ਚੰਡੀਗੜ੍ਹ: ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਗਿਰੀਸ਼ ਦਿਆਲਨ ਨੇ ਕਿਹਾ ਹੈ ਕਿ 5 ਤੇ 6 ਦਸੰਬਰ ਨੂੰ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐਸ.ਬੀ.) ਮੁਹਾਲੀ ਵਿੱਚ ਹੋਣ ਜਾ ਰਿਹਾ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸੰਮੇਲਨ ਸਨਅਤ ਤੇ ਰੋਜ਼ਗਾਰ ਉਤਪਤੀ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ।
ਸੰਮੇਲਨ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੁਹਾਲੀ ਸੂਚਨਾ ਤਕਨਾਲੋਜੀ (ਆਈ.ਟੀ.) ਦੇ ਵੱਡੇ ਗੜ੍ਹ ਵਜੋਂ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ ਅਤੇ ਇਹ ਸ਼ਹਿਰ ਐਸ.ਟੀ.ਪੀ.ਆਈ., ਕੁਆਰਕ ਸਿਟੀ, ਬੈਸਟੈੱਕ ਟਾਵਰਜ਼ ਜਿਹੀਆਂ ਥਾਵਾਂ ਵਿੱਚ ਵੱਡੇ ਨਿਵੇਸ਼ ਲਈ ਤਿਆਰ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਹੋਰ ਆਈ.ਟੀ. ਪਾਰਕਾਂ ਦੇ ਨਾਲ-ਨਾਲ ਕੁਆਰਕ ਤੇ ਬੈਸਟੈੱਕ ਵਰਗੀਆਂ ਕੰਪਨੀਆਂ ਵੀ ਮੌਜੂਦ ਹਨ। ਦਿਆਲਨ ਨੇ ਕਿਹਾ ਕਿ ਐਸਟੀਪੀਆਈ ਮੁਹਾਲੀ ਪੰਜਾਬ ਸਟਾਰਟਅੱਪ ਗੜ੍ਹ ਵਜੋਂ ਉਭਰਿਆ ਹੈ। ਉਨ੍ਹਾਂ ਕਿਹਾ ਕਿ ਆਈ.ਟੀ. ਵਿਭਾਗ ਨੇ ਐਸ.ਟੀ.ਪੀ.ਆਈ. ਦੀ ਭਾਈਵਾਲੀ ਨਾਲ ਅੰਮ੍ਰਿਤਸਰ ਵਿੱਚ ਇਕ ਹੋਰ ਐਸ.ਟੀ.ਪੀ.ਆਈ. ਇਨਕਿਊਬੇਸ਼ਨ ਸੈਂਟਰ ਤਿਆਰ ਕਰ ਰਿਹਾ ਹੈ, ਜੋ ਤਕਰੀਬਨ ਤਿੰਨ ਏਕੜ ਵਿੱਚ ਤਿਆਰ ਹੋ ਰਿਹਾ ਹੈ, ਜਿਸ ਉਤੇ 20 ਕਰੋੜ ਤੋਂ ਵੱਧ ਲਾਗਤ ਆਉਣ ਦਾ ਅਨੁਮਾਨ ਹੈ।