ਚੰਡੀਗੜ੍ਹ ਡੈਸਕ : ਸੀਨੀਅਰ ਆਗੂ ਸੁਨੀਲ ਜਾਖੜ ਨੂੰ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਇਕਾਈ ਦਾ ਪ੍ਰਧਾਨ ਥਾਪਿਆ ਹੈ। ਉਨ੍ਹਾਂ ਨੂੰ ਪ੍ਰਧਾਨਗੀ ਮਿਲਣ ਉੱਤੇ ਸਿਆਸੀ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ। ਲੁਧਿਆਣਾ ਤੋਂ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਨੇ ਸੁਨੀਲ ਜਾਖੜ ਨੂੰ ਭਾਜਪਾ ਦਾ ਸੂਬਾ ਪ੍ਰਧਾਨ ਲਾਏ ਜਾਣ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਗਰੇਵਾਲ ਨੇ ਕਿਹਾ ਹੈ ਕਿ ਜਿਹੜੇ ਭਾਜਪਾ ਦੇ ਪੁਰਾਣੇ ਲੀਡਰ ਹਨ, ਉਨ੍ਹਾਂ ਨੂੰ ਇਹ ਫੈਸਲਾ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਕਰ ਸਕਦਾ ਹੈ।
ਆਉਣ ਵਾਲਾ ਦੱਸੇਗਾ ਸਮਾਂ : ਗਰੇਵਾਲ ਨੇ ਕਿਹਾ ਕਿ ਹਾਲਾਂਕਿ ਸੁਨੀਲ ਜਾਖੜ ਦੇ ਪਰਿਵਾਰ ਦਾ ਪੁਰਾਣਾ ਰਾਜਨੀਤਿਕ ਵੱਡਾ ਇਤਿਹਾਸ ਰਿਹਾ ਹੈ ਪਰ ਉਹ ਭਾਜਪਾ ਲਈ ਕੀ ਕਰਦੇ ਹਨ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਕਿਉਂਕਿ ਕਿਸਾਨੀ ਅੰਦੋਲਨ ਤੋਂ ਬਾਅਦ ਭਾਜਪਾ ਨੂੰ ਪੰਜਾਬ ਦੇ ਵਿੱਚ ਲੋਕ ਬਹੁਤਾ ਪਸੰਦ ਨਹੀਂ ਕਰ ਰਹੇ ਹਨ।
ਇਸੇ ਤਰ੍ਹਾਂ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ ਨੂੰ ਲੈ ਕੇ ਭਾਜਪਾ ਦੇ ਵਿੱਚ ਬਗ਼ਾਵਤੀ ਸੁਰ ਵੀ ਉੱਠ ਰਹੇ ਹਨ। ਲੁਧਿਆਣਾ ਤੋਂ ਭਾਜਪਾ ਦੇ ਬੁਲਾਰੇ ਨੇ ਆਪਣੀ ਪ੍ਰਤੀਕ੍ਰਿਆ ਜਾਹਿਰ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਾਬਕਾ ਵਿਧਾਇਕ ਵਿਰੋਧ ਕਰ ਰਹੇ ਹਨ। ਉਹ ਵੀ ਅਬੋਹਰ ਤੋਂ ਹੀ ਸਬੰਧਤ ਹਨ। ਇਸ ਕਰਕੇ ਉਨ੍ਹਾਂ ਦੇ ਕੁਝ ਮਤਭੇਦ ਹੋ ਸਕਦੇ ਨੇ ਪਰ ਹੁਣ ਸੁਨੀਲ ਜਾਖੜ ਭਾਜਪਾ ਦੇ ਹੀ ਹਨ ਅਤੇ ਉਹ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਦੇ ਤਜਰਬੇ ਦਾ ਭਾਜਪਾ ਨੂੰ ਫਾਇਦਾ ਹੋਵੇਗਾ ਅਤੇ ਆਉਣ ਵਾਲੀਆਂ ਚੋਣਾਂ ਦੇ ਵਿਚ ਵੀ ਇਸਦਾ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ।
ਸ਼ੁਰੂਆਤੀ ਜੀਵਨ ਅਤੇ ਪੜਾਈ: ਸੁਨੀਲ ਜਾਖੜ ਦਾ ਜਨਮ 9 ਫਰਵਰੀ 1954 ਨੂੰ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪੰਜਕੋਸੀ ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਪਰਿਵਾਰ ਹਿੰਦੂ ਜਾਟ ਭਾਈਚਾਰੇ ਨਾਲ ਸਬੰਧਤ ਹੈ। ਉਸ ਦੇ ਪਿਤਾ ਬਲਰਾਮ ਜਾਖੜ, ਕਾਂਗਰਸ ਪਾਰਟੀ ਦੇ ਇੱਕ ਪ੍ਰਮੁੱਖ ਭਾਰਤੀ ਸਿਆਸਤਦਾਨ ਸਨ, ਜਿਨ੍ਹਾਂ ਨੇ ਲੋਕ ਸਭਾ ਦੇ ਸਪੀਕਰ ਵਜੋਂ ਸੇਵਾ ਕੀਤੀ ਅਤੇ ਇੱਕ ਕਿਸਾਨ ਸੰਗਠਨ ਭਾਰਤੀ ਕ੍ਰਿਸ਼ਕ ਸਮਾਜ ਦੀ ਸਥਾਪਨਾ ਕੀਤੀ। ਸੁਨੀਲ ਜਾਖੜ ਆਪਣੇ ਪਿਤਾ ਦੇ ਤਿੰਨ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਹਨ। ਜਾਖੜ ਦੇ ਵੱਡੇ ਭਰਾ, ਸੱਜਣ ਕੁਮਾਰ ਜਾਖੜ ਨੇ ਬੇਅੰਤ ਸਿੰਘ ਦੀ ਪੰਜਾਬ ਸਰਕਾਰ (1992-1995) ਵਿੱਚ ਮੰਤਰੀ ਵਜੋਂ ਸੇਵਾ ਨਿਭਾਈ। ਉਸ ਦੇ ਦੂਜੇ ਭਰਾ, ਸੁਰਿੰਦਰ ਜਾਖੜ ਸਨ ਜਿਨ੍ਹਾਂ ਨੇ 2011 ਵਿੱਚ ਦੁਰਘਟਨਾ ਦੌਰਾਨ ਮੌਤ ਤੋਂ ਪਹਿਲਾਂ ਚਾਰ ਵਾਰ ਇਫਕੋ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ। ਸੁਨੀਲ ਜਾਖੜ ਨੇ ਸਰਕਾਰੀ ਕਾਲਜ ਚੰਡੀਗੜ੍ਹ ਤੋਂ ਬੈਚਲਰ ਬੀ.ਏ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਆਪਣੀ ਪੋਸਟ ਗ੍ਰੈਜੂਏਟ MBA ਪੂਰੀ ਕੀਤੀ।