ਚੰਡੀਗੜ੍ਹ: ਲੌਕਡਾਊਨ ਦੌਰਾਨ ਜਿੱਥੇ ਪੁਲਿਸ ਦਾ ਸਖ਼ਤੀ ਵਾਲਾ ਰੱਵਈਆ ਦੇਖਣ ਨੂੰ ਮਿਲਿਆ। ਉੱਥੇ ਹੀ ਕੁਝ ਤਸਵੀਰਾਂ ਵਿੱਚ ਪੁਲਿਸ ਲੋਕਾਂ ਲਈ ਮਸੀਹਾ ਬਣ ਕੇ ਸਾਹਮਣੇ ਆਈ ਹੈ।
ਸੈਕਟਰ 26 ਪੁਲਿਸ ਥਾਣੇ ਵਿੱਚ ਤੈਨਾਤ ਇੰਸਪੈਕਟਰ ਨਰਿੰਦਰ ਪਟਿਆਲ ਜੋ ਚੰਡੀਗੜ੍ਹ ਦੇ ਹੋਟਸਪੋਟ ਬਣ ਚੁੱਕੇ ਬਾਪੂਧਾਮ ਕਾਲੋਨੀ ਦੇ ਵਿੱਚ ਕਦੇ ਰਾਸ਼ਨ ਵੰਡਦੇ ਦਿਖਾਈ ਦਿੰਦੇ ਹਨ ਅਤੇ ਕਿਸੇ ਗਰੀਬ ਨੂੰ ਸਿਲੰਡਰ ਮੁਹੱਈਆ ਕਰਵਾਉਂਦੇ ਹਨ। ਜਿਨ੍ਹਾਂ ਦੇ ਘਰ ਵਿੱਚ ਦੁੱਧ ਨਹੀਂ ਪਹੁੰਚ ਰਿਹਾ ਉਨ੍ਹਾਂ ਦੇ ਘਰ ਇੰਸਪੈਕਟਰ ਨਰਿੰਦਰ ਪਟਿਆਲ ਖੁਦ ਦੁੱਧ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਇੰਸਪੈਕਟਰ 24 ਘੰਟੇ ਡਿਊਟੀ ਦੌਰਾਨ ਕੰਟੋਨਮੈਂਟ ਜ਼ੋਨ ਵਿੱਚ ਬੱਚਿਆਂ ਨੂੰ ਕਿਤਾਬਾਂ ਅਤੇ ਚਾਕਲੇਟ ਅਤੇ ਹੋਰ ਜ਼ਰੂਰੀ ਸਾਮਾਨ ਪਹੁੰਚਾ ਰਿਹਾ ਹੈ।
ਨਰਿੰਦਰ ਪਟਿਆਲ ਨੇ ਦੱਸਿਆ ਕਿ ਉਹ ਦਿਨ ਵਿੱਚ ਸਿਰਫ਼ ਦੋ ਘੰਟੇ ਹੀ ਸੌਂ ਰਹੇ ਹਨ, ਉਹ ਆਪਣੇ ਸੀਨੀਅਰ ਅਫਸਰਾਂ ਸਣੇ ਆਪਣੇ ਸਮਾਜ ਸੇਵਕ ਦੋਸਤਾਂ ਨਾਲ ਮਿਲ ਲੋਕਾਂ ਦੀ ਮਦਦ ਕਰਨ 'ਚ ਰੁੱਝੇ ਹੋਏ ਹਨ ਕਿਉਂਕਿ ਕੰਟੋਨਮੈਂਟ ਜ਼ੋਨ ਦੇ ਵਿੱਚ ਸਿਰਫ਼ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਹੀ ਜਾ ਸਕਦੇ ਹਨ। ਸਕੂਲੀ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਕੋਈ ਅਸਰ ਨਾ ਹੋਵੇ ਇਸੇ ਦੇ ਚੱਲਦਿਆਂ ਇੰਸਪੈਕਟਰ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਦਾ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਜਾ ਰਿਹੈ।
ਇਹ ਵੀ ਪੜੋ: ਅੰਮ੍ਰਿਤਸਰ ਦੇ ਲੋਕਾਂ ਦਾ ਮਿੱਟੀ ਦੇ ਭਾਂਡਿਆਂ ਵੱਲ ਵਧਿਆ ਰੁਝਾਨ
ਏਨਾ ਹੀ ਨਹੀਂ ਛੋਟੇ ਬੱਚਿਆਂ ਦੇ ਲਈ ਭਾਵੇਂ ਸੁੱਕਾ ਦੁੱਧ ਹੋਵੇ ਜਾਂ ਫਿਰ ਜ਼ਿੱਦ ਕਰਦੇ ਘਰ 'ਚ ਬੰਦ ਬੱਚਿਆਂ ਲਈ ਚਾਕਲੇਟ ਦੀ ਮੰਗ ਹੋਵੇ ਜਾਂ ਫਿਰ ਕਿਸੇ ਕੋਲ ਪੈਸੇ ਦੀ ਕਮੀ ਹਰ ਇੱਕ ਮੁਸ਼ਕਲ ਦਾ ਹੱਲ ਇਸ ਇੰਸਪੈਕਟਰ ਵੱਲੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।