ਚੰਡੀਗੜ੍ਹ: ਸ਼ਹਿਰ ਵਿੱਚ ਇੱਕ ਵਾਰ ਮੁੜ ਤੋਂ ਸਿੱਖ ਫ਼ਾਰ ਜਸਟਿਸ ਦੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲੱਗੇ ਹੋਏ ਮਿਲੇ ਹਨ। ਇਸ ਵਾਰ ਇਹ ਪੋਸਟਰ ਸੈਕਟਰ 28 ਦੇ ਸਾਈਨ ਬੋਰਡ 'ਤੇ ਲਗੇ ਮਿਲੇ। ਇਸਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਸੈਕਟਰ 44 ਵਿਖੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲੱਗੇ ਮਿਲੇ ਸਨ। ਦੱਸਣਯੋਗ ਹੈ ਕਿ ਸਿੱਖ ਫ਼ਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂੰ ਨੇ ਸਿੱਖ ਰੈਫ਼ਰੰਡਮ 2020 ਦਾ ਸੱਦਾ ਦਿੰਦੇ ਹੋਏ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦਾ ਸੱਦਾ ਦਿੱਤਾ ਸੀ।
ਪੰਜਾਬ ਵਿੱਚ ਸਰਗਰਮ ਇਨ੍ਹਾਂ ਘਟਨਾਵਾਂ ਦਾ ਅਸਰ ਚੰਡੀਗੜ੍ਹ ਸ਼ਹਿਰ 'ਤੇ ਵੀ ਵੇਖਣ ਨੂੰ ਮਿਲਿਆ ਹੈ ਅਤੇ ਦੋ ਵਾਰੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਸੈਕਟਰ 44 ਵਿੱਚ ਲੱਗੇ ਪੋਸਟਰ ਦੇ ਸਬੰਧ ਵਿੱਚ ਪੁਲਿਸ ਨੇ ਐਫ਼ਆਈਆਰ ਵੀ ਦਰਜ ਕੀਤੀ ਸੀ ਪਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।
ਹੁਣ ਦੂਜੀ ਵਾਰ ਸ਼ਹਿਰ ਦੇ 28 ਸੈਕਟਰ ਵਿੱਚ ਪੋਸਟਰ ਲੱਗੇ ਮਿਲੇ, ਜਿਸ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਇਹ ਪੋਸਟਰ ਪਾੜ ਦਿੱਤੇ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਪੋਸਟਰ ਕਿਸੇ ਦੀ ਸ਼ਰਾਰਤ ਹਨ ਜਾਂ ਫਿਰ ਜਾਣਬੁੱਝ ਕੇ ਲਗਾਏ ਗਏ ਹਨ। ਪੁਲਿਸ ਇਸ ਸਬੰਧੀ ਜਾਂਚ ਕਰ ਰਹੀ ਹੈ ਪਰ ਇਥੇ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਪਹਿਲਾਂ ਹੀ ਇੱਕ ਵਾਰ ਅਜਿਹੀ ਘਟਨਾ ਵਾਪਰ ਚੁੱਕੀ ਹੈ ਤਾਂ ਫਿਰ ਦੁਬਾਰਾ ਅਜਿਹੀ ਅਣਗਹਿਲੀ ਸ਼ਹਿਰ ਵਿੱਚ ਕਿਵੇਂ ਹੋ ਸਕਦੀ ਹੈ।