ਚੰਡੀਗੜ੍ਹ: ਪੰਜਾਬ ਵਿੱਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 22 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 2002 ਹੋ ਗਈ ਹੈ। ਕੋਵਿਡ-19 ਕਾਰਨ ਸੂਬੇ ਭਰ ਵਿੱਚ ਅੱਜ ਮਹਿਜ਼ ਇੱਕ ਮੌਤ ਹੋਈ, ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ 38 ਹੋ ਚੁੱਕਿਆ ਹੈ। ਬੀਤੇ ਕੁੱਝ ਦਿਨਾਂ ਵਿੱਚ ਪੰਜਾਬ ਦੇ ਕਈ ਮਰੀਜ਼ ਠੀਕ ਹੋਏ, ਜਿਸ ਨਾਲ ਪੰਜਾਬ ਦੀ ਰਿਕਵਰੀ ਰੇਟ ਵਿੱਚ ਵੀ ਵਾਧਾ ਹੋਇਆ। ਹੁਣ ਪੰਜਾਬ ਦੇ 4 ਜ਼ਿਲ੍ਹੇ ਮੁੜ ਤੋਂ ਪੂਰੀ ਤਰ੍ਹਾਂ ਕੋਰੋਨਾ ਮੁਕਤ ਹੋ ਗਏ ਹਨ।
ਇਨ੍ਹਾਂ 22 ਨਵੇਂ ਮਾਮਲਿਆਂ ਵਿੱਚੋਂ ਸਭ ਤੋਂ ਵੱਧ 19 ਮਾਮਲੇ ਇਕੱਲੇ ਲੁਧਿਆਣਾ ਤੋਂ ਸਾਹਮਣੇ ਆਏ ਹਨ। ਉੱਥੇ ਹੀ ਗੁਰਦਾਸਪੁਰ ਤੋਂ ਇੱਕ ਤੇ ਪਟਿਆਲਾ ਤੋਂ ਅੱਜ 2 ਨਵੇਂ ਮਾਮਲੇ ਸਾਹਮਣੇ ਆਏ। ਹਾਲਾਂਕਿ ਪੰਜਾਬ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵਿੱਚ ਜਬਰਦਸਤ ਇਜ਼ਾਫ਼ਾ ਹੋਇਆ ਹੈ। ਪੰਜਾਬ ਵਿੱਚ ਹੁਣ ਤੱਕ 1642 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਪੰਜਾਬ ਵਿੱਚ ਅੱਜ ਵੀ 95 ਲੋਕਾਂ ਨੇ ਰਿਕਵਰ ਕੀਤਾ ਹੈ। ਸੂਬੇ ਵਿੱਚ ਹੁਣ ਕੋਵਿਡ-19 ਦੇ 322 ਐਕਟਿਵ ਮਾਮਲੇ ਰਹਿ ਗਏ ਹਨ।
ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 55,634 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 50,070 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਥੇ ਹੀ 3562 ਲੋਕਾਂ ਦੇ ਨਮੁਨਿਆਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।
ਪੰਜਾਬ ਦੇ 4 ਜ਼ਿਲ੍ਹੇ ਹੋਏ ਪੂਰੀ ਤਰ੍ਹਾਂ ਕੋਰੋਨਾ ਮੁਕਤ
ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 18 ਜ਼ਿਲ੍ਹੇ ਅਜੇ ਵੀ ਕੋਰੋਨਾ ਦੀ ਮਾਰ ਹੇਠ ਹਨ। 22 ਜ਼ਿਲ੍ਹਿਆਂ ਵਿੱਚੋਂ ਬਰਨਾਲਾ, ਫਿਰੋਜ਼ਪੁਰ, ਕਪੂਰਥਾਲਾ ਤੇ ਮੋਗਾ ਮੁੜ ਤੋਂ ਕੋਰੋਨਾ ਮੁਕਤ ਜ਼ਿਲ੍ਹੇ ਬਣ ਗਏ ਹਨ। ਪੰਜਾਬ ਵਿੱਚ ਕੋਰੋਨਾ ਦੇ ਆਉਣ ਵਾਲੇ ਨਵੇਂ ਮਰੀਜ਼ਾਂ ਦੀ ਗਿਣਤੀ ਘਟੀ ਹੈ।
ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਹੁਣ ਤੱਕ ਆਏ ਮਾਮਲਿਆਂ ਦੀ ਗਿਣਤੀ ਕੁੱਝ ਇਸ ਤਰ੍ਹਾਂ ਹੈ-
ਅੰਮ੍ਰਿਤਸਰ ਵਿੱਚ 307, ਜਲੰਧਰ ਵਿੱਚ 209, ਤਰਨ ਤਾਰਨ ਵਿੱਚ 155, ਲੁਧਿਆਣਾ ਵਿੱਚ 169, ਗੁਰਦਾਸਪੁਰ ਵਿੱਚ 124, ਨਵਾਂਸ਼ਹਿਰ ਵਿੱਚ 105, ਮੋਹਾਲੀ ਵਿੱਚ 102, ਪਟਿਆਲਾ ਵਿੱਚ 103, ਹੁਸ਼ਿਆਰਪੁਰ ਵਿੱਚ 95, ਸੰਗਰੂਰ ਵਿੱਚ 88, ਮੁਕਤਸਰ ਸਾਹਿਬ ਵਿੱਚ 65, ਫ਼ਰੀਦਕੋਟ ਵਿੱਚ 61, ਰੋਪੜ ਵਿੱਚ 60, ਮੋਗਾ ਵਿੱਚ 59, ਫ਼ਤਿਹਗੜ੍ਹ ਸਾਹਿਬ ਵਿੱਚ 56, ਫ਼ਿਰੋਜ਼ਪੁਰ ਵਿੱਚ 44, ਫਾਜ਼ਿਲਕਾ ਵਿੱਚ 44, ਬਠਿੰਡਾ ਵਿੱਚ 41, ਮਾਨਸਾ ਵਿੱਚ 32, ਕਪੂਰਥਲਾ ਵਿੱਚ 33 ਪਠਾਨਕੋਟ ਵਿੱਚ 29 ਅਤੇ ਬਰਨਾਲਾ ਵਿੱਚ 21 ਕੋਰੋਨਾ ਪੌਜ਼ੀਟਿਵ ਕੇਸ ਆਏ ਹਨ।