ਚੰਡੀਗੜ੍ਹ: ਸਰਕਾਰੀ ਸਕੂਲਾਂ ਦੇ ਅਧਿਆਪਿਕਾ ਵਲੋਂ ਲਗਾਏ ਧਰਨਿਆਂ ਦਾ ਆਖ਼ਰਕਾਰ ਦੇਰ ਬਾਅਦ ਹੀ ਸਹੀ ਪਰ ਪੰਜਾਬ ਸਰਕਾਰ ਉਨ੍ਹਾਂ ਦਾ ਮੁੱਲ ਪਾ ਰਹੀ ਹੈ। ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ।
ਮੰਤਰੀ ਮੰਡਲ ਨੇ ਫ਼ੈਸਲਾ ਕੀਤਾ ਹੈ ਕਿ ਸਾਲ 2014, 2015 ਅਤੇ 2016 ਦੌਰਾਨ ਠੇਕੇ ਦੇ ਆਧਾਰ 'ਤੇ ਭਰਤੀ ਹੋਣ ਵਾਲੇ ਅਧਿਆਪਕਾਂ ਦੀਆਂ ਸੇਵਾਵਾਂ ਦੋ ਸਾਲਾਂ ਦਾ ਪਰਖਕਾਲ ਸਮਾਂ ਪੂਰਾ ਹੋਣ ’ਤੇ ਪੂਰੇ ਤਨਖਾਹ ਸਕੇਲ ਨਾਲ ਰੈਗੂਲਰ ਹੋ ਜਾਣਗੀਆਂ। ਪੰਜਾਬ ਸਰਕਾਰ ਨੇ ਹੇਠਲੇ ਹੁਕਮ ਛੇਤੀ ਹੀ ਲਾਗੂ ਹੋਣ ਲਈ ਯਕੀਨੀ ਬਣਾਇਆ ਹੈ।
- ਨੋਟੀਫ਼ਿਕੇਸ਼ਨ ਮੁਤਾਬਕ, ਉਨ੍ਹਾਂ ਦੀ ਨਿਯੁਕਤੀ ਪੱਤਰ ਦੀ ਸ਼ਰਤ ਮੁਤਾਬਕ ਠੇਕੇ 'ਤੇ ਭਰਤੀ ਕੀਤੇ 3 ਸਾਲ ਦੀ ਮਿਆਦ ਜਦੋਂ-ਜਦੋਂ ਖ਼ਤਮ ਹੋਵੇਗੀ, ਉਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇਗਾ।
- ਨੋਟੀਫ਼ਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਪੱਕੀ ਨਿਯੁਕਤੀ ਤੱਕ ਰਹਿੰਦੇ ਪਰਖ਼ ਕਾਲ ਸਮੇਂ ਦੌਰਾਨ ਉਨ੍ਹਾਂ ਨੂੰ ਆਪਣੇ ਕਾਡਰ ਵਿੱਚ ਬੇਸਿਕ ਪੇਅ ਅਤੇ ਗਰੇਡ ਪੇਅ ਮਿਲਣਯੋਗ ਹੋਵੇਗੀ।
- 2 ਸਾਲ ਦਾ ਪਰਖ ਕਾਲ ਸਮਾਂ ਪੂਰਾ ਹੋਣ ਉਪਰੰਤ ਉਨ੍ਹਾਂ ਨੂੰ ਸਬੰਧਤ ਕਾਡਰ ਦੇ ਪੇਅ ਸਕੇਲ ਵਿੱਚ ਸਾਰੇ ਭੱਤੇ ਸਣੇ ਪੂਰੀ ਤਨਖ਼ਾਹ ਮਿਲਣਯੋਗ ਹੋਵੇਗੀ।
- ਪਰਖ ਕਾਲ ਸਮਾਂ ਪੂਰਾ ਹੋਣ ਉਪਰੰਤ ਸਬੰਧਤ ਡੀ.ਡੀ.ਓ. ਇਨ੍ਹਾਂ ਅਧਿਆਪਕਾਂ ਦੀਆਂ ਤਨਖ਼ਾਹਾਂ ਅਤੇ ਸਕੇਲ ਸਰਕਾਰੀ ਵਿਭਾਗੀ ਨਿਯਮਾਂ ਮੁਤਾਬਕ ਤੈਅ ਕਰਨਗੇ।
- ਇਨ੍ਹਾਂ ਅਧਿਆਪਕਾਂ ਦੀ ਸੀਨੀਆਰਤਾ ਰੈਗੂਲਰ ਹੋਣ ਦੀ ਮਿਤੀ ਤੋਂ ਤੈਅ ਕੀਤੀ ਜਾਵੇਗੀ।
ਦੱਸ ਦਈਏ ਕਿ ਬੀਤੇ ਦਿਨ ਪੰਜਾਬ ਕੈਬਨਿਟ ਮੀਟਿੰਗ ਦੌਰਾਨ ਮੰਤਰੀ ਮੰਡਲ ਨੇ ਇਹ ਫ਼ੈਸਲਾ ਲਿਆ ਸੀ। ਹੁਣ ਵੇਖਣਾ ਹੋਵੇਗਾ ਕਿ ਉਪਰੋਕਤ ਹੁਕਮ ਕਦੋਂ ਲਾਗੂ ਹੋਣਗੇ।