ਚੰਡੀਗੜ੍ਹ : ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਨੂਹ ਹਿੰਸਾ ਦੇ ਮੁਲਜ਼ਮ ਮੋਨੂੰ ਮਾਨੇਸਰ ਦੀ ਇਕ ਵੀਡੀਓ ਕਾਲ ਕਲਿੱਪ ਨੇ ਜੇਲ੍ਹਾਂ ਵਿਚ ਅਮਨ ਕਾਨੂੰਨ ਦੇ ਪ੍ਰਬੰਧਾਂ ਨੂੰ ਇਕ ਵਾਰ ਮੁੜ ਤੋਂ ਸਵਾਲਾਂ ਦੇ ਕਟਿਹਰੇ ਵਿਚ ਖੜ੍ਹਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿਚੋਂ ਹੋਈ ਇੰਟਰਵਿਊ 'ਤੇ ਘਮਸਾਣ ਵੇਖਣ ਨੂੰ ਮਿਲਿਆ ਸੀ। ਜੇਲ੍ਹਾਂ ਵਿਚੋਂ ਫੋਨ ਅਤੇ ਨਸ਼ਿਆਂ ਦਾ ਮਿਲਣਾ ਆਮ ਵਰਤਾਰਾ ਹੈ ਪਰ ਗੈਂਗਸਟਰਾਂ ਨੂੰ ਮਿਲਦੀਆਂ ਸਹੂਲਤਾਂ ਜੇਲ੍ਹਾਂ ਦੇ ਪ੍ਰਬੰਧਾਂ ਦੀਆਂ ਧੱਜੀਆਂ ਉਡਾ ਰਹੀਆਂ ਹਨ। ਪੰਜਾਬ ਦੀਆਂ ਜੇਲ੍ਹਾਂ ਵਿਚੋਂ ਵੀ ਗੈਂਗਸਟਰਾਂ ਦੀ ਮੌਜ ਮਸਤੀ ਦੀਆਂ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ। ਸ਼ਰੇਆਮ ਜੇਲ੍ਹਾਂ ਦੇ ਗਲਿਆਰਿਆਂ ਵਿਚ ਮੌਜ ਮਸਤੀ ਕਰਦੇ ਗੈਂਗਸਟਰਾਂ ਨੂੰ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ। ਇਸ ਵੀਡੀਓ ਕਾਲ ਤੋਂ ਬਾਅਦ ਵੀ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਨੂੰ ਸ਼ੱਕੀ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ।
ਪੰਜਾਬ ਦੀ ਕਿਸੇ ਜੇਲ੍ਹ ਦੀ ਹੈ ਵੀਡੀਓ ?: ਇਸ ਵੀਡੀਓ ਕਾਲ ਨੂੰ ਲੈ ਕੇ ਪੰਜਾਬ ਵਿਚ ਸਿਆਸੀ ਪਾਰਾ ਵੀ ਸਿਖਰਾਂ 'ਤੇ ਹੈ ਅਤੇ ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ਵੀ ਪੰਜਾਬ ਦੀ ਕਿਸੇ ਜੇਲ੍ਹ ਵਿਚ ਹੋਣ ਦੀ ਚਰਚਾ ਚੱਲ ਰਹੀ ਹੈ। ਹਾਲਾਂਕਿ ਆਈਜੀ ਜੇਲ੍ਹਾਂ ਵੱਲੋਂ ਸਥਿਤੀ ਸਪੱਸ਼ਟ ਕੀਤੀ ਅਤੇ ਲਾਰੈਂਸ ਬਿਸ਼ਨੋਈ ਦੇ ਪੰਜਾਬ ਵਿਚ ਹੋਣ ਤੋਂ ਇਨਕਾਰ ਕੀਤਾ। ਆਈਜੀ ਜੇਲ੍ਹ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਲਾਰੈਂਸ ਬਿਸ਼ਨੋਈ ਦੇ ਨਾਲ ਨਜ਼ਰ ਆ ਰਿਹਾ ਰਾਜੂ ਬਿਸੌਦੀ 25 ਜਨਵਰੀ 2021 ਤੋਂ 22 ਫਰਵਰੀ 2021 ਤੱਕ 28 ਦਿਨ ਮੁਕਤਸਰ ਸਾਹਿਬ ਜੇਲ੍ਹ ਵਿੱਚ ਬੰਦ ਸੀ। ਲਾਰੈਂਸ ਬਿਸ਼ਨੋਈ 2018 ਤੱਕ ਕੇਂਦਰੀ ਜੇਲ੍ਹ ਫਰੀਦਕੋਟ ਵਿੱਚ ਰਿਹਾ। ਇਸ ਤੋਂ ਬਾਅਦ ਉਹ ਦੂਜੇ ਰਾਜਾਂ ਦੀਆਂ ਜੇਲ੍ਹਾਂ ਵਿੱਚ ਰਿਹਾ ਅਤੇ 24 ਸਤੰਬਰ 2022 ਨੂੰ ਕੇਂਦਰੀ ਜੇਲ੍ਹ ਬਠਿੰਡਾ ਲਿਆਂਦਾ ਗਿਆ। ਉਸ ਨੂੰ 24 ਅਗਸਤ 2023 ਨੂੰ ਮੁੜ ਗੁਜਰਾਤ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਹ ਦੋਵੇਂ ਅਪਰਾਧੀ ਪੰਜਾਬ ਦੀ ਜੇਲ੍ਹ ਵਿੱਚ ਇਕੱਠੇ ਨਹੀਂ ਸਨ ਇਸ ਲਈ ਇਨ੍ਹਾਂ ਦੇ ਇਕੱਠੇ ਬੈਠ ਕੇ ਫੋਨ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਿਸ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ ਜਾ ਰਹੀ ਹੈ ਉਹ ਮੋਨੂੰ ਮਾਨੇਸਰ ਹਰਿਆਣਾ ਪੁਲਿਸ ਦੀ ਗ੍ਰਿਫ਼ਤ ਵਿਚ ਹੈ।
ਲਾਰੈਂਸ ਬਿਸ਼ਨੋਈ ਉੱਤੇ ਮਿਹਰਬਾਨ ਸਰਕਾਰ ?: ਲਾਰੈਂਸ ਬਿਸ਼ਨੋਈ ਜਾਂ ਕਿਸੇ ਹੋਰ ਖ਼ਤਰਨਾਕ ਅਪਰਾਧੀ ਦੀ ਸਾਹਮਣੇ ਆਈ ਇਹ ਕੋਈ ਪਹਿਲੀ ਵੀਡੀਓ ਨਹੀਂ ਹੈ। ਪਹਿਲਾਂ ਜੇਲ੍ਹਾਂ ਵਿਚ ਰਹੇ ਗੈਂਗਸਟਰਾਂ ਦੀਆਂ ਆਡੀਓ, ਵੀਡੀਓਜ਼ ਅਤੇ ਫੋਟੋਆਂ ਕਈ ਵਾਰ ਨਸ਼ਰ ਹੋ ਚੁੱਕੀਆਂ ਹਨ। ਸਵਾਲ ਇਹ ਹੈ ਕਿ ਅਜਿਹਾ ਹੋ ਕਿਉਂ ਰਿਹਾ ? ਕਿਉਂ ਕਾਨੂੰਨ ਅਤੇ ਜੇਲ੍ਹ ਦੇ ਪ੍ਰਬੰਧਾਂ ਤੋਂ ਗੈਂਗਸਟਰਾਂ ਨੂੰ ਡਰ ਨਹੀਂ ਲੱਗਦਾ ? ਜੇਕਰ ਇਸਦੀ ਘੋਖ ਕਰੀਏ ਤਾਂ ਦੋ ਤਿੰਨ ਪੱਖ ਸਾਹਮਣੇ ਆਉਂਦੇ ਹਨ ਜਿਹਨਾਂ ਵਿਚੋਂ ਸਭ ਤੋਂ ਪਹਿਲਾ ਜੇਲ੍ਹ ਤੰਤਰ ਦੀ ਕਮਜ਼ੋਰ ਕੜ੍ਹੀ ਹੋਣਾ ਸਾਹਮਣੇ ਆਉਂਦਾ ਹੈ। ਜਿੰਨੇ ਵੀ ਗੈਂਗਸਟਰ ਜਾਂ ਖ਼ਤਰਨਾਕ ਅਪਰਾਧੀ ਹਨ ਉਹ ਜੇਲ੍ਹਾਂ ਵਿਚ ਟੂਰਿਸਟਾਂ ਵਾਂਗੂ ਜਾਂਦੇ ਹਨ ਅਤੇ ਜੇਲ੍ਹਾਂ ਵਿਚ ਆਪਣੇ ਆਪ ਨੂੰ ਸੁਰੱਖਿਅਤ ਮੰਨਦੇ ਹਨ। ਜੇਲ੍ਹਾਂ ਵਿਚ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਜੈਮਰ ਲਗਾਏ ਗਏ ਤਾਂ ਇਹ ਤਕਨੀਕ ਭ੍ਰਿਸ਼ਟਾਚਾਰ ਦੇ ਹੱਥੇ ਚੜ੍ਹ ਗਈ।
ਜੇਲ੍ਹਾਂ ਵਿਚੋਂ ਕਿਉਂ ਆਉਂਦੇ ਫੋਨ ?: ਪੰਜਾਬੀ ਗੀਤਾਂ ਵਿਚ ਵੀ ਜੇਲ੍ਹਾਂ ਵਿਚੋਂ ਫੋਨ ਆਉਣ ਦੀਆਂ ਚਰਚਾਵਾਂ ਹੁੰਦੀਆਂ ਰਹੀਆਂ। ਜੇਲ੍ਹਾਂ ਨੂੰ ਸੁਧਾਰ ਘਰ ਕਿਹਾ ਜਾਂਦਾ ਹੈ, ਜਦਕਿ ਮਿਲੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਜੇਲ੍ਹਾਂ ਵਿਚ 50,000 ਤੋਂ ਲੈ ਕੇ 1 ਲੱਖ ਰੁਪਏ ਤੱਕ ਮੋਬਾਈਲ ਫੋਨ ਮਿਲ ਜਾਣ ਦੀ ਸਹੂਲਤ ਹੈ। ਬਜ਼ਾਰਾਂ ਵਾਂਗ ਇਥੇ ਵੀ ਐਂਡਰਾਇਡ ਫੋਨ ਦਾ ਰੇਟ ਅਲੱਗ ਹੈ, ਸਮਾਰਟ ਫੋਨ ਦਾ ਰੇਟ ਅਲੱਗ ਹੈ ਅਤੇ ਬਾਕੀ ਫੋਨਾਂ ਦੇ ਰੇਟ ਅਲੱਗ ਅਲੱਗ ਹਨ। ਅਜਿਹਾ ਕੁਝ ਜੇਲ੍ਹ ਪ੍ਰਸ਼ਾਸਨ ਦੀ ਮਿਲੀਭੁਗਤ ਤੋਂ ਬਿਨ੍ਹਾਂ ਨਹੀਂ ਹੋ ਸਕਦਾ। ਜੇਲ੍ਹਾਂ ਦੀ ਚਾਰਦੀਵਾਰੀ ਅੰਦਰ ਵੀ ਜਿੰਨੀ ਦੇਰ ਭ੍ਰਿਸ਼ਟਾਚਾਰ ਖ਼ਤਮ ਨਹੀਂ ਹੁੰਦਾ, ਉਦੋਂ ਤੱਕ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿਣਗੀਆਂ। ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਹੈ ਕਿ ਲਾਰੈਂਸ ਬਿਸ਼ਨੋਈ ਜੇਲ੍ਹ ਵਿਚ ਬੈਠਾ ਇਕ ਟੀਵੀ ਚੈਨਲ ਨੂੰ ਇੰਟਰਵਿਊ ਦੇ ਰਿਹਾ ਹੈ ਅਤੇ ਕਈ ਮਹੀਨੇ ਬੀਤਣ ਤੋਂ ਬਾਅਦ ਵੀ ਉਸ 'ਤੇ ਕੋਈ ਕਾਰਵਾਈ ਨਹੀਂ ਹੋ ਸਕੀ। ਜਦਕਿ ਉਸ ਇੰਟਰਵਿਊ ਦੌਰਾਨ ਸ਼ਰੇਆਮ ਜੇਲ੍ਹ ਮੈਨੂਅਲ ਦੀਆਂ ਧੱਜੀਆਂ ਉਡਾਈਆਂ ਗਈਆਂ।
ਅਪਰਾਧੀਆਂ ਨੂੰ ਕਾਨੂੰਨ ਦਾ ਖ਼ੌਫ ਨਹੀਂ !: ਜੇਲ੍ਹਾਂ ਵਿਚ ਫੋਨ ਅਸਾਨੀ ਨਾਲ ਮਿਲਦਾ ਹੈ ਅਤੇ ਫੋਨਾਂ ਰਾਹੀਂ ਗੈਂਗਸਟਰ ਜਾਂ ਅਪਰਾਧੀ ਬਾਹਰ ਦੀਆਂ ਦੁਨੀਆਂ ਨਾਲ ਆਪਣਾ ਨੈਟਵਰਕ ਕਾਇਮ ਰੱਖਦੇ ਹਨ। ਅਜਿਹੇ ਹਲਾਤਾਂ ਵਿਚ ਕਾਨੂੰਨ ਦਾ ਕੀ ਖ਼ੌਫ ਹੋਵੇਗਾ ? ਅਜੇ ਦੇਵਗਨ ਦੀ ਫ਼ਿਲਮ ਅਪਹਰਣ ਵਿਚ ਵੀ ਰਾਜਨੀਤੀ ਅਤੇ ਜੇਲ੍ਹ ਪ੍ਰਸ਼ਾਸਨ ਦੀ ਮਿਲੀਭੁਗਤ ਦੀ ਇਕ ਬਹੁਤ ਵੱਡੀ ਉਦਾਹਰਣ ਪੇਸ਼ ਕੀਤੀ ਗਈ ਸੀ। ਪੰਜਾਬ ਦੀਆਂ ਜੇਲ੍ਹਾਂ ਵਿਚ ਉਸ ਤਰ੍ਹਾਂ ਦੀਆਂ ਹਜ਼ਾਰਾਂ ਫ਼ਿਲਮਾਂ ਬਣ ਸਕਦੀਆਂ ਹਨ, ਜਿੰਨੇ ਕਿੱਸੇ ਅਤੇ ਕਹਾਣੀਆਂ ਪੰਜਾਬ ਦੀਆਂ ਜੇਲ੍ਹਾਂ ਅਤੇ ਗੈਂਗਸਟਰਾਂ ਦੀਆਂ ਜੁੜੀਆਂ ਹੋਈਆਂ ਹਨ।
- Conspiracies to defame the Sikhs: ਸਿੱਖਾਂ ਨੂੰ ਬਦਨਾਮ ਕਰਨ ਲਈ ਏਜੰਸੀਆਂ ਕਰ ਰਹੀਆਂ ਨੇ ਸਾਜਿਸ਼ਾਂ, ਟਰੂਡੋ ਤੋਂ ਬਾਅਦ ਹੁਣ SGPC ਦਾ ਆਇਆ ਵੱਡਾ ਬਿਆਨ
- Canada Travel Advisory: ਕੈਨੇਡਾ ਨੇ ਭਾਰਤ ਲਈ ਜਾਰੀ ਕੀਤੀ ਐਡਵਾਈਜ਼ਰੀ, ਨਾਗਰਿਕਾਂ ਨੂੰ ਕਿਹਾ ਨਾ ਜਾਣ ਜੰਮੂ-ਕਸ਼ਮੀਰ
- Parliament Session Live Updates: ਲੋਕ ਸਭਾ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਉੱਤੇ ਬਹਿਸ ਅੱਜ, ਕਾਂਗਰਸ ਵਲੋਂ ਬੋਲਣਗੇ ਸੋਨੀਆ ਗਾਂਧੀ
ਪੁਲਿਸ ਅਤੇ ਅਮਨ ਕਾਨੂੰਨ ਦਾ ਮਜ਼ਬੂਤ ਹੋਣਾ ਜ਼ਰੂਰੀ: ਸੀਨੀਅਰ ਪੱਤਰਕਾਰ ਅਤੇ ਰੱਖਿਆ ਮਾਮਲਿਆਂ ਦੇ ਮਾਹਿਰ ਪਰਮਿੰਦਰ ਸਿੰਘ ਬਰਿਆਣਾ ਕਹਿੰਦੇ ਹਨ ਕਿ "ਪੁਲਿਸ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਪੁਲਿਸ ਸੁਰੱਖਿਆ ਅਤੇ ਨਿਯਮ ਕਾਨੂੰਨ ਲਾਗੂ ਕਰਵਾਉਣ ਦੀ ਕੜੀ ਹੈ ਜੋ ਕਿ ਹੁਣ ਖੁਦ ਭ੍ਰਿਸ਼ਟਾਚਾਰ ਨਾਲ ਭਰੀ ਹੋਈ ਹੈ। ਜੇਕਰ ਪੁਲਿਸ ਪ੍ਰਸ਼ਾਸਨ ਚਾਹੇ ਤਾਂ ਮੰਦਿਰ ਦੇ ਬਾਹਰ ਤੋਂ ਇਕ ਚੱਪਲ ਤੱਕ ਚੋਰੀ ਨਹੀਂ ਹੋ ਸਕਦੀ। ਪੁਲਿਸ ਦਾ ਭ੍ਰਿਸ਼ਟ ਤੰਤਰ ਪੰਜਾਬ ਵਿਚ ਵੀ ਬਹੁਤ ਵੱਡੀ ਉਦਾਹਰਣ ਹੈ। ਬਹੁਤ ਘੱਟ ਮੁਲਾਜ਼ਮ ਜਾਂ ਅਫ਼ਸਰ ਅਜਿਹੇ ਹਨ ਜਿਹਨਾਂ ਦੀ ਭ੍ਰਿਸ਼ਟਾਚਾਰ ਵਿਚ ਸ਼ਮੂਲੀਅਤ ਨਾ ਹੋਵੇ, ਅਜਿਹੇ ਹਲਾਤਾਂ ਵਿੱਚ ਜੇਲ੍ਹ ਤੰਤਰ ਵਿੱਚ ਕਿਵੇਂ ਸੁਧਾਰ ਹੋ ਸਕਦਾ ਹੈ ? ਜਿੰਨਾ ਚਿਰ ਪੁਲਿਸ ਰਾਜਨੀਤਿਕ ਤੰਤਰ ਹੇਠੋਂ ਨਹੀਂ ਨਿਕਲਦੀ, ਉਨਾਂ ਚਿਰ ਹਲਾਤ ਅਜਿਹੇ ਹੀ ਰਹਿਣਗੇ।
ਬਹੁਤ ਘੱਟ ਮੁਲਾਜ਼ਮ ਜਾਂ ਅਫ਼ਸਰ ਅਜਿਹੇ ਹਨ ਜਿਹਨਾਂ ਦੀ ਭ੍ਰਿਸ਼ਟਾਚਾਰ ਵਿੱਚ ਸ਼ਮੂਲੀਅਤ ਨਾ ਹੋਵੇ, ਅਜਿਹੇ ਹਲਾਤਾਂ ਵਿੱਚ ਜੇਲ੍ਹ ਤੰਤਰ ਵਿੱਚ ਕਿਵੇਂ ਸੁਧਾਰ ਹੋ ਸਕਦਾ ਹੈ ? ਜਿੰਨਾ ਚਿਰ ਪੁਲਿਸ ਰਾਜਨੀਤਿਕ ਤੰਤਰ ਹੇਠੋਂ ਨਹੀਂ ਨਿਕਲਦੀ, ਉਨਾਂ ਚਿਰ ਹਲਾਤ ਅਜਿਹੇ ਹੀ ਰਹਿਣਗੇ।-ਪਰਮਿੰਦਰ ਸਿੰਘ ਬਰਿਆਣਾ,ਸੀਨੀਅਰ ਪੱਤਰਕਾਰ ਅਤੇ ਰੱਖਿਆ ਮਾਮਲਿਆਂ ਦੇ ਮਾਹਿਰ