ਚੰਡੀਗੜ੍ਹ: ਸ਼ਿਵ ਕੁਮਾਰ ਬਟਾਲਵੀ ਨੂੰ 23 ਜੁਲਾਈ ਯਾਨੀ ਉਨ੍ਹਾਂ ਦੇ ਜਨਮਦਿਨ ਮੌਕੇ ਵਿਸ਼ਵ ਭਰ 'ਚ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਜ਼ਿੰਦਗੀ ਬਹੁਤ ਹੀ ਘੱਟ ਸਮੇਂ ਦੀ ਸੀ ਪਰ ਇਨ੍ਹਾਂ 37 ਸਾਲਾਂ ਵਿੱਚ ਆਪਣੀ ਦਿਲ ਖਿੱਚਵੀਆਂ ਰਚਨਾਵਾਂ ਨਾਲ ਹਰ ਇੱਕ ਦੇ ਦਿਲ ਵਿੱਚ ਆਪਣੀ ਖਾਸ ਥਾਂ ਬਣਾ ਗਏ।
ਸ਼ਿਵ ਕੁਮਾਰ ਬਟਾਲਵੀ ਜੋ (23 ਅਕਤੂਬਰ,1937- 6 ਮਈ,1973) ਜੰਮੂ ਕਸ਼ਮੀਰ ਨਾਲ ਲੱਗਦੇ ਸ਼ਕਰਗੜ੍ਹ ਤਹਿਸੀਲ ਦੇ ਬੜਾ ਪਿੰਡ ਲੋਹਤੀਆਂ 'ਚ (ਜੋ ਹੁਣ ਪਾਕਿਸਤਾਨ ਵਿੱਖੇ ਹੈ), ਸੁਰੀਲੀ ਆਵਾਜ਼ ਦੀ ਮਾਲਕਣ ਸ਼ਾਂਤੀ ਦੇਵੀ ਦੇ ਕੁੱਖੋਂ ਜੰਮਿਆ। ਸ਼ਿਵ ਕੁਮਾਰ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿੱਚ ਪਟਵਾਰੀ ਰਹਿ ਚੁੱਕੇ ਸਨ।
ਸ਼ਿਵ ਕੁਮਾਰ ਨੂੰ ਉਨ੍ਹਾਂ ਦੇ ਪਿਤਾ ਪਟਵਾਰੀ ਦੇ ਕਿੱਤੇ 'ਚ ਵੇਖਣਾ ਚਾਹੁੰਦੇ ਸੀ ਅਤੇ ਉਨਾਂ ਨੂੰ ਪਟਵਾਰੀ ਲਵਾ ਦਿੱਤਾ ਪਰ ਸ਼ਿਵ ਨੇ ਉੱਥੋ ਅਸਤੀਫ਼ਾ ਦੇ ਦਿੱਤਾ। ਉਸ ਤੋਂ ਬਾਅਦ ਬੇਰੁਜ਼ਗਾਰ ਰਹਿੰਦਿਆਂ ਕਦੇ-ਕਦੇ ਕਵੀ ਦਰਬਾਰਾਂ ਵਿੱਚ ਕਵਿਤਾਵਾਂ ਸੁਣਾ ਕੇ ਅਤੇ ਕੁਝ ਛਪੀਆਂ ਕਵਿਤਾਵਾਂ ਤੋਂ ਪ੍ਰਾਪਤ ਪੈਸਿਆਂ ਨਾਲ ਗੁਜ਼ਾਰਾ ਕਰਦਾ ਰਿਹਾ। ਉਹ ਆਪਣੀ ਨਿਜੀ ਜਿੰਦਗੀ ਤੋਂ ਵੀ ਬਹੁਤਾ ਖੁਸ਼ ਨਹੀਂ ਸੀ ਅਤੇ ਲਿਖਦੇ ਹਨ-
"ਆਤਮ-ਹੱਤਿਆ ਦੇ ਰੱਥ ਉੱਤੇ
ਜੀ ਕਰਦੈ ਚੜ੍ਹ ਜਾਵਾਂ ਨੀ,
ਕਾਇਰਤਾ ਦੇ ਦੱਮਾਂ ਦਾ
ਪਰ ਕਿੱਥੋ ਦਿਆਂ ਕਿਰਾਇਆ ਨੀ।"
ਪਿਆਰ ਵਿੱਚ ਵਿਛੋੜੇ ਦੇ ਦਰਦਾਂ ਨੂੰ ਕਾਗਜ਼ਾਂ 'ਤੇ ਉਤਾਰਦੇ ਹੋਏ ਉਹ 'ਬਿਰਹੁ ਦਾ ਸੁਲਤਾਨ' ਵਜੋਂ ਪ੍ਰਸਿੱਧ ਹੋ ਗਏ। ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਵਿੱਚ ਪਿਆਰ ਤਾਂ ਆਉਂਦਾ ਸੀ ਪਰ ਉਹ ਜ਼ਿਆਦਾ ਦੇਰ ਉਨ੍ਹਾਂ ਦਾ ਬਣ ਨਹੀਂ ਰਹਿ ਸਕਿਆ। ਹਰ ਵਾਰ ਕੋਈ ਕਾਰਨ ਬਣ ਜਾਂਦਾ ਤੇ ਪਿਆਰ ਵਿੱਚ ਪੀੜਾਂ ਦੇ ਦਰਦਾਂ ਨੂੰ ਸਹਿਣ ਲਈ ਮਜਬੂਰ ਹੋ ਜਾਂਦੇ। ਉਨ੍ਹਾਂ ਦੀ ਕਲਮ ਇਹੀ ਦਰਦ ਇਸ ਤਰ੍ਹਾਂ ਬਿਆਨ ਕਰਦੀ ਕਿ ਹਰ ਕੋਈ ਸੁਣ ਕੇ ਉਨ੍ਹਾਂ ਦੇ ਡੂੰਘੇ ਸ਼ਬਦਾਂ ਨੂੰ ਸਮਝ ਲੈਂਦਾ।
ਸ਼ਿਵ ਕੁਮਾਰ ਬਟਾਲਵੀ ਆਪਣੇ ਗ਼ਮਾਂ ਨੂੰ ਸ਼ਾਇਰੀ ਵਿੱਚ ਪਿਰੋਂਦਾ ਰਿਹਾ।
"ਸ਼ਿਵ ਨੂੰ ਇੱਕ ਗ਼ਮ ਤੇ ਹੀ ਭਰੋਸਾ ਸੀ,
ਗ਼ਮ ਤੋ ਕੋਰਾ ਜਵਾਬ ਲੈ ਬੈਠਾ।
ਮੈਨੂੰ ਤੇਰਾ ਸ਼ਬਾਬ ਲੈ ਬੈਠਾ,
ਰੰਗ ਗੋਰਾ ਗੁਲਾਬ ਲੈ ਬੈਠਾ।"
ਹਾਲਾਤਾਂ ਨੇ ਸ਼ਿਵ ਕੁਮਾਰ ਤੋਂ ਬਹੁਤ ਕੁੱਝ ਲਿਖਵਾਇਆ। ਇਸ ਸ਼ਾਇਰ ਨੇ ਕਾਵਿ ਰਚਨਾ ਦੀ ਸ਼ੁਰੂਆਤ 1960 ਵਿੱਚ ਕੀਤੀ। ਸ਼ਿਵ ਕੁਮਾਰ ਨੂੰ ਉਸ ਸਮੇਂ ਦੇ ਹਾਲਾਤਾਂ ਨੇ ਬਿਰਹੋ ਦਾ ਕਵੀ ਬਣਾ ਦਿੱਤਾ। ਇਸ ਸਮੇਂ ਦੌਰਾਨ ਵਿਛੋੜਿਆ ਦੀ ਅੱਗ ਸੇਕ ਰਹੇ ਸ਼ਿਵ ਲਿਖਦੇ ਹਨ-
"ਬਿਰਹਾ ਬਿਰਹਾ ਆਖੀਏ,
ਬਿਰਹਾ ਤੂੰ ਸੁਲਤਾਨ ।
ਜਿਸ ਤਨ ਬਿਰਹਾ ਨਾ ਉਪਜੇ,
ਸੋ ਤਨ ਜਾਣ ਮਸਾਨ ।"
'ਅਲਵਿਦਾ' (1974) ਅਤੇ 'ਅਸਾਂ ਤਾਂ ਜੋਬਨ ਰੁਤੇ ਮਰਨਾ' (1976) ਉਨ੍ਹਾਂ ਦੇ ਸੰਪਾਦਿਤ ਕਾਵਿ-ਸੰਗ੍ਰਹਿ ਹਨ। ਇਨ੍ਹਾਂ ਕਾਵਿ-ਪੁਸਤਕਾਂ ਵਿੱਚ ਸ਼ਿਵ ਕੁਮਾਰ ਦੀ ਕਵਿਤਾਵਾਂ ਦਾ ਮੁੱਖ ਵਿਸ਼ਾ ਦਰਦ, ਪੀੜਾ, ਬਿਰਹਾ ਅਤੇ ਮੌਤ ਆਦਿ ਹੀ ਰਿਹਾ ਹੈ, ਜਿਸ 'ਤੇ ਲਿਖਦੇ ਹਨ-
"ਦਿਲ ਹੈ ਚਾਹੁੰਦਾ, ਕਿਤੇ ਵੀ ਨਾ ਖੜ੍ਹੀਏ,
ਬੀੜ ਬਿਰਹੋਂ ਦੀ ਅਤਿ ਪਵਿੱਤਰ ਦਾ,
ਮੈਂ ਤਾਂ ਚਾਹੁੰਦਾਂ ਕਿ ਪਾਠ ਨਾ ਧਰੀਏ,
ਮੈਂ ਤਾਂ ਚਾਹੁੰਦਾਂ ਕਿ ਵਾਕ ਨਾ ਲਵੀਏ,
ਰਾਤ ਸਾਰੀ ਹਰਾਮ ਨਾ ਕਰੀਏ ।"
'ਆਟੇ ਦੀਆਂ ਚਿੜੀਆਂ' ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾ ਵਿੱਚ ਉਸ ਨੇ ਗ਼ਮ, ਪੀੜਾ, ਨਿਰਾਸਤਾ ਅਤੇ ਮੌਤ ਨੂੰ ਪੇਸ਼ ਕੀਤਾ ਹੈ।
ਕਾਵਿ-ਨਾਟ 'ਲੂਣਾ'
1965 ਵਿੱਚ ਛਪਿਆ ਕਾਵਿ-ਨਾਟ 'ਲੂਣਾ' ਇੱਕ ਅਜਿਹੀ ਮਹਾਨ ਰਚਨਾ ਹੈ, ਜਿਸ ਵਿੱਚ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ
ਦਿਲ ਦੀਆਂ ਗਹਿਰਾਈਆਂ ਵਿੱਚ ਉੱਤਰ ਕੇ ਇਸਤਰੀ ਲਈ ਪਾਠਕਾਂ ਦੇ ਮਨ ਵਿੱਚ ਹਮਦਰਦੀ ਦੇ ਭਾਵ
ਜਗਾਏ ਹਨ। ਇਸ ਕਵੀ ਨੇ ਪਹਿਲੀ ਵਾਰ ਲੂਣਾ ਨੂੰ ਨਿਰਦੋਸ਼ ਸਾਬਿਤ ਕਰਨ ਦੇ ਸਫਲ ਯਤਨ ਕਰਦਿਆ ਲਿਖਿਆ ਹੈ-
"ਪਿਤਾ ਜੇ ਧੀ ਦਾ ਰੂਪ ਹੰਢਾਏ,
ਤਾਂ ਲੋਕਾਂ ਨੂੰ ਲਾਜ ਨਾ ਆਏ,
ਜੋ ਲੂਣਾ ਪੂਰਨ ਨੂੰ ਚਾਹੇ,
ਚਰਿਤਰਹੀਣ ਕਹੇ ਕਿਉਂ ਜੀਭ ਜਹਾਨ ਦੀ।"
ਵਿਸ਼ੇਸ਼- 'ਆਟੇ ਦੀਆਂ ਚਿੜੀਆਂ' ਕਾਵਿ ਸੰਗ੍ਰਹਿ ਤੇ ਸ਼ਿਵ ਕੁਮਾਰ ਬਟਾਲਵੀ ਨੂੰ ਭਾਸ਼ਾ ਵਿਭਾਗ ਵਲੋਂ ਇੱਕ ਹਜ਼ਾਰ ਰੁਪਏ ਦਾ ਇਨਾਮ ਅਤੇ ਕਾਵਿ ਨਾਟ 'ਲੂਣਾ' ਤੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਭਾਰਤੀ ਸਾਹਿਤ ਇਤਿਹਾਸ ਵਿੱਚ ਇਹ ਪਹਿਲੀ ਵਾਰ ਆਪਣੇ ਆਪ 'ਚ ਮਿਸਾਲ ਸੀ ਕਿ, ਇੰਨੀ ਛੋਟੀ ਉਮਰ ਦੇ ਸਾਹਿਤਕਾਰ ਨੂੰ ਅਜਿਹਾ ਪੁਰਸਕਾਰ ਮਿਲਿਆ ਹੈ।
ਇਹ ਕਹਿਣਾ ਸੀ ਹਰਭਜਨ ਬਾਜਵਾ ਦਾ ਸ਼ਿਵ ਬਾਰੇ:
ਬਾਜਵਾ ਨੇ ਦੱਸਿਆ ਕਿ ਜਦ ਕਵੀ ਦਰਬਾਰ ਲਗਦਾ ਤਾਂ ਸ਼ਿਵ ਕੁਮਾਰ ਨੂੰ ਉਦੋਂ ਹੀ ਕਵਿਤਾ ਬੋਲਣ ਲਈ ਆਖਿਆ ਜਾਂਦਾ ਜਦ ਕਵੀ ਦਰਬਾਰ ਸਮਾਪਤ ਹੋਣਾ ਹੋਵੇ, ਕਿਉਂਕਿ ਜੇਕਰ ਸ਼ਿਵ ਪਹਿਲਾਂ ਕਵਿਤਾ ਸੁਣਾ ਦਿੰਦਾ ਤਾਂ ਬਾਅਦ ਵਿੱਚ ਚਾਹੇ ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ ਕਵਿਤਾ ਗਾਉਣ ਪਰ ਸ਼ਿਵ ਦੀ ਕਵਿਤਾ ਅੱਗੇ ਉਨ੍ਹਾਂ ਦਾ ਰੰਗ ਫੀਕਾ ਪੈ ਜਾਂਦਾ। ਸ਼ਿਵ ਕੁਮਾਰ ਦੀ ਕਵੀ ਦਰਬਾਰ 'ਚ ਸਰਦਾਰੀ ਹੁੰਦੀ ਸੀ।
ਇਹ ਵੀ ਪੜ੍ਹੋ: ਜਾਣੋ ਕਿਵੇਂ ਬਣੇ 'ਬਿਰਹੁ ਦੇ ਸੁਲਤਾਨ' ਸ਼ਿਵ ਕੁਮਾਰ ਬਟਾਲਵੀ
ਸ਼ਿਵ ਕੁਮਾਰ ਨਿਜੀ ਜ਼ਿੰਦਗੀ ਅਤੇ ਪਿਆਰ ਵੱਲੋਂ ਮਿਲੇ ਦੁੱਖਾਂ ਕਰਕੇ ਸ਼ਰਾਬ, ਸਿਗਰੇਟ ਆਦਿ ਨਸ਼ਿਆਂ 'ਚ ਇਨਾਂ ਡੁੱਬਾ ਕਿ ਉਹੀ ਉਨ੍ਹਾਂ ਦੀ ਮੌਤ ਦਾ ਕਾਰਨ ਬਣੀ। ਆਖ਼ੀਰ ਇਹ 'ਬਿਰਹੋ ਦਾ ਸੁਲਤਾਨ' ਆਪਣੇ ਸਹੁਰੇ ਘਰ ਪਠਾਨਕੋਟ ਵਿਖੇ 6 ਮਈ,1973 ਵਿੱਚ ਜਵਾਨ ਰੁੱਤੇ ਹੀ ਸਭ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ।