਹੀ ਨਾ ਆ ਸਕੇ। ਜੇਕਰ ਕਿਸਾਨ ਕੀਟਨਾਸ਼ਕ ਜਾਂ ਕੈਮੀਕਲ ਰਹਿਤ ਫ਼ਸਲ ਤਿਆਰ ਕਰਦਾ ਹੈ, ਤਾਂ ਉਸ ਦਾ 10 ਫੀਸਦ ਝਾੜ ਮਿਲਦਾ ਹੈ, ਜਦਕਿ ਕੀਟਨਾਸ਼ਕਾਂ ਦੇ ਛਿੜਕਾਅ ਤੋਂ ਬਾਅਦ 20 ਪ੍ਰਤੀਸ਼ਤ ਝਾੜ ਮਿਲਦਾ ਹੈ, ਜੋ ਕਿ ਐਮਐਸਪੀ ਮਾਪਦੰਡਾਂ 'ਤੇ ਖਰੀ ਨਹੀਂ ਉਤਰਦੀ। ਅਜਿਹੀਆਂ ਕਿੰਨੀਆਂ ਹੀ ਦਵਾਈਆਂ ਹਨ, ਜੋ ਮਨੁੱਖੀ ਸਿਹਤ ਲਈ ਖ਼ਤਰਨਾਕ ਹਨ, ਸਰਕਾਰ ਉਹਨਾਂ ਨੂੰ ਬੈਨ ਕਰਨ ਵਿਚ ਅਜੇ ਤੱਕ ਸਫ਼ਲ ਨਹੀਂ ਹੋ ਸਕੀ।