ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਾਰਾ ਸਿਸਟਮ ਠੱਪ ਹੋਣ ਦਾ ਅਸਰ ਪੰਜਾਬ ਯੂਨਿਵਰਸਿਟੀ ਦੇ ਵਿਦਿਆਰਥੀਆਂ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਨਵੰਬਰ ਅਤੇ ਦਸੰਬਰ ਮਹੀਨੇ ਵਿੱਚ ਪਲੇਸਮੈਂਟ ਸੈੱਲ ਵੱਲੋਂ ਕਈ ਵਿਦੇਸ਼ੀ ਕੰਪਨੀਆਂ ਰਾਹੀਂ ਐਮ.ਕੌਮ ਅਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਈ ਗਈ ਸੀ ਅਤੇ ਮਾਰਚ ਵਿੱਚ ਪ੍ਰੀਖਿਆ ਮਗਰੋਂ ਵਿਦਿਆਰਥੀਆਂ ਨੇ ਨੌਕਰੀ ਜੁਆਇਨ ਕਰਨੀ ਸੀ।
ਯੂ.ਬੀ.ਐਸ. ਵਿਭਾਗ ਦੇ ਵਿਦਿਆਰਥੀ ਕਰਨ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੀ ਗੁਰੂਗ੍ਰਾਮ ਵਿਖੇ ਅਮਰੀਕਨ ਐਕਸਪ੍ਰੈੱਸ 'ਚ ਪਲੇਸਮੈਂਟ ਹੋਈ ਸੀ ਅਤੇ 11 ਮਈ 2020 ਨੂੰ ਨੌਕਰੀ ਦੀ ਜੁਆਇਨਿੰਗ ਸੀ, ਪਰ ਲੌਕਡਾਊਨ ਕਾਰਨ ਉਨ੍ਹਾਂ ਦੀ ਜੁਆਇਨਿੰਗ 25 ਮਈ ਹੋ ਗਈ ਸੀ। ਕਰਨ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਬੱਸ ਲੌਕਡਾਊਨ ਖੁੱਲਣ ਦਾ ਇੰਤਜ਼ਾਰ ਹੈ ਤਾਂ ਜੋ ਉਹ ਆਪਣੀ ਨੌਕਰੀ ਜੁਆਇਨ ਕਰ ਸਕਣ।
ਯੂਨਿਵਰਸਿਟੀ ਬਿਜ਼ਨਸ ਸਕੂਲ ਦੇ ਚੇਅਰਪਰਸਨ ਡਾਕਟਰ ਦੀਪਕ ਕਪੂਰ ਨੇ ਦੱਸਿਆ ਕਿ ਲੌਕਡਾਊਨ ਲੱਗਣ ਤੋਂ ਪਹਿਲਾਂ ਉਨ੍ਹਾਂ ਦੇ ਵਿਭਾਗ ਦੇ ਐਮ.ਬੀ.ਏ. ਦੇ 103 ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਅਮਰੀਕਨ ਐਕਸਪ੍ਰੈਸ, ਐਚ.ਐਸ.ਬੀ.ਸੀ., ਐਚ.ਡੀ.ਐਫ.ਸੀ., ਵਿਪਰੋ, ਅਤੇ ਇਨਫੋਸਿਸ ਕੰਪਨੀਆਂ ਨੇ ਵਿਭਾਗ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਸੀ। ਲੌਕਡਾਊਨ ਦੇ ਵਿੱਚ ਮਹਿਜ਼ ਟਰਾਈਡੈਂਟ ਗਰੁੱਪ ਵੱਲੋਂ ਈ ਕਾਮਰਸ ਦੇ ਵਿਦਿਆਰਥੀਆਂ ਨੂੰ ਐਪਲੀਕੇਸ਼ਨ ਭੇਜਣ ਬਾਰੇ ਕਿਹਾ ਗਿਆ ਅਤੇ ਇਨ੍ਹਾਂ ਵਿੱਚ ਜੋ ਵਿਦਿਆਰਥੀ ਰਹਿ ਗਏ ਸਨ, ਉਨ੍ਹਾਂ ਦੀਆਂ ਐਪਲੀਕੇਸ਼ਨਾਂ ਭੇਜੀਆਂ ਜਾ ਰਹੀਆਂ ਹਨ।
ਪੰਜਾਬ ਯੂਨੀਵਰਸਿਟੀ ਪਲੇਸਮੈਂਟ ਸੈਲ ਦੀ ਇੰਚਾਰਜ ਪ੍ਰੋਫੈਸਰ ਮੀਨਾ ਦੇ ਮੁਤਾਬਕ 85 ਤੋਂ 90 ਫ਼ੀਸਦੀ ਵਿਦਿਆਰਥੀਆਂ ਦੀ ਪਲੇਸਮੈਂਟ ਕੈਂਪਸ ਵੱਲੋਂ ਕਰਵਾ ਦਿੱਤੀ ਗਈ ਹੈ ਪਰ ਲੌਕਡਾਊਨ ਕਾਰਨ ਪਲੇਸਮੈਂਟ ਸੈੱਲ ਨੂੰ ਬਾਕੀ ਦੇ ਵਿਦਿਆਰਥੀਆਂ ਨੂੰ ਨੌਕਰੀ ਦਵਾਉਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।