ਹੈਦਰਾਬਾਦ: ਕੋਰੋਨਾ ਵਾਇਰਸ ਮਹਾਂਮਾਰੀ ਨੇ ਹੁਣ ਤੱਕ ਸੰਸਾਰ ਭਰ ਵਿੱਚ ਲੱਖਾਂ ਲੋਕਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ ਹੈ ਅਤੇ ਲੱਖਾਂ ਲੋਕ ਇਸ ਕਾਰਨ ਪ੍ਰਭਾਵਿਤ ਹਨ। ਹਰ ਦੇਸ਼ ਨੇ ਆਪੋ-ਆਪਣੇ ਮੁਲਕਾਂ ਵਿੱਚ ਤਾਲਾਬੰਦੀ ਕੀਤੀ ਅਤੇ ਬੰਦਿਸ਼ਾਂ ਲਾਈਆਂ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਧਾਰਮਿਕ ਸਥਾਨ ਵੀ ਇਨ੍ਹਾਂ ਬੰਦਿਸ਼ਾਂ ਕਾਰਨ ਸੁੰਨੇ ਪਏ ਰਹੇ ਅਤੇ ਮਾਹੌਲ ਥੋੜ੍ਹਾ ਜਿਹਾ ਠੀਕ ਹੋਇਆ ਤੇ ਕੇਂਦਰ ਸਰਕਾਰ ਨੇ ਕੁੱਝ ਸ਼ਰਤਾਂ ਦੇ ਨਾਲ 8 ਜੂਨ ਤੋਂ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ।
ਸਰਕਾਰ ਨੇ ਸਾਰੇ ਧਾਰਮਿਕ ਸਥਾਨਾਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਗੁਰੂਦੁਆਰਿਆਂ, ਮੰਦਿਰਾਂ ਤੇ ਮਸੀਤਾਂ 'ਚ ਸਮਾਜਿਕ ਦੂਰੀ ਨੂੰ ਯਕੀਨੀ ਬਣਾਈ ਜਾਵੇ। ਹਰੇਕ ਸ਼ਰਧਾਲੂ ਮਾਸਕ ਲਾਜ਼ਮੀ ਪਹਿਨੇ ਅਤੇ ਸੈਨੇਟਾਇਜ਼ਰ ਦੀ ਵਿਵਸਥਾ ਹਰੇਕ ਥਾਂ ਹੋਵੇ। ਸੰਗਤ ਨੂੰ ਕਿਸੇ ਵੀ ਵਸਤੂ ਨੂੰ ਹੱਥ ਲਗਾਓਣ ਦੀ ਮਨਾਹੀ ਤੋਂ ਇਲਾਵਾ ਗੁਰਦੁਆਰਿਆਂ ਵਿੱਚ ਪ੍ਰਸ਼ਾਦ ਵੰਡਣ ਤੋਂ ਵੀ ਮਨ੍ਹਾ ਕੀਤਾ ਗਿਆ। ਵੱਡੀ ਗਿਣਤੀ ਵਿੱਚ ਇਕੱਠ ਵੀ ਨਾ ਹੋਣ ਇਸ ਲਈ ਅਰਜ਼ੋਈ ਵੀ ਕੀਤੀ ਗਈ ਪਰ ਇਹ ਮਨਾਹੀ ਪਹਿਲੇ ਦਿਨ ਹੀ ਕਿਤੇ ਨਾ ਕਿਤੇ ਨਜ਼ਰਅੰਦਾਜ਼ ਹੁੰਦੀ ਨਜ਼ਰ ਆਈ।
ਲਗਭਗ ਹਰੇਕ ਗੁਰਦੁਆਰੇ ਵਿੱਚ ਸੰਗਤ ਨੂੰ ਪ੍ਰਸ਼ਾਦ ਵੀ ਵੰਡਿਆ ਗਿਆ ਤੇ ਸਰੋਵਰਾਂ ਵਿੱਚ ਸੈਂਕੜੇ ਸ਼ਰਧਾਲੂਆਂ ਨੂੰ ਪੰਜ-ਇਸ਼ਨਾਨਾਂ ਤੇ ਡੁਬਕੀਆਂ ਲਾਉਂਦੇ ਵੀ ਦੇਖਿਆ ਗਿਆ। ਈਟੀਵੀ ਭਾਰਤ ਕਿਸੇ ਧਰਮ ਦੀ ਆਸਥਾ ਨੂੰ ਚੁਣੌਤੀ ਨਹੀਂ ਦਿੰਦਾ ਪਰ ਜਿਸ ਮਹਾਂਮਾਰੀ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੋਵੇ। ਉਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਉਹ ਆਸਥਾ ਨੂੰ ਇੱਕ ਪਾਸੇ ਰੱਖ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਜ਼ਰੂਰ ਕਰੇ।
ਈਟੀਵੀ ਭਾਰਤ ਕਿਸੇ ਵੀ ਧਰਮ ਜਾਂ ਕਿਸੇ ਵੀ ਸ਼ਰਧਾਲੂ ਦੀ ਆਸਥਾ ਨੂੰ ਚੁਣੌਤੀ ਨਹੀਂ ਦਿੰਦਾ ਪਰ ਇਹ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਦਿੱਤੀ ਗਈ ਖੁੱਲ੍ਹ ਸਾਡੀ ਜਾਨ 'ਤੇ ਭਾਰੀ ਨਾ ਪੈ ਜਾਵੇ। ਅਹਿਤਿਆਤ ਸਾਡੇ ਸਾਰਿਆਂ ਲਈ ਹੈ ਇਸ ਲ਼ਈ ਉਮੀਦ ਹੈ ਕਿ ਸਰਕਾਰਾਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਐਸ.ਜੀ.ਪੀ.ਸੀ. ਅਤੇ ਅਕਾਲ ਤਖਤ ਦੇ ਜਥੇਦਾਰ ਸੰਗਤ ਨੂੰ ਅਪੀਲ ਜ਼ਰੂਰ ਕਰਨਗੇ ਕਿ ਉਹ ਕੋਰੋਨਾ ਵਰਗੀ ਮਹਾਂਮਾਰੀ ਦਰਮਿਆਨ ਪਰਹੇਜ਼ ਜ਼ਰੂਰ ਰੱਖਣ।