ਚੰਡੀਗੜ੍ਹ (ਡੈਸਕ) : ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਸ਼ਬਦੀ ਜੰਗ ਹੁਣ ਨਿੱਜੀ ਹਮਲਿਆਂ ਵਿੱਚ ਬਦਲ ਗਈ ਹੈ। ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਵਲੋਂ ਸੱਦੀ ਗਈ ਵਿਰੋਧੀ ਧਿਰ ਦੇ ਲੀਡਰਾਂ ਦੀ ਮੀਟਿੰਗ ਦੌਰਾਨ ਨਵਜੋਤ ਸਿੱਧੂ ਨੇ ਭਗਵੰਤ ਮਾਨ ਦੇ ਵਿਆਹ ਨੂੰ ਲੈ ਕੇ ਟਿੱਪਣੀ ਕੀਤੀ ਸੀ। ਹੁਣ ਉਸੇ ਦਾ ਮਾਨ ਵਲੋਂ ਜਵਾਬ ਦਿੱਤਾ ਗਿਆ ਹੈ।
ਉਸੇ ਭਾਸ਼ਾ 'ਚ ਦਿਆਂਗਾ ਜਵਾਬ : ਇਕ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੇ ਖੇਡਣਾ ਹੀ ਹੈ ਤਾਂ ਫਿਰ ਇਸੇ ਪਿੱਚ ਉੱਤੇ ਖੇਡਿਆ ਜਾਵੇਗਾ। ਮਾਨ ਨੇ ਕਿਹਾ ਕਿ ਜਵਾਬ ਵੀ ਉਨ੍ਹਾਂ ਦੀ ਭਾਸ਼ਾ ਵਿੱਚ ਹੀ ਦਿਆਂਗਾ। ਮਾਨ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਮਾਨ ਤਾਂ ਬਦਲਾਅ ਲਿਆਉਣ ਗਿਆ ਸੀ, ਪਰ ਮਾਨ ਵਲੋਂ ਘਰਵਾਲੀ ਤੋਂ ਸਿਵਾਏ ਹੋਰ ਬਦਲਿਆ ਕੀ ਗਿਆ ਹੈ। ਇਸਦੇ ਜਵਾਬ ਵਿੱਚ ਮਾਨ ਨੇ ਵੀ ਨਵਜੋਤ ਸਿੱਧੂ ਨੂੰ ਕਿਹਾ ਕਿ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਜੇਕਰ ਤੁਹਾਡੇ ਪਿਤਾ ਜੀ ਦੂਜਾ ਵਿਆਹ ਨਾ ਕਰਾਉਂਦੇ ਤਾਂ ਤੁਸੀਂ ਵੀ ਇਸ ਦੁਨੀਆਂ ਵਿੱਚ ਨਹੀਂ ਹੋਣਾ ਸੀ।
ਬਰਜਿੰਦਰ ਹਮਦਰਦ 'ਤੇ ਵੀ ਨਿਸ਼ਾਨਾਂ : ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਸਦੀ ਹਮਦਰਦੀ ਵਿੱਚ ਉਹ ਇਹ ਸਭ ਕਹਿ ਰਹੇ ਸੀ, ਉਨ੍ਹਾਂ ਦੇ ਵੀ ਦੋ ਵਿਆਹ ਹੋਏ ਹਨ। ਮਾਨ ਨੇ ਬਿਨਾਂ ਨਾਂ ਲਏ ਬਰਜਿੰਦਰ ਸਿੰਘ ਹਮਦਰਦ ਉੱਤੇ ਵੀ ਨਿਸ਼ਾਨਾਂ ਲਾਇਆ ਹੈ। ਮਾਨ ਨੇ ਕਿਹਾ ਕਿ ਵਿਰੋਧੀਆਂ ਵਲੋਂ ਚੁਣੇ ਹੋਏ ਵਿਧਾਇਕਾਂ ਅਤੇ ਮੰਤਰੀਆਂ ਨੂੰ ਲੈ ਕੇ ਵੀ ਗਲਤ ਗੱਲਾਂ ਕਹੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵਿਧਾਇਕ ਪੰਜਾਬ ਦੇ ਲੋਕਾਂ ਨੇ ਚੁਣੇ ਹਨ ਅਤੇ ਜੇਕਰ ਵਿਰੋਧੀ ਧਿਰ ਹਾਰੀ ਹੈ ਤਾਂ ਲੋਕਾਂ ਨੇ ਹਰਾਈ ਹੈ।