ਚੰਡੀਗੜ੍ਹ:ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਖਿਲਾਫ਼ ਚੱਲ ਰਹੀ ਮੌਜੂਦਾ ਲੜਾਈ ਵਿੱਚ ਦੋ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ ਤਾਂ ਜੋ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਵਿਦੇਸ਼ਾਂ ਤੋਂ ਸੂਬੇ ਵਿੱਚ ਦਿੱਤੀ ਜਾਣ ਵਾਲੀ ਕਿਸੇ ਵੀ ਕਿਸਮ ਦੀ ਕੋਵਿਡ ਰਾਹਤ ‘ਤੇ ਟੈਕਸ ਤੋਂ ਛੋਟ ਪ੍ਰਾਪਤ ਕੀਤੀ ਜਾ ਸਕੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਅਤੇ ਭਾਰਤ ਤੋਂ ਬਾਹਰੋਂ ਆਉਣ ਵਾਲੀ ਸਹਾਇਤਾ ਦੇ ਸੁਚਾਰੂ ਪ੍ਰਵਾਹ ਲਈ ਭਾਰਤ ਸਰਕਾਰ ਨੇ ਦੇਸ਼ ਵਿਚ ਆਯਾਤ ਕੀਤੀ ਗਈ ਕੋਵਿਡ ਰਾਹਤ ਸਮੱਗਰੀ ਉੱਤੇ ਕਸਟਮ ਡਿਊਟੀ ਅਤੇ ਟੈਕਸ ਤੋਂ ਛੋਟ ਦਿੱਤੀ ਹੈ।
ਬੁਲਾਰੇ ਨੇ ਦੱਸਿਆ ਕਿ ਅਜਿਹੀਆਂ ਰਿਆਇਤਾਂ ਦਾ ਲਾਭ ਆਯਾਤ ਕੀਤੀਆਂ ਚੀਜਾਂ ਲਈ ਤਾਂ ਲਿਆ ਜਾ ਸਕਦਾ ਹੈ ਜੇ ਉਹ ਭਾਰਤ ਤੋਂ ਬਾਹਰੋਂ ਮੁਫਤ ਭੇਜੀਆਂ ਗਈਆਂ ਹੋਣ ਅਤੇ ਭਾਰਤ ਵਿੱਚ ਮੁਫਤ ਵੰਡੀਆਂ ਜਾਂਦੀਆਂ ਹਨ।ਬੁਲਾਰੇ ਨੇ ਅੱਗੇ ਕਿਹਾ ਹੈ ਕਿ ਇਨਾਂ ਛੋਟਾਂ ਦਾ ਲਾਭ ਲੈਣ ਲਈ ਕੋਈ ਵੀ ਪੰਜਾਬ ਰਾਜ ਸਰਕਾਰ ਵਲੋਂ ਨਿਯੁਕਤ ਕੀਤੇ ਨੋਡਲ ਅਧਿਕਾਰੀ ਸ੍ਰੀ ਕੁਮਾਰ ਰਾਹੁਲ (ਆਈ.ਏ.ਐੱਸ.) ਈ-ਮੇਲ: mdnrhmpunjab@gmail.com & sha.phse@gmail.com . ਅਤੇ ਸ੍ਰੀ ਰਵਨੀਤ ਸਿੰਘ ਖੁਰਾਣਾ (ਆਈ.ਆਰ.ਐਸ. ਸੀ. ਐਂਡ ਆਈ. ਟੀ.) ਈਮੇਲ: gst.audit@punjab.Gov.in ਨਾਲ ਸੰਪਰਕ ਕਰ ਸਕਦਾ ਹੈ।ਇਸ ਤੋਂ ਇਲਾਵਾ ਪੰਜਾਬ ਵਿਚ ਕੋਈ ਵੀ ਸੰਸਥਾ ਜੋ ਮੁਫਤ ਵੰਡਣ ਲਈ ਭਾਰਤ ਵਿੱਚ ਕੋਵਿਡ ਰਾਹਤ ਦੀਆਂ ਚੀਜਾਂ ਦੀ ਮੁਫਤ ਦਰਾਮਦ ਕਰਨਾ ਚਾਹੁੰਦੀ ਹੈ ਉਹ ਪੋਰਟਲ : https://taxation.punjab.gov.in/imports/. ‘ਤੇ ਅਪਲਾਈ ਕਰ ਸਕਦੀ ਹੈ।
ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਵਾਰ ਸਰਕਾਰ ਦੁਆਰਾ ਅਧਿਕਾਰਤ ਹੋਣ ਉਪਰੰਤ ਕੋਈ ਵੀ ਵਿਅਕਤੀ ਜਾਂ ਸੰਗਠਨ ਇਸ ਔਖੀ ਘੜੀ ਵਿੱਚ ਬਿਨਾਂ ਕਿਸੇ ਟੈਕਸ ਤੋਂ ਅਜਿਹੀਆਂ ਵਸਤਾਂ ਦੀ ਦਰਾਮਦ ਕਰ ਸਕਦਾ ਹੈ। ਉਨਾਂ ਅੱਗੇ ਕਿਹਾ ਕਿ ਇਹ ਪੰਜਾਬ ਸਰਕਾਰ ਵੱਲੋਂ ਕੋਵਿਡ ਦੇ ਖਤਰੇ ਨਾਲ ਲੜਨ ਲਈ ਸਰੋਤਾਂ ਦੇ ਸੁਚੱਜੇ ਪ੍ਰਬੰਧਨ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਲਈ ਅਤੇ ਇਸ ਸੰਕਟਕਾਲੀ ਦੌਰ ਵਿੱਚ ਰਾਹਤ ਪ੍ਰਦਾਨ ਕਰਾਉਣ ਲਈ ਲੋੜੀਂਦੀਆਂ ਸਾਰੀਆਂ ਪ੍ਰਵਾਨਗੀਆਂ ਵਾਸਤੇ ਇੱਕ ਸਿੰਗਲ ਵਿੰਡੋ ਸਹੂਲਤ ਮੁਹੱਈਆ ਕਰਵਾਉਣ ਲਈ ਚੁੱਕਿਆ ਇੱਕ ਮਹੱਤਵਪੂਰਨ ਕਦਮ ਹੈ।
ਇਹ ਵੀ ਪੜੋ:ਸ਼ਮਸ਼ਾਨਘਾਟ ਦਾ ਰਸਤਾ ਦਿਖਾਉਂਦੀ PM ਮੋਦੀ ਦੀ ਤਸਵੀਰ ਦਾ ਨਵਾਂ ਵਿਵਾਦ !